ਅੰਮ੍ਰਿਤਸਰ, (ਨੀਰਜ)- ਅੰਮ੍ਰਿਤਸਰ ਤਹਿਸੀਲ 'ਚ ਅੱਜ ਉਸ ਸਮੇਂ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ ਜਦੋਂ ਡੀ. ਆਰ. ਓ. (ਜ਼ਿਲਾ ਮਾਲ ਅਫਸਰ) ਮੁਕੇਸ਼ ਸ਼ਰਮਾ ਨੇ ਅੱਧਾ ਦਰਜਨ ਨਾਇਬ ਤਹਿਸੀਲਦਾਰਾਂ ਨੂੰ ਲੈ ਕੇ ਇਥੇ ਕੰਮ ਕਰਨ ਵਾਲੇ ਵਸੀਕਾ-ਨਵੀਸਾਂ ਤੇ ਅਸ਼ਟਾਮ ਫਰੋਸ਼ਾਂ ਦੀਆਂ ਦੁਕਾਨਾਂ 'ਤੇ ਅਚਾਨਕ ਛਾਪੇਮਾਰੀ ਕੀਤੀ। ਇਸ ਦੌਰਾਨ ਕੁਝ ਦੁਕਾਨਦਾਰ ਵੀ ਆਪਣੀਆਂ ਦੁਕਾਨਾਂ ਬੰਦ ਕਰ ਕੇ ਇਧਰ-ਉਧਰ ਹੋ ਗਏ, ਹਾਲਾਂਕਿ ਇੰਨੀ ਵੱਡੀ ਅਧਿਕਾਰੀਆਂ ਦੀ ਟੀਮ ਨੂੰ ਲੈ ਕੇ ਜੋ ਨਤੀਜਾ ਸਾਹਮਣੇ ਆਉਣਾ ਚਾਹੀਦਾ ਸੀ ਉਹ ਨਜ਼ਰ ਨਹੀਂ ਆਇਆ।
ਡੀ. ਆਰ. ਓ. ਮੁਕੇਸ਼ ਸ਼ਰਮਾ ਅਨੁਸਾਰ ਜਿਨ੍ਹਾਂ ਵਸੀਕਾ-ਨਵੀਸਾਂ ਤੇ ਅਸ਼ਟਾਮ ਫਰੋਸ਼ਾਂ ਦੇ ਕੰਮ ਵਿਚ ਕਮੀਆਂ ਪਾਈਆਂ ਗਈਆਂ ਹਨ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਅਤੇ ਡੀ. ਸੀ. ਨੂੰ ਵੀ ਅਗਲੀ ਕਾਰਵਾਈ ਲਈ ਲਿਖਿਆ ਗਿਆ ਹੈ। ਇਨ੍ਹਾਂ ਅਧਿਕਾਰੀਆਂ ਦੀ ਟੀਮ ਨੂੰ ਦੇਖ ਕੇ ਜ਼ਿਆਦਾਤਰ ਦੁਕਾਨਦਾਰ ਇਹੀ ਸਮਝ ਰਹੇ ਸਨ ਕਿ ਪਤਾ ਨਹੀਂ ਕੀ ਹੋ ਗਿਆ ਹੈ ਪਰ ਜਿਸ ਤਰ੍ਹਾਂ ਸੋਚਿਆ ਜਾ ਰਿਹਾ ਸੀ ਉਹੋ ਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ। ਇਸ ਕਾਰਵਾਈ ਵਿਚ ਡੀ. ਆਰ. ਓ. ਮੁਕੇਸ਼ ਸ਼ਰਮਾ ਤੋਂ ਇਲਾਵਾ ਨਾਇਬ ਤਹਿਸੀਲਦਾਰ ਅਰਚਨਾ ਸ਼ਰਮਾ, ਨਾਇਬ ਤਹਿਸੀਲਦਾਰ ਲਖਵਿੰਦਰਪਾਲ ਸਿੰਘ ਗਿੱਲ, ਨਾਇਬ ਤਹਿਸੀਲਦਾਰ ਰਤਨਜੀਤ ਸਿੰਘ, ਨਾਇਬ ਤਹਿਸੀਲਦਾਰ ਰੌਬਿਨਜੀਤ ਕੌਰ, ਨਾਇਬ ਤਹਿਸੀਲਦਾਰ ਅਜੇ ਸ਼ਰਮਾ ਤੇ ਨਾਇਬ ਤਹਿਸੀਲਦਾਰ ਕਰਨਪਾਲ ਸਿੰਘ ਸ਼ਾਮਲ ਰਹੇ।
ਗੈਰ-ਲਾਇਸੈਂਸੀ ਵਸੀਕਾ-ਨਵੀਸਾਂ ਦੀ ਐਂਟਰੀ ਕਦੋਂ ਹੋਵੇਗੀ ਬੰਦ?
ਅੱਧਾ ਦਰਜਨ ਅਧਿਕਾਰੀਆਂ ਦੀ ਟੀਮ ਵੱਲੋਂ ਸਿਰਫ ਤਹਿਸੀਲ ਕੰਪਲੈਕਸ ਵਿਚ ਕੰਮ ਕਰਨ ਵਾਲੇ ਦੁਕਾਨਦਾਰਾਂ ਜਿਨ੍ਹਾਂ 'ਚ ਅਸ਼ਟਾਮ ਫਰੋਸ਼ ਅਤੇ ਵਸੀਕਾ ਨਵੀਸ ਸ਼ਾਮਲ ਸਨ, ਦੀ ਹੀ ਚੈਕਿੰਗ ਕੀਤੀ ਗਈ ਹੈ ਪਰ ਉਨ੍ਹਾਂ ਗੈਰ-ਲਾਇਸੈਂਸੀ ਵਸੀਕਾ-ਨਵੀਸਾਂ ਜਾਂ ਅਸ਼ਟਾਮ ਫਰੋਸ਼ਾਂ ਨੂੰ ਨਹੀਂ ਫੜਿਆ ਗਿਆ ਜੋ ਕੁਝ ਅਧਿਕਾਰੀਆਂ ਦੇ ਦਲਾਲ ਬਣੇ ਹੋਏ ਹਨ ਅਤੇ ਬਿਨਾਂ ਲਾਇਸੈਂਸ ਕੰਮ ਕਰ ਰਹੇ ਹਨ। ਅਜਿਹੇ ਗੈਰ-ਲਾਇਸੈਂਸੀ ਲੋਕਾਂ ਨੂੰ ਤਹਿਸੀਲ 'ਚ ਆਉਂਦੇ-ਜਾਂਦੇ ਦੇਖਿਆ ਜਾ ਸਕਦਾ ਹੈ ਪਰ ਪ੍ਰਸ਼ਾਸਨ ਵੱਲੋਂ ਅਜਿਹੇ ਲੋਕਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।
ਕਾਰਪੋਰੇਸ਼ਨ ਕੁਰੱਪਸ਼ਨ ਦਾ ਸਭ ਤੋਂ ਵੱਡਾ ਅੱਡਾ : ਬੈਂਸ
NEXT STORY