ਚੰਡੀਗੜ੍ਹ (ਲਲਨ) : ਅੰਬਾਲਾ-ਚੰਡੀਗੜ੍ਹ ਰੇਲਵੇ ਟਰੈਕ ਡਬਲਿੰਗ ਦਾ ਕੰਮ ਪੂਰਾ ਹੋਣ ਤੋਂ ਬਾਅਦ ਚੰਡੀਗੜ੍ਹ ਨੂੰ ਚਾਰ ਨਵੀਆਂ ਟਰੇਨਾਂ ਮਿਲਣਗੀਆਂ। ਟਰੈਕ ਡਬਲਿੰਗ ਦੇ ਕੰਮ ਨੂੰ ਕਰਨ ਲਈ ਰੇਲਵੇ ਵਲੋਂ 17 ਤੋਂ 25 ਮਾਰਚ ਤਕ ਇੰਟਰਲਾਕਿੰਗ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਟਰੈਕਾਂ ਨੂੰ ਜੋੜਨ ਦਾ ਕੰਮ ਚੱਲ ਰਿਹਾ ਹੈ। ਜਿਵੇਂ ਹੀ ਡਬਲ ਟਰੈਕ ਨੂੰ ਵਾਸ਼ਿੰਗ ਲਾਈਨ ਤੇ ਹੋਰ ਟਰੈਕਾਂ ਨਾਲ ਜੋੜਨ ਦਾ ਕੰਮ ਪੂਰਾ ਹੋ ਜਾਵੇਗਾ, ਇਸ ਤੋਂ ਬਾਅਦ ਇਸ ਟ੍ਰੈਕ 'ਤੇ ਟਰੇਨਾਂ ਦਾ ਸੰਚਾਲਨ ਵਧਾ ਦਿੱਤਾ ਜਾਵੇਗਾ। ਇਸਦਾ ਇਸ਼ਾਰਾ ਨਾਰਦਰਨ ਰੇਲਵੇ ਦੇ ਜੀ. ਐੱਮ. ਨੇ ਮੋਹਾਲੀ ਰੇਲਵੇ ਸਟੈਸ਼ਨ ਦਾ ਦੌਰਾ ਕਰਨ ਸਮੇਂ ਦਿੱਤਾ ਸੀ ਕਿਉਂਕਿ ਚੰਡੀਗੜ੍ਹ-ਲੁਧਿਆਣਾ ਰੇਲਵੇ ਟ੍ਰੈਕ ਨੂੰ ਬਣਿਆਂ 6 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਹੁਣ ਤਕ ਸਿਰਫ 4 ਟਰੇਨਾਂ ਹੀ ਇਸ ਸੈਕਸ਼ਨ 'ਤੇ ਚੱਲ ਰਹੀਆਂ ਹਨ। ਇਥੋਂ ਤਕ ਕਿ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਬਣਾਏ ਜਾ ਰਹੇ ਪਲੇਟਫਾਰਮ ਨੰਬਰ 6 ਨੂੰ ਵੀ 26 ਮਾਰਚ ਤੋਂ ਖੋਲ੍ਹ ਦਿੱਤਾ ਜਾਵੇਗਾ। ਡਬਲ ਟਰੈਕ ਨੂੰ ਇਸ ਪਲੇਟਫਾਰਮ ਨਾਲ ਜੋੜਿਆ ਜਾ ਰਿਹਾ ਹੈ। ਰੇਲਵੇ ਨੇ ਲੁਧਿਆਣਾ-ਚੰਡੀਗੜ੍ਹ ਸੈਕਸ਼ਨ ਨੂੰ ਬਣਾਉਣ ਲਈ 20 ਕਰੋੜ ਤੋਂ ਵੱਧ ਰੁਪਏ ਖਰਚ ਕੀਤੇ ਸਨ ਪਰ ਇਸ ਰੂਟ 'ਤੇ ਸਿਰਫ 4 ਟਰੇਨਾਂ ਹੀ ਚਲਾਈਆਂ, ਜਿਨ੍ਹਾਂ 'ਚ ਚੰਡੀਗੜ੍ਹ ਤੋਂ ਅੰਮ੍ਰਿਤਸਰ ਆਉਣ ਤੇ ਜਾਣ ਵਾਲੀਆਂ ਟਰੇਨਾਂ ਸ਼ਾਮਲ ਹਨ। ਇਸਦੇ ਨਾਲ ਇਕ ਟਰੇਨ ਸ਼ਤਾਬਦੀ ਇਸ ਟਰੈਕ 'ਤੇ ਚਲਦੀ ਹੈ, ਉਥੇ ਹੀ ਜਨਨਾਈਕ ਐਕਸਪ੍ਰੈੱਸ ਸਿਰਫ ਸੋਮਵਾਰ ਚੰਡੀਗੜ੍ਹ ਹੋ ਕੇ ਜਾਂਦੀ ਹੈ। ਬਾਕੀ ਸਾਰਾ ਸਮਾਂ ਇਹ ਸੈਕਸ਼ਨ ਖਾਲੀ ਰਹਿੰਦਾ ਹੈ।
