ਜਲੰਧਰ (ਸ਼ੈਲੀ)– ਨਵੀਂ ਸਬਜ਼ੀ ਮੰਡੀ ਮਕਸੂਦਾਂ ਵਿਚ ਮਾਹੌਲ ਉਸ ਸਮੇਂ ਗਰਮਾ ਗਿਆ, ਜਦੋਂ ਮਾਰਕੀਟ ਕਮੇਟੀ ਵੱਲੋਂ ਆਕਸ਼ਨ ਫੜ੍ਹਾਂ ’ਤੇ ਆੜ੍ਹਤੀਆਂ ਵੱਲੋਂ ਸਬਜ਼ੀਆਂ ਨੂੰ ਬਚਾਉਣ ਲਈ ਬਣਾਏ ਅਸਥਾਈ ਕਵਰ ਸ਼ੈੱਡਾਂ ’ਤੇ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਡੇਗਣਾ ਸ਼ੁਰੂ ਕੀਤਾ ਗਿਆ। ਸ਼ੈੱਡਾਂ ’ਤੇ ਕਾਰਵਾਈ ਦੌਰਾਨ ਡਿਊਟੀ ਮੈਜਿਸਟਰੇਟ ਮਨਦੀਪ ਸਿੰਘ, ਡੀ. ਐੱਮ. ਓ. ਮੁਕੇਸ਼ ਕੈਲੇ, ਮਾਰਕੀਟ ਕਮੇਟੀ ਦੇ ਸਕੱਤਰ ਸੁਖਦੀਪ ਸਿੰਘ ਦੇ ਨਾਲ ਚੇਅਰਮੈਨ ਰਾਜ ਕੁਮਾਰ ਅਰੋੜਾ ਪੁਲਸ ਪ੍ਰਸ਼ਾਸਨ ਨਾਲ ਮੌਕੇ ’ਤੇ ਮੌਜੂਦ ਸਨ। ਕਾਰਵਾਈ ਸ਼ੁਰੂ ਕਰਦਿਆਂ ਜਿਉਂ ਹੀ ਪਹਿਲੀ ਸ਼ੈੱਡ ’ਤੇ ਡਿੱਚ ਚਲਾਈ ਗਈ ਤਿਉਂ ਹੀ ਮੰਡੀ ਦੇ ਸੀਨੀਅਰ ਆੜ੍ਹਤੀ ਡਿੰਪੀ ਸਚਦੇਵਾ, ਮੋਨੂੰ ਪੁਰੀ, ਸੋਨੂੰ ਪੁਰੀ, ਨੰਨ੍ਹਾ ਬੱਤਰਾ, ਸੰਨੀ ਬੱਤਰਾ, ਜੌਨੀ ਬੱਤਰਾ, ਕਿਸ਼ਨ ਲਾਲ, ਸਰਜੂ, ਬੀਰੂ, ਓਮ ਪ੍ਰਕਾਸ਼ ਸਮੇਤ ਸਾਰੇ ਆੜ੍ਹਤੀ ਇਕਜੁੱਟ ਹੋ ਗਏ ਅਤੇ ਡਿੱਚ ਨੂੰ ਰੋਕਦਿਆਂ ਕਾਂਗਰਸੀ ਚੇਅਰਮੈਨ ਰਾਜ ਕੁਮਾਰ ਅਰੋੜਾ ’ਤੇ ਰਿਸ਼ਵਤਖੋਰੀ ਦੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਚੇਅਰਮੈਨ ਨਾਲ ਝੜਪ ਹੁੰਦੇ ਹੀ ਉਨ੍ਹਾਂ ਨੂੰ ਪੁਲਸ ਪ੍ਰਸ਼ਾਸਨ ਨੇ ਆੜ੍ਹਤੀਆਂ ਦੇ ਰੋਹ ਤੋਂ ਬਚਾਅ ਲਿਆ। ਇਸ ਦੌਰਾਨ ਆੜ੍ਹਤੀਆਂ ਦੇ ਹੱਕ ਵਿਚ ਉਤਰੇ ਭਾਜਪਾ ਆਗੂ ਅਮਿਤ ਤਨੇਜਾ ਨੂੰ ਡਿੱਚ ਰੋਕਣ ਦੌਰਾਨ ਸੱਟ ਵੀ ਲੱਗੀ। ਮਾਮਲਾ ਭੜਕਦੇ ਹੀ ਸਾਰੇ ਮੰਡੀ ਅਧਿਕਾਰੀ ਜ਼ਿਲ੍ਹਾ ਮੰਡੀ ਦਫ਼ਤਰ ਤੋਂ ਭੱਜ ਗਏ ਅਤੇ ਆਮ ਆਦਮੀ ਪਾਰਟੀ ਦੇ ਆਗੂ ਦਿਨੇਸ਼ ਢੱਲ ਅਤੇ ਸ਼੍ਰੋਮਣੀ ਅਕਾਲੀ ਦਲ ਆਗੂ ਚੰਦਨ ਗਰੇਵਾਲ ਵੀ ਆੜ੍ਹਤੀਆਂ ਦੇ ਹੱਕ ਵਿਚ ਮੰਡੀ ਵਿਖੇ ਪਹੁੰਚ ਗਏ।
ਇਹ ਵੀ ਪੜ੍ਹੋ: ਪੰਜਾਬ ਪੁਲਸ ਅਕੈਡਮੀ 'ਚ ਚੱਲ ਰਹੇ ਡਰੱਗ ਰੈਕੇਟ ਦੇ ਮਾਮਲੇ 'ਚ ਖੁੱਲ੍ਹਣ ਲੱਗੀਆਂ ਪਰਤਾਂ, ਨਿਸ਼ਾਨੇ 'ਤੇ 6 ਹੋਰ ਮੁਲਾਜ਼ਮ
ਮਾਰਕੀਟ ਕਮੇਟੀ ਨੇ ਚੇਅਰਮੈਨ ਰਾਜ ਕੁਮਾਰ ਅਰੋੜਾ ’ਤੇ ਲਾਇਆ 25 ਲੱਖ ਦੀ ਰਿਸ਼ਵਤਖੋਰੀ ਦਾ ਦੋਸ਼
ਆੜ੍ਹਤੀ ਡਿੰਪੀ ਸਚਦੇਵਾ, ਮੋਨੂੰ ਪੁਰੀ (ਜਨਰਲ ਸਕੱਤਰ ਆੜ੍ਹਤੀ ਐਸੋਸੀਏਸ਼ਨ ਪੰਜਾਬ ਭਾਜਪਾ), ਸੋਨੂੰ ਪੂਰੀ, ਨੰਨੀ ਬੱਤਰਾ, ਸੰਨੀ ਬੱਤਰਾ, ਬੀਰੂ, ਕਿਸ਼ਨ, ਤਰੁਣ, ਜੌਨੀ ਬੱਤਰਾ, ਓਮ ਪ੍ਰਕਾਸ਼, ਸਰਜੂ ਸਮੇਤ ਮੌਕੇ ’ਤੇ ਹਾਜ਼ਰ ਆੜ੍ਹਤੀਆਂ ਨੇ ਕਿਹਾ ਕਿ ਕਰਤਾਰਪੁਰ ਦੇ ਦੁੱਧ ਕਾਰੋਬਾਰੀ ਰਾਜ ਕੁਮਾਰ ਅਰੋੜਾ ਨੂੰ ਕਾਂਗਰਸੀ ਰਾਜ ਦੌਰਾਨ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਪਰ ਉਹ ਪਾਰਟੀ ਦੇ ਸੇਵਾਦਾਰ ਦੀ ਥਾਂ ਖ਼ੁਦ ਨੂੰ ਮੰਡੀ ਦਾ ਮਾਲਕ ਸਮਝਦਿਆਂ ਸਿੱਧਾ ਆੜ੍ਹਤੀਆਂ ਕੋਲੋਂ ਮਹੀਨਾ ਵਸੂਲਣ ਲੱਗੇ, ਜਿਸ ਦੀ ਰਿਕਾਰਡਿੰਗ ਆੜ੍ਹਤੀਆਂ ਕੋਲ ਹੈ ਅਤੇ ਸਾਰੇ ਆੜ੍ਹਤੀ ਰਿਸ਼ਵਤਖੋਰ ਚੇਅਰਮੈਨ ਵਿਰੁੱਧ ਐਫੀਡੇਵਿਡ ਦੇ ਕੇ ਕਾਰਵਾਈ ਕਰਨ ਨੂੰ ਵੀ ਤਿਆਰ ਹਨ। ਸਾਰੇ ਆੜ੍ਹਤੀਆਂ ਨੇ ਡੀ. ਐੱਮ. ਓ. ਮੁਕੇਸ਼ ਕੈਲੇ ਅਤੇ ਡਿਊਟੀ ਮੈਜਿਸਟਰੇਟ ਮਨਦੀਪ ਸਿੰਘ ਨੂੰ ਕਿਹਾ ਕਿ ਮੰਡੀ ਵਿਚ 200 ਦੇ ਲਗਭਗ ਅਸਥਾਈ ਸ਼ੈੱਡ ਪਏ ਹਨ ਪਰ ਸਾਰਿਆਂ ’ਤੇ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਲੋਕਾਂ ਨੂੰ ਹੀ ਚੇਅਰਮੈਨ ਨੇ ਨਿਸ਼ਾਨਾ ਬਣਾਉਣਾ ਚਾਹਿਆ, ਜਿਨ੍ਹਾਂ ਰਿਸ਼ਵਤ ਦੇਣ ਤੋਂ ਮਨ੍ਹਾ ਕੀਤਾ। ਉਨ੍ਹਾਂ ਕਿਹਾ ਕਿ ਹੁਣ ਤੱਕ ਅਰੋੜਾ ਉਨ੍ਹਾਂ ਕੋਲੋਂ 25 ਲੱਖ ਰੁਪਏ ਰਿਸ਼ਵਤ ਲੈ ਚੁੱਕੇ ਹਨ।

ਅਮਿਤ ਤਨੇਜਾ ਨੇ ਕਿਹਾ ਕਿ ਪੰਜਾਬ ਵਿਚ ਸੱਤਾ ਤਬਦੀਲ ਹੋਣ ਦੇ ਬਾਵਜੂਦ ਕਾਂਗਰਸੀ ਚੇਅਰਮੈਨ ਰਾਜ ਕੁਮਾਰ ਅਰੋੜਾ ਦਾ ਕੁਰਸੀ ਮੋਹ ਛੁੱਟ ਨਹੀਂ ਰਿਹਾ। ਆੜ੍ਹਤੀ ਐਸੋਸੀਏਸ਼ਨ ਪੰਜਾਬ ਅਤੇ ਭਾਜਪਾ ਦੇ ਜਨਰਲ ਸਕੱਤਰ ਮੋਨੂੰ ਪੁਰੀ ਨੇ ਕਿਹਾ ਕਿ ਕਾਂਗਰਸੀ ਚੇਅਰਮੈਨ ਰਾਜ ਕੁਮਾਰ ਅਰੋਡ਼ਾ ਪਾਵਰ ਨਾ ਹੋਣ ਦੇ ਬਾਵਜੂਦ ਆੜ੍ਹਤੀਆਂ ਨੂੰ ਖੁਦ ਸਿੱਧਾ ਫੋਨ ਕਰ ਕੇ ਮਹੀਨਾ ਮੰਗਦਾ ਹੈ ਅਤੇ ਕਹਿੰਦਾ ਹੈ ਕਿ ਮੈਂ 30 ਲੱਖ ਦੇ ਕੇ ਚੇਅਰਮੈਨ ਬਣਿਆ ਹੈ ਅਤੇ ਮੈਨੂੰ 25 ਲੱਖ ਇਕੱਠੇ ਕਰ ਕੇ ਦਿਓ ਅਤੇ ਜਿੰਨੀਆਂ ਮਰਜ਼ੀ ਸ਼ੈੱਡਾਂ ਬਣਾਓ ਅਤੇ ਰਿਸ਼ਵਤ ਨਾ ਦੇਣ ਦੀ ਇਵਜ਼ ਵਿਚ ਇਹ ਸਕੱਤਰ ਜ਼ਰੀਏ ਨੋਟਿਸ ਕਢਵਾ ਕੇ ਪ੍ਰੇਸ਼ਾਨ ਕਰਦਾ ਹੈ। ਦੂਜੇ ਪਾਸੇ ਚੇਅਰਮੈਨ ਰਾਜ ਕੁਮਾਰ ਅਰੋੜਾ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਹ ਹਰ ਜਾਂਚ ਲਈ ਤਿਆਰ ਹਨ।
