ਜਲੰਧਰ, ਅੰਮ੍ਰਿਤਸਰ (ਚਾਵਲਾ) — ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਆਰ. ਐੱਸ. ਐੱਸ. ਖਿਲਾਫ ਪੂਰੇ ਭਾਰਤ 'ਚ ਅੰਦੋਲਨ ਦਾ ਐਲਾਨ ਕਰਦਿਆਂ ਕਿਹਾ ਕਿ ਆਰ. ਐੱਸ. ਐੱਸ. ਖਿਲਾਫ ਸਾਡੀ ਲੜਾਈ ਸੰਵਿਧਾਨਕ ਆਜ਼ਾਦੀ ਦੀ ਹੈ ਜੋ ਇਨ੍ਹਾਂ ਦੇ ਡੰਡੇ ਅਧੀਨ ਕੁਚਲੀ ਜਾ ਰਹੀ ਹੈ। ਇਸ ਲਈ ਮਨੂਵਾਦੀ ਸਿਸਟਮ ਨੂੰ ਰੱਦ ਕਰੀਏ ਜੋ ਇਹ ਜਮਾਤ ਸਾਡੇ 'ਤੇ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ।
ਅੱਜ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਰਾਸ਼ਟਰੀ ਸਿੱਖ ਸੰਗਤ ਵਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 25 ਅਕਤੂਬਰ ਨੂੰ ਤਾਲਕੋਟਰਾ ਸਟੇਡੀਅਮ ਦਿੱਲੀ ਵਿਖੇ ਕਰਵਾਏ ਜਾ ਰਹੇ ਸਮਾਗਮ ਦਾ ਬਾਈਕਾਟ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਸਮਾਗਮ ਵਿਚ ਜਿਹੜਾ ਸਿੱਖ ਅਤੇ ਵਿਸ਼ੇਸ਼ ਸਿੱਖ ਸ਼ਖਸੀਅਤ ਇਸ ਵਿਚ ਸ਼ਮੂਲੀਅਤ ਕਰੇਗੀ, ਉਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ, ਭਾਵੇਂ ਉਹ ਕਿਸੇ ਵੀ ਵੱਡੇ ਅਹੁਦੇ 'ਤੇ ਹੋਵੇ।
ਉਨ੍ਹਾਂ ਕਿਹਾ ਕਿ 2004 ਵਿਚ ਉਸ ਵੇਲੇ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਆਰ. ਐੱਸ. ਐੱਸ. ਦੇ ਬਾਈਕਾਟ ਲਈ ਹੁਕਮਨਾਮਾ ਜਾਰੀ ਕੀਤਾ ਸੀ, ਪਰ ਬਾਦਲ ਆਰ. ਐੱਸ. ਐੱਸ. ਤੇ ਭਾਜਪਾ ਨਾਲ ਸਾਂਝ ਰੱਖ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰੂ ਪੰਥ ਨੂੰ ਚੁਣੌਤੀ ਦੇ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਖੌਤੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਹੁਕਮਨਾਮੇ ਨੂੰ ਲੈ ਕੇ ਵਾਰ-ਵਾਰ ਝੂਠ ਬੋਲਣਾ ਇਸ ਗੱਲ ਦਾ ਪ੍ਰਗਟਾਵਾ ਹੈ ਕਿ ਉਸ ਨੇ ਖਾਲਸਾ ਪੰਥ ਦੀ ਪਹਿਰੇਦਾਰੀ ਕਰਨ ਦੀ ਬਜਾਏ ਬਾਦਲ ਪਰਿਵਾਰ ਨੇ ਨਾਗਪੁਰ ਦੇ ਤਿਲਕਧਾਰੀਆਂ ਨੂੰ ਆਪਣੀ ਜ਼ਮੀਰ ਵੇਚੀ ਹੈ।