ਉਧਰ ਲੁਧਿਆਣਾ-ਅੰਬਾਲਾ ਸੈਕਸ਼ਨ ਦਰਮਿਆਨ ਟਰੇਨਾਂ ਦਾ ਟ੍ਰੈਫਿਕ ਕਾਫੀ ਵਧ ਗਿਆ ਹੈ। ਇਸ ਟਰੈਕ 'ਤੇ ਹਰ 10 ਮਿੰਟਾਂ ਬਾਅਦ ਇਕ ਟਰੇਨ ਆਉਂਦੀ ਹੈ। ਇਸ ਹਾਲਤ 'ਚ ਰੇਲਵੇ ਨੇ ਫੈਸਲਾ ਕੀਤਾ ਹੈ ਕਿ ਹੁਣ 4 ਟਰੇਨਾਂ ਨੂੰ ਲੁਧਿਆਣਾ ਤੋਂ ਵਾਇਆ ਚੰਡੀਗੜ੍ਹ-ਅੰਬਾਲਾ ਭੇਜਿਆ ਜਾਵੇਗਾ। ਇਨ੍ਹਾਂ ਵਿਚ ਜਨਸੇਵਾ ਐਕਸਪ੍ਰੈੱਸ, ਬਰੌਨੀ ਸੁਪਰਫਾਸਟ, ਜੰਮੂ-ਤਵੀ ਤੇ ਅਮਰਨਾਥ ਐਕਸਪ੍ਰੈੱਸ ਨੂੰ ਸ਼ਾਮਲ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਇਹ ਟਰੇਨਾਂ 26 ਮਾਰਚ ਤੋਂ ਬਾਅਦ ਵਾਇਆ ਚੰਡੀਗੜ੍ਹ ਚਲਾਉਣ ਦੀ ਯੋਜਨਾ ਬਣਾਈ ਗਈ ਹੈ।
ਪਲੇਟਫਾਰਮ ਨੰਬਰ 6 ਵੀ 26 ਮਾਰਚ ਤੋਂ ਹੋਵੇਗਾ ਸ਼ੁਰੂ
ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਪਿਛਲੇ 5 ਸਾਲਾਂ ਵਿਚ 15 ਤੋਂ ਵੱਧ ਟਰੇਨਾਂ ਵਧਾਈਆਂ ਗਈਆਂ ਹਨ ਪਰ ਇਨ੍ਹਾਂ ਲਈ ਪਲੇਟਫਾਰਮ ਦੀ ਲੋੜ ਸੀ। ਲਿਹਾਜ਼ਾ, ਰੇਲਵੇ ਸਟੇਸ਼ਨ 'ਤੇ 30 ਲੱਖ ਰੁਪਏ ਖਰਚ ਕਰਕੇ ਪਲੇਟਫਾਰਮ ਨੰਬਰ 6 ਦਾ ਨਿਰਮਾਣ 1 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਇਸਦਾ ਨਿਰਮਾਣ ਬੀਤੇ ਮਹੀਨੇ ਫਰਵਰੀ ਵਿਚ ਪੂਰਾ ਹੋ ਗਿਆ ਪਰ ਅਜੇ ਇਸ ਪਲੇਟਫਾਰਮ ਨੂੰ ਮੇਨ ਰੇਲਵੇ ਟਰੈਕ ਨਾਲ ਨਹੀਂ ਜੋੜਿਆ ਗਿਆ ਸੀ। ਹੁਣ ਇੰਟਰਲਾਕਿੰਗ ਦੌਰਾਨ ਇਸ ਪਲੇਟਫਾਰਮ ਨੂੰ ਵੀ ਮੇਨ ਟਰੈਕ ਨਾਲ ਜੋੜ ਦਿੱਤਾ ਜਾਵੇਗਾ। 26 ਮਾਰਚ ਤੋਂ ਪਲੇਟਫਾਰਮ ਨੰਬਰ 6 ਤੋਂ ਵੀ ਟਰੇਨਾਂ ਦਾ ਆਉਣਾ-ਜਾਣਾ ਸ਼ੁਰੂ ਹੋ ਜਾਵੇਗਾ।
ਸੀ. ਆਰ. ਐੱਸ. ਦੀ ਟੀਮ ਅੱਜ ਤੋਂ ਟਰੈਕਾਂ ਦੇ ਕੰਮ 'ਤੇ ਰੱਖੇਗੀ ਨਜ਼ਰ