ਇਹ ਵੀ ਪੜ੍ਹੋ: ਜਲੰਧਰ: ਦੋਵੇਂ ਹੱਥ ਬੰਨ੍ਹੇ ਲੋਹੇ ਦੀ ਗਰਿੱਲ ਨਾਲ ਲਟਕਦੀ ਮਿਲੀ ਪੁੱਤ ਦੀ ਲਾਸ਼, ਮਾਂ ਨੇ ਨੂੰਹ 'ਤੇ ਲਾਏ ਕਤਲ ਦੇ ਦੋਸ਼
ਮੰਡੀ ਕਾਰੋਬਾਰੀਆਂ ਨਾਲ ਧੱਕੇਸ਼ਾਹੀ ਨਹੀਂ ਹੋਣ ਦਿਆਂਗੇ : ਦਿਨੇਸ਼ ਢੱਲ
ਮੰਡੀ ਅਧਿਕਾਰੀਆਂ ਤੇ ਆੜ੍ਹਤੀਆਂ ਨਾਲ ਮੁਲਾਕਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂ ਦਿਨੇਸ਼ ਢੱਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਮੰਡੀ ਕਾਰੋਬਾਰੀਆਂ ਅਤੇ ਆਮ ਲੋਕਾਂ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਵੇਗੀ। ਉਨ੍ਹਾਂ ਚੇਅਰਮੈਨ ਰਾਜ ਕੁਮਾਰ ਅਰੋੜਾ ਦੀ ਰਿਸ਼ਵਤਖੋਰੀ ਦਾ ਮਾਮਲਾ ਹਾਈਕਮਾਨ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਅਧਿਕਾਰੀ ਵਰਗ ਵੀ ਆਡ਼੍ਹਤੀਆਂ ਅਤੇ ਕਿਸਾਨਾਂ ਦੀ ਸਮੱਸਿਆ ਨੂੰ ਸਮਝੇ। ਉਨ੍ਹਾਂ ਪਾਰਕਿੰਗ ਠੇਕੇਦਾਰ ਵੱਲੋਂ ਕੀਤੀ ਜਾ ਰਹੀ ਗਲਤ ਵਸੂਲੀ ’ਤੇ ਵਿਭਾਗ ਦਾ ਧਿਆਨ ਕੇਂਦਰਿਤ ਕਰਦਿਆਂ ਕਾਰਵਾਈ ਦੀ ਮੰਗ ਕੀਤੀ। ਡੀ. ਐੱਮ. ਓ. ਮੁਕੇਸ਼ ਕੈਲੇ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਆਕਸ਼ਨ ਫੜ੍ਹਾਂ ’ਤੇ ਜਲਦ ਕਵਰ ਸ਼ੈੱਡ ਬਣਾਏਗਾ, ਜਿਸ ਦੇ ਲਈ ਮਹਿਕਮੇ ਤੋਂ ਇਜਾਜ਼ਤ ਮਿਲ ਚੁੱਕੀ ਹੈ।

ਚੇਅਰਮੈਨੀ ਜਨਤਾ ਦੀ ਸੇਵਾ ਲਈ ਮਿਲਦੀ ਹੈ, ਨਾ ਕਿ ਲੁੱਟਣ ਲਈ : ਡਿੰਪੀ ਸਚਦੇਵਾ