ਇਸ ਮੌਕੇ ਸੁਰਿੰਦਰਪਾਲ ਸਿੰਘ ਗੋਲਡੀ, ਪ੍ਰੋਫੈਸਰ ਬਲਵਿੰਦਰਪਾਲ ਸਿੰਘ, ਦਵਿੰਦਰ ਸਿੰਘ ਆਨੰਦ, ਜਥੇਦਾਰ ਜਗਜੀਤ ਸਿੰਘ ਗਾਬਾ, ਬੇਅੰਤ ਸਿੰਘ ਸਰਹੱਦੀ, ਸੰਤੋਖ ਸਿੰਘ ਦਿੱਲੀ ਪੇਂਟਸ, ਮੋਹਨ ਸਿੰਘ ਸਹਿਗਲ, ਰਸ਼ਪਾਲ ਸਿੰਘ, ਮਹਿੰਦਰ ਸਿੰਘ ਚਮਕ, ਬਲਦੇਵ ਸਿੰਘ ਬੱਲ, ਹਰਦੇਵ ਸਿੰਘ ਗਰਚਾ, ਹਰਭਜਨ ਸਿੰਘ ਬੱਲ, ਸੰਦੀਪ ਸਿੰਘ ਚਾਵਲਾ, ਤਰਨਕੰਵਲ ਸਿੰਘ ਹੈੱਪੀ, ਪ੍ਰੋਫੈਸਰ ਸ਼ਾਮ ਸਿੰਘ, ਪ੍ਰਭਸ਼ਰਨ ਸਿੰਘ ਆਦਿ ਹਾਜ਼ਰ ਸਨ।
ਸਰਬ ਪ੍ਰਵਾਨਿਤ ਜਾਰੀ ਹੋਏ ਹੁਕਮਨਾਮੇ 'ਤੇ ਪਹਿਰਾ ਦੇਣਾ ਸਮੁੱਚੀ ਕੌਮ ਦੀ ਜ਼ਿੰਮੇਵਾਰੀ : ਭੌਰ
ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਅਸੀਂ ਕਿਸੇ ਵਿਸ਼ੇਸ਼ ਧਿਰ ਦਾ ਵਿਰੋਧ ਨਹੀਂ ਕਰ ਰਹੇ, ਜਦਕਿ 2004 ਵਿਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਾਰੀ ਹੋਇਆ ਸੀ ਕਿ ਖਾਲਸਾ ਪੰਥ ਵਿਚ ਰਾਸ਼ਟਰੀ ਸਿੱਖ ਸੰਗਤ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਸਿੱਖ ਵਿਰੋਧੀ ਜਮਾਤ ਹੈ, ਉਸ ਤੋਂ ਸੁਚੇਤ ਰਿਹਾ ਜਾਵੇ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਰਾਹੀਂ ਆਰ. ਐੱਸ. ਐੱਸ. ਇਸ ਵਿਚ ਘੁਸਪੈਠ ਕਰ ਰਹੀ ਹੈ। ਜੇਕਰ ਤਖਤ ਸ੍ਰੀ ਪਟਨਾ ਸਾਹਿਬ ਦਾ ਜਥੇਦਾਰ ਗਿਆਨੀ ਇਕਬਾਲ ਸਿੰਘ ਇਸ ਵਿਚ ਸ਼ਾਮਲ ਹੁੰਦਾ ਹੈ ਤਾਂ ਸਿੱਖ ਪੰਥ ਹਰਗਿਜ਼ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਸਰਬ ਪ੍ਰਵਾਨਿਤ ਆਦੇਸ਼ 'ਤੇ ਪਹਿਰਾ ਦੇਣਾ ਸਮੁੱਚੀ ਸਿੱਖ ਕੌਮ ਦੀ ਜ਼ਿੰਮੇਵਾਰੀ ਹੈ।
ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਤਖਤ ਪਟਨਾ ਸਾਹਿਬ ਕਮੇਟੀ ਨੂੰ ਕੀਤੀ ਅਪੀਲ
ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ, ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਆਰ. ਐੱਸ. ਐੱਸ. ਵਲੋਂ 25 ਅਕਤੂਬਰ ਨੂੰ ਤਾਲਕੋਟਰਾ ਸਟੇਡੀਅਮ ਦਿੱਲੀ ਵਿਖੇ ਕਰਵਾਏ ਜਾ ਰਹੇ ਸਮਾਗਮ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਉਕਤ ਆਗੂਆਂ ਨੇ ਤਖਤ ਸ੍ਰੀ ਪਟਨਾ ਸਾਹਿਬ ਕਮੇਟੀ ਨੂੰ ਅਪੀਲ ਕੀਤੀ ਕਿ ਜੇਕਰ ਇਸ ਸਮਾਗਮ ਵਿਚ ਗਿਆਨੀ ਇਕਬਾਲ ਸਿੰਘ ਸ਼ਮੂਲੀਅਤ ਕਰਦੇ ਹਨ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਇਸ ਸਮਾਗਮ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੀ ਨਜ਼ਰ ਇਸ ਗੱਲ ਵੱਲ ਹੈ ਕਿ ਕਿਹੜਾ-ਕਿਹੜਾ ਸਿੱਖ ਆਗੂ ਇਸ ਸਮਾਗਮ ਦਾ ਹਿੱਸਾ ਬਣਦਾ ਹੈ। ਉਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਲਈ ਇਹ ਸਮਾਗਮ ਗਲੇ ਦੀ ਹੱਡੀ ਬਣਿਆ ਹੋਇਆ ਹੈ। ਹੁਣ ਦੇਖਣਾ ਇਹ ਵੀ ਹੈ ਕਿ 2004 ਵਿਚ ਜਾਰੀ ਹੋਏ ਹੁਕਮਨਾਮੇ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਉਹ ਕੀ ਰੁਖ਼ ਅਖਤਿਆਰ ਕਰਨਗੇ।
ਦਿੱਲੀ ਕਮੇਟੀ 'ਚ ਆਰ. ਐੱਸ. ਐੱਸ. ਘੁਸਪੈਠ ਕਰ ਚੁੱਕੀ, ਅਗਲਾ ਨਿਸ਼ਾਨਾ ਸ਼੍ਰੋਮਣੀ ਕਮੇਟੀ : ਖਾਲਸਾ
ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਪਰਮਿੰਦਰਪਾਲ ਸਿੰਘ ਨੇ ਕਿਹਾ ਕਿ ਆਰ. ਐੱਸ. ਐੱਸ. ਇਸ ਸਮਾਗਮ ਰਾਹੀਂ ਸਿੱਖ ਪੰਥ ਨੂੰ ਦਲਿਤਾਂ ਤੇ ਮੁਸਲਮਾਨਾਂ ਖਿਲਾਫ ਵਰਤਣਾ ਚਾਹੁੰਦੀ ਹੈ ਅਤੇ ਸਿੱਖ ਕੌਮ ਦੇ ਵੱਖਰੇ ਵਜੂਦ ਨੂੰ ਖਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਆਰ. ਐੱਸ. ਐੱਸ. ਦਾ ਕਬਜ਼ਾ ਹੋ ਚੁੱਕਾ ਹੈ ਤੇ ਹੁਣ ਆਰ. ਐੱਸ. ਐੱਸ. ਦਾ ਅਗਲਾ ਨਿਸ਼ਾਨਾ ਸ਼੍ਰੋਮਣੀ ਕਮੇਟੀ ਨੂੰ ਆਪਣੇ ਅਧੀਨ ਕਰਨ ਦੇ ਨਾਲ-ਨਾਲ ਸਾਡੇ ਗੁਰਧਾਮ, ਸਾਡਾ ਸੱਭਿਆਚਾਰ, ਸਾਡੀ ਬੋਲੀ ਇਨ੍ਹਾਂ ਦੇ ਨਿਸ਼ਾਨੇ 'ਤੇ ਹੈ ਕਿਉਂਕਿ ਪੰਜਾਬ ਭਰ ਵਿਚ ਆਰ. ਐੱਸ. ਐੱਸ. ਦੀ ਸਾਜ਼ਿਸ਼ ਅਧੀਨ ਮੋਦੀ ਸਰਕਾਰ ਵਲੋਂ ਹਿੰਦੀ ਬੋਲੀ ਥੋਪੀ ਜਾ ਰਹੀ ਹੈ।
'ਬੇਟੀ ਬਚਾਓ, ਬੇਟੀ ਪੜ੍ਹਾਓ' ਤਹਿਤ ਮਾਲੀ ਸਹਾਇਤਾ ਦੇਣ ਦਾ ਕੋਈ ਪ੍ਰਬੰਧ ਨਹੀਂ ਹੈ : ਡੀ. ਸੀ.
NEXT STORY