ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ) - ਮੌਜੂਦਾ ਝੋਨੇ ਦੇ ਸੀਜ਼ਨ ਦੌਰਾਨ ਦਾਣਾ ਮੰਡੀਆਂ 'ਚੋਂ ਝੋਨੇ ਦੀ ਢੋਆ-ਢੁਆਈ ਕਰਨ ਵਾਲੇ ਓਵਰਲੋਡ ਟਰਾਲੇ ਟ੍ਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ । ਸਕੂਟਰ-ਮੋਟਰਸਾਈਕਲ, ਕਾਰ ਆਦਿ ਵ੍ਹੀਕਲਾਂ ਵਾਲਿਆਂ ਨੂੰ ਮਾਮੂਲੀ ਕਸੂਰ 'ਤੇ ਅੱਖਾਂ ਦਿਖਾਉਣ ਵਾਲੇ ਅਤੇ ਉਨ੍ਹਾਂ ਦਾ ਚਲਾਨ ਕੱਟਣ ਵਾਲੇ ਅਧਿਕਾਰੀਆਂ ਦੀਆਂ ਐਨਕਾਂ ਦੇ ਸ਼ੀਸ਼ੇ ਇਨ੍ਹਾਂ ਟਰਾਲਿਆਂ ਨੂੰ ਦੇਖਣ ਤੋਂ ਅਸਮਰੱਥ ਹਨ, ਦੂਸਰੇ ਪਾਸੇ ਨਵੀਂ ਬਣ ਰਹੀ ਮੋਗਾ-ਬਰਨਾਲਾ ਨੈਸ਼ਨਲ ਹਾਈਵੇ ਨੰਬਰ 71 'ਤੇ ਬੱਧਨੀ ਕਲਾਂ, ਲੁਹਾਰਾ ਅਤੇ ਬਿਲਾਸਪੁਰ ਵਿਖੇ ਬਣ ਰਹੇ ਬਾਈਪਾਸ 'ਤੇ ਮਿੱਟੀ ਪਾ ਰਹੇ ਓਵਰਲੋਡ ਟਰਾਲੇ ਵੀ ਟ੍ਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ, ਇਨ੍ਹਾਂ ਟਰਾਲਿਆਂ ਵੱਲੋਂ ਨਵੀਆਂ ਬਣੀਆਂ ਲਿੰਕ ਸੜਕਾਂ ਦਾ ਭਾਰੀ ਨੁਕਸਾਨ ਕੀਤਾ ਜਾ ਰਿਹਾ ਹੈ, ਜਿਸ ਦਾ ਖਮਿਆਜ਼ਾ ਪਿੰਡਾਂ ਦੇ ਲੋਕਾਂ ਨੂੰ ਤਾਂ ਭੁਗਤਣਾ ਪੈ ਰਿਹਾ ਹੈ ਤੇ ਪੰਚਾਇਤ ਤੇ ਸਰਕਾਰ ਨੂੰ ਵੀ ਇਸ ਨਾਲ ਭਾਰੀ ਨੁਕਸਾਨ ਹੋਵੇਗਾ । ਵੱਖ-ਵੱਖ ਪਿੰਡਾਂ ਦੇ ਲੋਕਾਂ ਅਤੇ ਜਨਤਕ ਜਥੇਬੰਦੀਆਂ ਨੇ ਪ੍ਰਸ਼ਾਸਨ ਤੋਂ ਇਸ ਮਾਮਲੇ 'ਚ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ। ਲੋਕਾਂ ਨੇ ਦੋਸ਼ ਲਾਇਆ ਕਿ ਆਮ ਪਬਲਿਕ ਨੂੰ ਤਾਂ ਟ੍ਰੈਫਿਕ ਨਿਯਮਾਂ ਪ੍ਰਤੀ ਅਣਦੇਖੀ ਦੇ ਦੋਸ਼ 'ਚ ਸਬੰਧਿਤ ਵਿਭਾਗ ਵੱਲੋਂ ਤੁਰੰਤ ਦੋਸ਼ੀ ਬਣਾ ਦਿੱਤਾ ਜਾਂਦਾ ਹੈ ਪਰ ਚਿੱਟੇ ਦਿਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਨ੍ਹਾਂ ਦੋਸ਼ੀਆਂ ਨੂੰ ਵਿਭਾਗ ਵੱਲੋਂ ਸਰਪ੍ਰਸਤੀ ਦਿੱਤੀ ਜਾ ਰਹੀ ਹੈ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਇਸ ਮਾਮਲੇ 'ਤੇ ਦਖਲ ਦੀ ਮੰਗ ਕੀਤੀ।
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਨਾਅਰੇਬਾਜ਼ੀ
NEXT STORY