ਚੰਡੀਗੜ੍ਹ : 'ਜਗਬਾਣੀ' ਵੱਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ 'ਨੇਤਾ ਜੀ ਸਤਿ ਸ੍ਰੀ ਅਕਾਲ' ਵਿਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਖਾਸ ਗੱਲਬਾਤ ਕੀਤੀ ਗਈ। ਚੰਡੀਗੜ੍ਹ ਰਿਹਾਇਸ਼ 'ਤੇ 'ਜਗਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਆਪਣੀ ਨਿੱਜੀ ਜ਼ਿੰਦਗੀ ਅਤੇ ਸਿਆਸੀ ਸਫਰ 'ਤੇ ਖੁੱਲ ਕੇ ਚਰਚਾ ਕੀਤੀ।
ਸਿੱਧੂ ਨੇ ਸੁਣਾਈ ਪਠਾਣੀ ਕੁੜਤਿਆਂ ਦੀ ਕਹਾਣੀ
ਸਿੱਧੂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਬਿੱਗ ਬੌਸ ਵਿਚ ਜਾਣਾ ਸੀ ਤਾਂ ਉਨ੍ਹਾਂ ਨੇ ਇਹ ਸੋਚਿਆ ਸੀ ਕਿ ਬਿੱਗ ਬੌਸ ਵਿਚ ਜਾਣ ਲਈ ਪਹਿਰਾਵਾ ਕੀ ਹੋਵੇਗਾ ਅਤੇ ਫਿਰ ਉਨ੍ਹਾਂ ਨੇ ਪਠਾਣੀ ਕੱਪੜੇ ਪਾ ਕੇ ਜਾਣ ਬਾਰੇ ਸੋਚਿਆ, ਜੋ ਉਨ੍ਹਾਂ ਦੇ ਪਿਤਾ ਜੀ ਵੀ ਪਹਿਣਦੇ ਸਨ। ਸਿੱਧੂ ਨੇ ਦੱਸਿਆ ਕਿ ਉਹ ਇਹ ਕੱਪੜੇ ਦਿੱਲੀ ਤੋਂ ਬਣਵਾਉਂਦੇ ਹਨ ਅਤੇ ਖਰੀਦਦਾਰੀ ਵੀ ਉਹ ਇਕੱਲੇ ਹੀ ਕਰਦੇ ਹਨ।
ਪਿਤਾ ਦੀ ਇੱਛਾ ਮੁਤਾਬਕ ਬਣੇ ਸਨ ਕ੍ਰਿਕਟਰ
ਇਸ ਦੌਰਾਨ ਗੱਲਬਾਤ ਕਰਦਿਆਂ ਸਿੱਧੂ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੀ ਇੱਛਾ ਮੁਤਾਬਕ ਹੀ ਕ੍ਰਿਕਟਰ ਬਣੇ ਸਨ ਅਤੇ ਜਦੋਂ ਉਨ੍ਹਾਂ ਨੇ 1983 ਵਿਚ ਪਹਿਲਾ ਮੈਚ ਖੇਡਿਆ ਸੀ ਤਾਂ ਉਨ੍ਹਾਂ ਦੇ ਪਿਤਾ ਜੀ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਨੇ ਪੂਰੇ ਪਟਿਆਲਾ ਸ਼ਹਿਰ ਵਿਚ ਵੱਡੀ ਪਾਰਟੀ ਕੀਤੀ।
ਬੱਚਿਆਂ ਲਈ ਸਮਾਂ ਨਾ ਕੱਢ ਸਕਣ ਦਾ ਸਿੱਧੂ ਨੂੰ ਹੈ ਮਲਾਲ
ਇਸ ਮੌਕੇ ਸਿੱਧੂ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਲਈ ਸਮਾਂ ਨਹੀਂ ਕੱਢ ਪਾਉਂਦੇ, ਜਿਸ ਦਾ ਉਨ੍ਹਾਂ ਨੂੰ ਮਲਾਲ ਵੀ ਹੈ। ਆਪਣੇ ਬੇਟੇ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬੇਟਾ ਮਾਂ ਦਾ ਲਾਡਲਾ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਮੈਂ ਆਪਣੀ ਕੁੜੀ ਨੂੰ ਜ਼ਿਆਦਾ ਪਿਆਰ ਕਰਦਾ ਹਾਂ। ਇਸ ਸਮੇਂ ਉਨ੍ਹਾਂ ਦਾ ਬੇਟਾ ਦਿੱਲੀ ਵਿਚ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਪੁੱਤ ਦੇ ਹੱਕ ਬਹੁਤ ਮਾਰੇ ਹਨ ਪਰ ਪੁੱਤ ਨੇ ਇਕ ਵਾਰ ਵੀ ਇਸ ਦੀ ਸ਼ਿਕਾਇਤ ਨਹੀਂ ਕੀਤੀ। ਮੇਰੇ ਬੇਟੇ ਵਿਚ ਮੇਰੇ ਗੁਣ ਹਨ।
ਸ਼ਰਮੀਲਾ ਸਿੱਧੂ ਕਿਵੇਂ ਬਣਿਆਂ ਬੇਬਾਕ ਬੁਲਾਰਾ?
ਇਸ ਦੌਰਾਨ ਜਦੋਂ ਸਿੱਧੂ ਕੋਲੋਂ ਸਵਾਲ ਕੀਤਾ ਗਿਆ ਕਿ ਮੈਡਮ ਸਿੱਧੂ ਦਾ ਕਹਿਣਾ ਹੈ ਕਿ ਜਦੋਂ ਸਾਡਾ ਵਿਆਹ ਹੋਇਆ ਸੀ ਤਾਂ ਸਿੱਧੂ ਬਹੁਤ ਸ਼ਰਮਿਲੇ ਸਨ। ਇੱਥੋਂ ਤੱਕ ਕਿ ਜਦੋਂ ਉਨ੍ਹਾਂ ਦੀਆਂ ਸਹੇਲੀਆਂ ਘਰ ਆਉਂਦੀਆਂ ਸੀ ਤਾਂ ਉਹ ਲੁੱਕ ਜਾਂਦੇ ਸਨ, ਜਿਸ 'ਤੇ ਸਿੱਧੂ ਨੇ ਹਾਂ ਦਾ ਜਵਾਬ ਦਿੱਤਾ। ਦਲੇਰੀ ਬਾਰੇ ਪੁੱਛੇ ਜਾਣ 'ਤੇ ਸਿੱਧੂ ਨੇ ਕਿਹਾ ਕਿ ਪਹਿਲਾਂ ਮੈਂ ਬਹੁਤ ਸ਼ਰਮਿਲਾ ਸੀ ਪਰ ਬਾਅਦ ਵਿਚ ਦਲੇਰੀ ਮੇਰੇ ਅੰਦਰੋਂ ਆਈ ਅਤੇ ਮੈਂ ਬਦਲ ਗਿਆ। ਸਭ ਤੋਂ ਵੱਡਾ ਖੁਸ਼ੀ ਦਾ ਦਿਨ ਸਿੱਧੂ ਨੇ ਆਪਣੇ ਬੇਟੇ ਦੇ ਜਨਮ ਨੂੰ ਦੱਸਿਆ ਅਤੇ ਸਭ ਤੋਂ ਔਖਾ ਪਲ ਉਨ੍ਹਾਂ ਲਈ ਉਨ੍ਹਾਂ ਦੇ ਪਿਤਾ ਦੀ ਮੌਤ ਸੀ ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ। ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦਾ ਉਨ੍ਹਾਂ 'ਤੇ ਬਹੁਤ ਅਹਿਸਾਨ ਹੈ, ਜਿਸ ਨੇ ਉਨ੍ਹਾਂ ਦਾ ਮਾੜੇ ਤੋਂ ਮਾੜੇ ਸਮੇਂ ਵਿਚ ਵੀ ਸਾਥ ਨਹੀਂ ਛੱਡਿਆ।
ਕਾਰੋਬਾਰ ਸਬੰਧੀ ਗੱਲਬਾਤ ਕਰਦਿਆਂ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਜੱਦੀ ਘਰ ਪਟਿਆਲਾ ਵਿਚ ਹੈ ਅਤੇ ਹੁਣ ਉਨ੍ਹਾਂ ਨੇ ਅੰਮ੍ਰਿਤਸਰ ਵਿਚ ਇਕ ਨਵਾਂ ਘਰ ਬਣਾਇਆ ਹੈ ਜੋ ਵੀ ਪੈਸਾ ਉਨ੍ਹਾਂ ਨੇ ਹੁਣ ਤੱਕ ਕਮਾਇਆ ਉਹ ਇਸ ਘਰ 'ਤੇ ਖਰਚ ਕਰ ਦਿੱਤਾ ਹੈ। ਪਟਿਆਲਾ ਵਿਚ 1994 ਵਿਚ 5 ਸ਼ੋਅ ਰੂਮ ਲਏ ਸਨ, ਜਿਨ੍ਹਾਂ ਦਾ ਹੁਣ ਕਿਰਾਇਆ ਆ ਰਿਹਾ ਹੈ। ਦਿੱਲੀ ਵਿਚ 2 ਫਲੈਟ ਲਏ।
ਸਿਆਸੀ ਮਸਲੇ