ਚੰਡੀਗੜ੍ਹ-ਦੱਪਰ ਦਰਮਿਆਨ ਰੇਲਵੇ ਟਰੈਕ ਡਬਲਿੰਗ ਦੇ ਕੰਮ ਨੂੰ ਆਖਰੀ ਰੂਪ ਦੇਣ ਵਿਚ ਰੇਲਵੇ ਦੇ ਅਧਿਕਾਰੀ ਲੱਗੇ ਹੋਏ ਹਨ। ਰੇਲਵੇ ਸੇਫਟੀ ਕਮਿਸ਼ਨ (ਸੀ. ਆਰ. ਐੱਸ.) ਆਪਣੀ ਦੇਖ-ਰੇਖ ਵਿਚ ਕੰਮ ਨੂੰ ਪੂਰਾ ਕਰਵਾਏਗਾ। ਸੀ. ਆਰ. ਐੱਸ. ਦੀ ਇਕ ਟੀਮ ਬੁੱਧਵਾਰ ਨੂੰ ਚੰਡੀਗੜ੍ਹ ਪੁੱਜ ਜਾਵੇਗੀ। ਇਸ ਤੋਂ ਬਾਅਦ ਟਰੈਕਾਂ ਨੂੰ ਜੋੜਨ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਦੌਰਾਨ ਨਵੀਂ ਰੇਲਵੇ ਲਾਈਨ ਨੂੰ ਸਿਗਨਲ, ਕਾਂਟਾ ਤੇ ਹੋਰ ਯੰਤਰਾਂ ਨਾਲ ਵੀ ਜੋੜਨ ਦਾ ਕੰਮ ਕੀਤਾ ਜਾਵੇਗਾ।
ਹੁਣ ਚੰਡੀਗੜ੍ਹ ਤੋਂ ਜਾਣ ਵਾਲੀਆਂ ਟਰੇਨਾਂ ਨਹੀਂ ਹੋਣਗੀਆਂ ਲੇਟ
ਅੰਬਾਲਾ-ਚੰਡੀਗੜ੍ਹ ਦੇ ਵਿਚਕਾਰ ਰੇਲਵੇ ਟਰੈਕ ਡਬਲ ਹੋ ਜਾਣ ਤੋਂ ਬਾਅਦ ਹੁਣ ਚੰਡੀਗੜ੍ਹ ਤੋਂ ਜਾਣ ਵਾਲੀਆਂ ਟਰੇਨਾਂ ਲੇਟ ਨਹੀਂ ਹੋਣਗੀਆਂ ਕਿਉਂਕਿ ਪਹਿਲਾਂ ਚੰਡੀਗੜ੍ਹ-ਅੰਬਾਲਾ ਦੇ ਵਿਚਕਾਰ ਸਿੰਗਲ ਟਰੈਕ ਸੀ। ਇਸ ਕਾਰਨ ਟਰੇਨਾਂ ਨੂੰ ਪਾਸ ਕਰਵਾਉਣ ਲਈ ਵਿਚਕਾਰ ਰੋਕਿਆ ਜਾਂਦਾ ਸੀ। ਇਸ ਕਾਰਨ ਟਰੇਨਾਂ ਅੱਧਾ ਘੰਟਾ ਲੇਟ ਹੋ ਜਾਂਦੀਆਂ ਸਨ ਪਰ ਹੁਣ ਟਰੇਨਾਂ ਲੇਟ ਹੋਣ ਦੀ ਸੰੰਭਾਵਨਾ ਨਹੀਂ ਹੈ। ਇਸ ਦੇ ਨਾਲ ਹੀ ਜਦੋਂ ਕੋਈ ਟਰੇਨ ਚੰਡੀਗੜ੍ਹ ਪੁੱਜਦੀ ਸੀ ਤਾਂ ਉਨ੍ਹਾਂ ਨੂੰ ਸਾਫ-ਸਫਾਈ ਲਈ ਵਾਸ਼ਿੰਗ ਲਾਇਨ 'ਤੇ ਲੈ ਕੇ ਜਾਣ ਲਈ ਮੇਨ ਟਰੈਕ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਹੁਣ ਪਲੇਟਫਾਰਮ ਨੰਬਰ 6 ਬਣਨ ਨਾਲ ਸਿੱਧੇ ਦੂਜੇ ਟਰੈਕ ਤੋਂ ਟਰੇਨ ਵਾਸ਼ਿੰਗ ਲਾਈਨ 'ਤੇ ਪਹੁੰਚ ਜਾਵੇਗੀ।
ਚੰਡੀਗੜ੍ਹ 'ਚ ਵਧੇ ਸ਼ਰਾਬ ਦੇ ਰੇਟ, ਐਕਸਾਈਜ਼ ਪਾਲਿਸੀ ਇਕ ਅਪ੍ਰੈਲ ਤੋਂ ਲਾਗੂ
NEXT STORY