ਚੰਡੀਗੜ੍ਹ : ਪੰਜਾਬ ਸ਼ਹਿਰੀ ਆਵਾਸ ਯੋਜਨਾ ਸਕੀਮ ਅਧੀਨ ਲਾਭਪਾਤਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪੱਕਾ ਰਿਹਾਇਸ਼ੀ ਸਬੂਤ ਪੇਸ਼ ਨਾ ਕਰਨ ਵਾਲਿਆਂ ਨੂੰ ਟੈਕਸ ਅਸੈਸਮੈਂਟ ਦੀ ਕਾਪੀ, ਬਿਜਲੀ/ਪਾਣੀ/ਸੀਵਰੇਜ ਦਾ ਬਿੱਲ ਰਿਹਾਇਸ਼ੀ ਸਬੂਤ ਵਜੋਂ ਪੇਸ਼ ਕਰਨ ਦੀ ਛੋਟ ਦੇਣ ਦਾ ਫੈਸਲਾ ਕੀਤਾ ਹੈ। ਸਿੱਧੂ ਵੱਲੋਂ ਦਿੱਤੀ ਇਸ ਰਾਹਤ ਨਾਲ 30 ਹਜ਼ਾਰ ਲਾਭਪਾਤਰੀਆਂ ਨੂੰ ਸਿੱਧਾ ਫਾਇਦਾ ਪੁੱਜੇਗਾ ਜਿਹੜੇ ਪੱਕਾ ਸਬੂਤ ਨਾ ਹੋਣ ਕਾਰਨ 'ਸਭਨਾਂ ਲਈ ਘਰ' ਸਕੀਮ ਤੋਂ ਵਾਂਝੇ ਰਹਿ ਸਕਦੇ ਸਨ। ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿਚ ਨਵਜੋਤ ਸਿੱਧੂ ਨੇ ਦੱਸਿਆ ਕਿ ਪੰਜਾਬ ਸ਼ਹਿਰੀ ਆਵਾਸ ਯੋਜਨਾ ਸਕੀਮ ਅਧੀਨ ਲਾਭਪਾਤਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਵੱਧ ਤੋਂ ਵੱਧ ਸ਼ਹਿਰੀ ਗਰੀਬਾਂ ਨੂੰ ਇਸ ਸਕੀਮ ਦਾ ਲਾਭ ਦੇਣ ਦੇ ਮੰਤਵ ਲਈ ਇਹ ਰਾਹਤ ਦੇਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲਾਭਪਾਤਰੀ ਕੱਚੇ ਮਕਾਨਾਂ ਵਿਚ ਲਾਲ ਲਕੀਰ ਦੇ ਖੇਤਰ ਅੰਦਰ ਆਉਂਦੇ ਹਨ ਅਤੇ ਉਨ੍ਹਾਂ ਕੋਲ ਪੱਕਾ ਰਿਹਾਇਸ਼ੀ ਸਬੂਤ ਨਹੀਂ ਹੈ, ਉਨ੍ਹਾਂ ਨੂੰ ਟੈਕਸ ਅਸੈਸਮੈਂਟ ਦੀ ਕਾਪੀ ਅਤੇ ਜਿੱਥੇ ਟੈਕਸ ਅਸੈਸਮੈਂਟ ਦੀ ਕਾਪੀ ਨਹੀਂ ਹੈ, ਉੱਥੇ ਬਿਜਲੀ ਦਾ ਬਿੱਲ, ਸੀਵਰੇਜ਼ ਬਿੱਲ ਅਤੇ ਪਾਣੀ ਦੇ ਬਿੱਲਾਂ ਵਿਚੋਂ ਕੋਈ ਵੀ ਇਕ ਦਸਤਾਵੇਜ਼ ਨਾਲ ਕੌਂਸਲਰ ਵੱਲੋਂ ਵੈਰੀਫਾਈ ਕਰਨ ਉਪਰੰਤ ਸਬੰਧਤ ਸੰਯੁਕਤ ਕਮਿਸ਼ਨਰਾਂ/ਕਾਰਜ ਸਾਧਕ ਅਫਸਰਾਂ ਨੂੰ ਇਸ ਸਕੀਮ ਦਾ ਲਾਭ ਸਬੰਧਤ ਲਾਭਪਾਤਰੀਆਂ ਨੂੰ ਦੇਣ ਲਈ ਅਧਿਕਾਰ ਦਿੱਤੇ ਗਏ ਹਨ।
ਸਿੱਧੂ ਨੇ ਕਿਹਾ ਕਿ ਇਸ ਫੈਸਲੇ ਨਾਲ ਇਸ ਸਕੀਮ ਦਾ ਲਾਭ ਲਗਭਗ 30,000 ਲਾਭਪਾਤਰੀਆਂ ਨੂੰ ਹੋਵੇਗਾ ਜਿਨ੍ਹਾਂ ਨੇ ਪਹਿਲਾਂ ਅਪਲਾਈ ਕੀਤਾ ਹੋਇਆ ਹੈ ਜਿਨ੍ਹਾਂ ਨੂੰ ਇਸ ਸਕੀਮ ਦਾ ਲਾਭ ਹੁਣ ਤੱਕ ਨਹੀਂ ਮਿਲਿਆ ਉਨ੍ਹਾਂ ਲਈ ਸਰਕਾਰ ਨੇ ਨਵਾਂ ਸਰਵੇ ਕਰਵਾਉਣ ਦਾ ਫੈਸਲਾ ਲਿਆ ਹੈ, ਜੋ ਕਿ 15 ਫਰਵਰੀ ਤੋਂ ਸ਼ੁਰੂ ਹੋਵੇਗਾ ਤਾਂ ਜੋ ਵੱਧ ਤੋਂ ਵੱਧ ਗਰੀਬ ਪਰਿਵਾਰਾਂ ਨੂੰ ਇਸ ਸਕੀਮ ਦਾ ਫਾਇਦਾ ਮਿਲ ਸਕੇ।
ਲੁਧਿਆਣਾ ਗੈਂਗਰੇਪ : ਦਰਿੰਦਿਆਂ ਨੂੰ ਫੜਨ ਲਈ ਪੁਲਸ ਨੇ ਵਿਛਾਇਆ ਜਾਲ
NEXT STORY