ਮਕਸੂਦਾਂ ਨਵੀਂ ਸਬਜ਼ੀ ਮੰਡੀ ਦੇ ਪ੍ਰਮੁੱਖ ਆੜ੍ਹਤੀ ਡਿੰਪੀ ਸਚਦੇਵਾ ਨੇ ਕਿਹਾ ਕਿ ਸੱਤਾਧਾਰੀ ਪਾਰਟੀਆਂ ਆਪਣੇ ਪ੍ਰਤੀਨਿਧੀਆਂ ਨੂੰ ਜਨਤਾ ਦੀ ਸੇਵਾ ਲਈ ਚੇਅਰਮੈਨੀਆਂ ਸੌਂਪਦੀਆਂ ਹਨ ਪਰ ਸੱਤਾ ਦੇ ਨਸ਼ੇ ਵਿਚ ਚੂਰ ਸਿਆਸਤਦਾਨ ਖੁਦ ਨੂੰ ਅਫ਼ਸਰਾਂ ਦੇ ਬਾਪ ਸਮਝਣ ਲੱਗਦੇ ਹਨ ਅਤੇ ਉਹ ਅਫ਼ਸਰਾਂ ਜ਼ਰੀਏ ਵਸੂਲੀ ਕਰਨ ਲੱਗਦੇ ਹਨ ਪਰ ਅਜਿਹਾ ਭ੍ਰਿਸ਼ਟ ਮਾਰਕੀਟ ਚੇਅਰਮੈਨ ਰਾਜ ਕੁਮਾਰ ਅਰੋੜਾ ਦੂਜਾ ਆਗੂ ਹੈ, ਜਿਸ ਨੇ ਮੰਡੀ ਦੇ ਆੜ੍ਹਤੀ ਵਰਗ ਨਾਲ ਵਧੀਆ ਸਬੰਧ ਸਥਾਪਤ ਕਰਨ ਦੀ ਥਾਂ ਸਿੱਧਾ ਹੀ ਆੜ੍ਹਤੀਆਂ ਨੂੰ ਫੋਨ ਕਰ ਕੇ ਮਹੀਨਾ ਮੰਗਣਾ ਸ਼ੁਰੂ ਕਰ ਦਿੱਤਾ। ਸਚਦੇਵਾ ਨੇ ਦੱਸਿਆ ਕਿ ਚੇਅਰਮੈਨੀ ਦੀ ਸੀਟ ’ਤੇ ਕਾਬਜ਼ ਹੁੰਦੇ ਹੀ ਰਾਜ ਕੁਮਾਰ ਅਰੋੜਾ ਨੇ ਵਸੂਲੀ ਕਰਨ ਲਈ ਆਪਣੇ ਮਨਪਸੰਦ ਗੜ੍ਹਸ਼ੰਕਰ ਦੇ ਸਕੱਤਰ ਦੀ ਜਲੰਧਰ ਵਿਚ ਟਰਾਂਸਫਰ ਕਰਵਾਈ ਅਤੇ ਉਸਦੀ ਸੇਵਾਮੁਕਤੀ ਦੇ ਬਾਅਦ ਨਵ-ਨਿਯੁਕਤ ਸਕੱਤਰ ਨਾਲ ਗੰਢ-ਸੰਢ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਹੁਣ ਆੜ੍ਹਤੀ ਸਮੂਹ ਦਾ ਅਗਲਾ ਟਾਰਗੈੱਟ ਪਾਰਕਿੰਗ ਠੇਕੇਦਾਰ ਹੈ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਵਿਖੇ ਘਰ ਦੇ ਬਾਹਰ ਖੜ੍ਹੀ 6 ਸਾਲਾ ਬੱਚੀ ਨੂੰ ਇੰਝ ਪਾਇਆ ਮੌਤ ਨੇ ਘੇਰਾ, ਜੋ ਕਿਸੇ ਨੇ ਸੋਚਿਆ ਵੀ ਨਾ ਸੀ


ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜਦੋਂ ਦੁਬਈ ਤੋਂ ਅੰਮ੍ਰਿਤਸਰ ਏਅਰਪੋਰਟ ਪੁੱਜੇ ਸ਼ਖ਼ਸ ਦੀ ਲਈ ਤਲਾਸ਼ੀ ਤਾਂ ਹੈਰਾਨ ਰਹਿ ਗਏ ਅਧਿਕਾਰੀ
NEXT STORY