ਚੋਣ ਪ੍ਰਚਾਰ 'ਤੇ ਬੋਲਦੇ ਹੋਏ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਚੰਗਾ ਹੁਲਾਰਾ ਮਿਲ ਰਿਹਾ ਹੈ। ਉਹ ਹੁਣ ਤੱਕ 45 ਤੋਂ ਜ਼ਿਆਦਾ ਚੋਣ ਰੈਲੀਆਂ ਕਰ ਚੁੱਕੇ ਹਨ ਅਤੇ ਉਹ ਹੁਣਸੋਨੀਆ ਗਾਂਧੀ ਲਈ ਪ੍ਰਚਾਰ ਕਰਨ ਲਈ ਰਾਏਬਰੇਲੀ ਜਾ ਰਹੇ ਹਨ। ਪਾਕਿਸਤਾਨ ਦੇ ਮੁੱਦੇ 'ਤੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਜਦੋਂ ਮੈਂ ਭਾਜਪਾ ਵਿਚ ਸੀ ਤਾਂ ਰਾਸ਼ਟਰ ਭਗਤ ਸੀ ਤਾਂ ਅੱਜ ਜਦੋਂ ਭਾਜਪਾ ਵਿਚ ਨਹੀਂ ਤਾਂ ਅੱਜ ਮੈਂ ਰਾਸ਼ਟਰ ਵਿਰੋਧੀ ਹੋ ਗਿਆ। ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸਿੱਧੂ ਨੇ ਕਿਹਾ ਕਿ ਮੋਦੀ ਹੈ ਕੀ? ਮੋਦੀ ਨੇ ਕੀਤਾ ਕੀ ਹੈ? ਉਹ ਇਕ ਵੀ ਉਪਲੱਬਧੀ ਗਿਣਵਾ ਦੇਵੇ? ਸਿੱਧੂ ਨੇ ਮੋਦੀ ਨੂੰ ਬਹਿਸ ਦੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਬਹਿਸ ਕਰੇ ਮੈਂ ਸਾਰੀ ਉਮਰ ਲਈ ਰਾਜਨੀਤੀ ਛੱਡ ਦੇਵਾਂਗਾ। ਉਨ੍ਹਾਂ ਕਿਹਾ ਕਿ ਭਾਜਪਾ ਜਨਤਾ ਦੀ ਨਹੀਂ ਕਾਰੋਬਾਰੀਆਂ ਦੀ ਸਰਕਾਰ ਹੈ। ਇਸ ਦੌਰਾਨ ਸਿੱਧੂ ਨੇ ਕਿਹਾ ਕਿ ਰਾਹੁਲ ਗਾਂਧੀ ਮਜਬੂਤ ਜਿੱਤ ਨਾਲ ਪ੍ਰਧਾਨ ਮੰਤਰੀ ਬਣਨਗੇ।
ਅਕਾਲੀਆਂ ਨੂੰ ਕਲੀਨ ਚਿੱਟ 'ਤੇ ਸਿੱਧੂ ਦੇ ਤਿੱਖੇ ਤੇਵਰ
ਬੇਅਦਬੀ ਮਾਮਲੇ 'ਤੇ ਅਕਾਲੀ ਦਲ ਨੂੰ 'ਸਿਟ' ਵੱਲੋਂ ਦਿੱਤੀ ਕਲੀਨ ਚਿੱਟ 'ਤੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਜੋ ਗੁਰੂ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇ ਸਕੇ, ਉਹ ਕਾਹਦੀ ਸਰਕਾਰ? ਉਨ੍ਹਾਂ ਕਿਹਾ ਕਿ ਰਾਜਨੀਤੀ ਗਈ ਢੱਠੇ ਖੂਹ 'ਚ, ਗੁਰੂ ਦਾ ਸਨਮਾਨ ਪਹਿਲਾਂ ਅਤੇ ਉਹ ਪਹਿਲਾਂ ਆਪਣੇ ਗੁਰੂ ਵੱਲ ਖੜ੍ਹਨਗੇ ਅਤੇ ਸਿਆਸਤ ਬਾਅਦ ਵਿਚ ਦੇਖਣਗੇ।
ਤਾਂਤਰਿਕ ਔਰਤ ਨਾਲ ਮਿਲ ਕੇ ਗਰਭਵਤੀ ਔਰਤ ਤੇ ਉਸਦੇ ਪੇਟ 'ਚ ਪਲ ਰਹੇ ਬੱਚੇ ਦਾ ਕਤਲ
NEXT STORY