ਫਗਵਾੜਾ (ਬਿਊਰੋ) - ਪੰਜਾਬ 'ਚ ਹੋਈਆਂ 4 ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਦੇ ਨਤੀਜੇ ਅੱਜ ਐਲਾਨ ਦਿੱਤੇ ਗਏ ਹਨ। ਇਨ੍ਹਾਂ ਚੋਣਾਂ 'ਚ ਜਿਥੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਮੈਦਾਨ 'ਚ ਉਤਰੇ ਸਨ, ਉਥੇ ਹੀ ਫਗਵਾੜਾ ਸੀਟ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਲੋਕ ਸਭਾ ਚੋਣ ਲੜਨ ਵਾਲੇ ਨੀਟੂ ਸ਼ਟਰਾਂ ਵਾਲੇ ਨੇ ਵੀ ਚੋਣ ਲੜੀ ਸੀ। ਲੋਕ ਸਭਾ ਚੋਣਾਂ ਵਾਂਗ ਨੀਟੂ ਸ਼ਟਰਾਂ ਵਾਲੇ ਨੂੰ ਜ਼ਿਮਨੀ ਚੋਣ 'ਚ ਵੀ ਬਹੁਤ ਘੱਟ ਵੋਟਾਂ ਮਿਲੀਆਂ, ਜਿਸ ਕਾਰਨ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਮੁੜ ਤੋਂ ਹਾਰ ਬਰਦਾਸ਼ਤ ਨਾ ਹੋਣ ਕਾਰਨ ਉਸ ਨੇ ਪਹਿਲਾਂ ਦੀ ਤਰ੍ਹਾਂ ਮੁੜ ਤੋਂ ਮੀਡੀਆ ਦੇ ਸਾਹਮਣੇ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਉਸ ਨੂੰ ਆਪਣਾ ਸਮਝ ਕੇ ਵੋਟਾਂ ਪਾਈਆਂ ਹਨ, ਮਾਤਾ ਰਾਣੀ ਉਨ੍ਹਾਂ ਲੋਕਾਂ 'ਤੇ ਕ੍ਰਿਪਾ ਕਰੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਉਹ ਅੱਜ ਤੋਂ ਬਾਅਦ ਫਿਰ ਕਦੇ ਵੀ ਚੋਣ ਨਹੀਂ ਲੜਨਗੇ, ਕਿਉਂਕਿ ਚੋਣਾਂ ਕਾਰਨ ਉਨ੍ਹਾਂ ਦਾ ਸਭ ਕੁਝ ਖਤਮ ਹੋ ਗਿਆ। ਫਗਵਾੜਾ ਹਲਕੇ ਤੋਂ ਚੋਣ ਲੜ ਕੇ ਮੈਂ ਇਸ ਹਲਕੇ ਨੂੰ ਮੁੰਬਈ ਵਰਗਾ ਬਣਾਉਣਾ ਚਾਹੁੰਦਾ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਨੂੰ ਹਟਾ ਕੇ ਸਾਰੇ ਲੋਕ ਮੈਂ ਆਪਣੇ ਖੜ੍ਹੇ ਕਰਨੇ ਸਨ, ਇਨ੍ਹਾਂ ਨੂੰ ਮੈਂ ਭਜਾ ਦੇਣਾ ਸੀ। ਸਾਰੀਆਂ ਪਾਰਟੀਆਂ ਦਾ ਖਾਤਮਾ ਕਰ ਦੇਣਾ ਸੀ। ਉਨ੍ਹਾਂ ਕਿਹਾ ਕਿ ਅੱਜ ਦੀ ਜਨਤਾ ਵਿਕਾਊ ਹੈ, ਜੋ ਇਕ-ਇਕ ਹਜ਼ਾਰ ਰੁਪਏ ਲੈ ਕੇ ਹੋਰਾਂ ਉਮੀਦਵਾਰਾਂ ਨੂੰ ਵੋਟ ਪਾ ਦਿੰਦੀ ਹੈ। ਸਾਰੇ ਸ਼ਹਿਰ ਦਾ ਅਤੇ ਪੂਰੇ ਹਿੰਦੂਸਤਾਨ ਦਾ ਬੇੜਾ ਗਰਕ ਹੋਇਆ ਪਿਆ ਹੈ। ਚੋਣਾਂ ਹਾਰਨ ਕਾਰਨ ਮੈਂ ਅੱਜ ਬਹੁਤ ਜ਼ਿਆਦਾ ਰੋ ਰਿਹਾ ਹਾਂ, ਜਿਸ ਕਾਰਨ ਮੈਂ ਹੁਣ ਕਦੇ ਵੀ ਛੋਟੀਆਂ ਚੋਣਾਂ ਨਹੀਂ ਸਗੋਂ ਹੁਣ ਵੱਡੀਆਂ ਚੋਣਾਂ ਲੜਾਂਗਾ।
ਕਰਤਾਰਪੁਰ ਲਾਂਘਾ : ਅੱਜ ਤੋਂ ਆਨਲਾਈਨ ਰਜਿਸਟਰੇਸ਼ਨ ਸ਼ੁਰੂ
NEXT STORY