ਫਗਵਾੜਾ (ਜਲੋਟਾ) : ਫਗਵਾੜਾ ਸ਼ਹਿਰ ਵਿੱਚ ਕੁਝ ਸ਼ਾਤਿਰ ਲੋਕਾਂ ਵੱਲੋਂ ਤੰਗ ਬਾਜ਼ਾਰਾਂ ਅਤੇ ਸਰਕਾਰੀ ਜ਼ਮੀਨਾਂ 'ਤੇ ਬੀਤੇ ਲੰਮੇ ਸਮੇਂ ਤੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਦਾ ਸਿਲਸਿਲਾ ਥੰਮਣ ਦਾ ਨਾਮ ਨਹੀਂ ਲੈ ਰਿਹਾ ਹੈ। ਹਕੀਕਤ ਇਹ ਹੈ ਕਿ ਇਨ੍ਹਾਂ ਦਿਨਾਂ ਵਿੱਚ ਖਾਸ ਕਰਕੇ ਬਰਸਾਤੀ ਮੌਸਮ ਦੌਰਾਨ, ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਬੰਗਾ ਰੋਡ, ਸਿਨੇਮਾ ਰੋਡ ਅਤੇ ਹੋਰ ਵਿਅਸਤ ਇਲਾਕੇ ਸ਼ਾਮਲ ਹਨ, ਦੀ ਸਥਿਤੀ ਇੰਨੀ ਬਦਤਰ ਹੋ ਚੁੱਕੀ ਹੈ ਕਿ ਆਮ ਜਨਤਾ ਦਾ ਉੱਥੋਂ ਪੈਦਲ ਲੰਘਣਾ ਵੀ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਜਾਪ ਰਿਹਾ ਹੈ। ਕੁਝ ਦੁਕਾਨਦਾਰਾਂ ਵੱਲੋਂ ਤਾਂ ਆਪਣੀਆਂ ਦੁਕਾਨਾਂ ਦੇ ਬਾਹਰ ਕਈ-ਕਈ ਫੁੱਟ ਸਰਕਾਰੀ ਜ਼ਮੀਨ 'ਤੇ ਸਾਮਾਨ ਸਜਾ ਕੇ ਸ਼ਰੇਆਮ ਕੀਤੇ ਜਾ ਰਹੇ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੇ ਪੂਰੀ ਟ੍ਰੈਫਿਕ ਵਿਵਸਥਾ ਨੂੰ ਪੰਗੂ ਬਣਾ ਕੇ ਰੱਖ ਦਿੱਤਾ ਹੈ। ਪਰ ਅਜਿਹੇ ਸ਼ਾਤਿਰ ਅਤੇ ਰਸੂਖਦਾਰ ਲੋਕਾਂ ਖ਼ਿਲਾਫ਼ ਅੱਜ ਤੱਕ ਸਰਕਾਰੀ ਕਾਰਵਾਈ ਬਿਲਕੁਲ ਜ਼ੀਰੋ ਰਹੀ ਹੈ।
ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਫਗਵਾੜਾ ਵਿੱਚ ਜਦੋਂ ਵੀ ਕੋਈ ਪਹਿਲ ਹੁੰਦੀ ਹੈ ਤਾਂ ਇਸ ਦਾ ਕੇਂਦਰ ਸਭ ਤੋ ਪਹਿਲਾ ਹਮੇਸ਼ਾ ਗਰੀਬ, ਦਿਹਾੜੀਦਾਰ ਰੇਹੜੀ ਅਤੇ ਫੜ੍ਹੀ ਵਾਲੇ ਹੀ ਬਣਦੇ ਹਨ, ਜਿਨ੍ਹਾਂ ਖ਼ਿਲਾਫ਼ ਨਿਗਮ ਦਾ ਪੀਲਾ ਪੰਜਾ ਗਰਜਦਾ ਹੈ। ਕੀ ਨਿਗਮ ਅਤੇ ਪੁਲਸ ਨੂੰ ਦੁਕਾਨਾਂ ਦੇ ਬਾਹਰ ਦੁਕਾਨਾਂ ਸਜਾ ਕੇ ਸ਼ਰੇਆਮ ਸਰਕਾਰੀ ਜ਼ਮੀਨਾਂ 'ਤੇ ਕੀਤੇ ਗਏ ਵੱਡੇ ਕਬਜ਼ੇ ਦਿਖਾਈ ਨਹੀਂ ਦਿੰਦੇ ਹਨ? ਇਹ ਸਵਾਲ ਖ਼ੁਦ ਉਹ ਮਜਬੂਰ ਫਗਵਾੜਾ ਵਾਸੀ ਪੁੱਛ ਰਹੇ ਹਨ, ਜਿਨ੍ਹਾਂ ਨੂੰ ਰੋਜ਼ਾਨਾ ਇਨ੍ਹਾਂ ਨਾਜਾਇਜ਼ ਕਬਜ਼ਿਆਂ ਕਾਰਨ ਭਾਰੀ ਪ੍ਰੇਸ਼ਾਨੀਆਂ ਅਤੇ ਔਕੜਾ ਦੇ ਦੌਰ ਵਿੱਚੋਂ ਲੰਘਣਾ ਪੈ ਰਿਹਾ ਹੈ ਪਰ ਇਸ ਦੀ ਚਿੰਤਾ ਭਲਾ ਕਿਸ ਨੂੰ ਹੈ? ਇਹ ਤਰਕ ਖ਼ੁਦ ਲੋਕ ਦੇ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ : ਹੁਣ ਸਫ਼ਰ ਕਰਨਾ ਹੋਇਆ ਹੋਰ ਮਹਿੰਗਾ! ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਨੇ ਫਿਰ ਵਧਾਏ ਰੇਟ
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗੰਭੀਰ ਜਨ-ਸਮੱਸਿਆ ਦੀ ਜ਼ਮੀਨੀ ਸੱਚਾਈ ਤੋਂ ਟ੍ਰੈਫਿਕ ਪੁਲਸ ਫਗਵਾੜਾ, ਨਗਰ ਨਿਗਮ ਫਗਵਾੜਾ ਅਤੇ ਸਥਾਨਕ ਸਿਵਲ ਪ੍ਰਸ਼ਾਸਨ ਚੰਗੀ ਤਰ੍ਹਾਂ ਜਾਣੂ ਹੈ, ਪਰ ਇਸ ਦੇ ਬਾਵਜੂਦ ਸਥਿਤੀ ਜਸ ਦੀ ਤਸ ਬਣੀ ਹੋਈ ਹੈ। ਕੁਝ ਸਮਾਂ ਪਹਿਲਾਂ ਐੱਸ. ਐੱਸ. ਪੀ. ਕਪੂਰਥਲਾ ਗੌਰਵ ਤੂਰਾ ਵੱਲੋਂ ਸਥਾਨਕ ਫਗਵਾੜਾ ਪੁਲਸ ਨੂੰ ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਸੁਚਾਰੂ ਰੱਖਣ ਲਈ ਸਖ਼ਤ ਹੁਕਮ ਜਾਰੀ ਕੀਤੇ ਗਏ ਸਨ। ਇਸੇ ਤਰ੍ਹਾਂ ਐੱਸ. ਪੀ. ਫਗਵਾੜਾ ਮਾਧਵੀ ਸ਼ਰਮਾ ਵੱਲੋਂ ਵੀ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਇੱਕ ਸ਼ਲਾਘਾਯੋਗ ਅਤੇ ਪ੍ਰਭਾਵਸ਼ਾਲੀ ਪਹਿਲ ਕੀਤੀ ਗਈ ਸੀ। ਪਰ ਸਮਾਂ ਬੀਤਣ ਦੇ ਨਾਲ-ਨਾਲ ਐੱਸ ਪੀ ਮਾਧਵੀ ਸ਼ਰਮਾ ਟ੍ਰੈਫਿਕ ਪੁਲਸ ਅਤੇ ਪ੍ਰਸ਼ਾਸਨ ਦੀ ਉਹ ਸਖ਼ਤੀ ਹੁਣ ਕਿਤੇ ਵੀ ਦਿਖਾਈ ਹੀ ਨਹੀਂ ਦੇ ਰਹੀ ਅਤੇ ਉੱਚ ਅਧਿਕਾਰੀਆਂ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਜਿਲਾ ਕਪੂਰਥਲਾ ਦੇ ਐੱਸਐੱਸਪੀ ਗੌਰਵ ਤੂਰਾ ਵਲੋਂ ਵੀ ਕੁਝ ਸਮਾਂ ਪਹਿਲਾਂ ਫਗਵਾੜਾ 'ਚ ਇਹ ਗੱਲ ਮੀਡੀਆ 'ਚ ਐਲਾਨ ਕਰਦੇ ਹੋਏ ਆਖੀ ਗਈ ਸੀ ਕਿ ਫਗਵਾੜਾ ਪੁਲਸ ਬੇਹੱਦ ਸਖਤੀਂ ਨਾਲ ਨਾਜਾਇਜ਼ ਕਬਜ਼ਾ ਕਰਨ ਵਾਲੇ ਸ਼ਾਤਰ ਲੋਕਾਂ ਖਿਲਾਫ ਸਖਤ ਕਾਰਵਾਈਆਂ ਕਰੇਗੀ। ਇਸ ਤੋਂ ਬਾਅਦ ਕੁਝ ਸਮੇਂ ਲਈ ਪੁਲਸ ਐਕਸ਼ਨ ਵੀ ਵੇਖਣ ਨੂੰ ਮਿਲੀਆਂ ਸੀ ਪਰ ਹੁਣ ਫੇਰ ਹਾਲਾਤ ਪਹਿਲਾ ਵਾਂਗ ਹੀ ਹੋ ਚੁੱਕੇ ਹਨ।
ਪ੍ਰਸ਼ਾਸਨ ਦੀ ਇਸ ਢਿੱਲੀ ਕਾਰਗੁਜ਼ਾਰੀ ਤੋਂ ਤੰਗ ਆ ਕੇ ਹੁਣ ਫਗਵਾੜਾ ਦੀ ਜਨਤਾ ਸਿੱਧੇ ਤੌਰ 'ਤੇ ਨਗਰ ਨਿਗਮ ਦੇ ਮੇਅਰ ਰਾਮਪਾਲ ਉੱਪਲ ਤੋਂ ਤਿੱਖੇ ਸਵਾਲ ਕਰਨ ਲਈ ਮਜਬੂਰ ਹੋ ਰਹੀ ਹੈ। ਲੋਕਾਂ ਦਾ ਪੁੱਛਣਾ ਹੈ ਕਿ ਆਖਰ ਨਿਗਮ ਵੱਲੋਂ ਸ਼ਰੇਆਮ ਨਾਜਾਇਜ਼ ਕਬਜ਼ੇ ਕਰਨ ਵਾਲੇ ਇਨ੍ਹਾਂ ਸ਼ਾਤਿਰ ਲੋਕਾਂ ਨੂੰ ਸਰਕਾਰੀ ਜ਼ਮੀਨਾਂ ਮੁਕਤ ਕਰਨ ਲਈ ਹੋਰ ਕਿੰਨੀਆਂ ਅਪੀਲਾਂ ਕੀਤੀਆਂ ਜਾਣੀਆਂ ਬਾਕੀ ਹਨ? ਜਨਤਾ ਪੁੱਛ ਰਹੀ ਹੈ ਕਿ ''ਹੋਰ ਕਿੰਨੀਆਂ ਅਪੀਲਾਂ ਜਾਰੀ ਕਰੋਗੇ ਮੇਅਰ ਸਾਹਿਬ?" ਆਖਰ ਉਹ ਕਿਹੜਾ ਭਾਗਾਂ ਵਾਲਾ ਦਿਨ ਹੋਵੇਗਾ, ਜਦੋਂ ਫਗਵਾੜਾ ਦੇ ਤੰਗ ਬਾਜ਼ਾਰ ਹਕੀਕਤ ਵਿੱਚ ਇਨ੍ਹਾਂ ਨਾਜਾਇਜ਼ ਕਬਜ਼ਾਧਾਰੀਆਂ ਤੋਂ ਮੁਕਤ ਹੋਣਗੇ? ਕੀ ਇਹ ਕਦੇ ਸੰਭਵ ਹੋਵੇਗਾ ਵੀ?
ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਖ਼ੁਸ਼ਖਬਰੀ: IRCTC ਦੀ ਨਵੀਂ ਵੈੱਬਸਾਈਟ ਦਾ ਬੀਟਾ ਵਰਜਨ ਲਾਂਚ, ਸੁਪਰਫਾਸਟ ਹੋਵੇਗੀ ਟਿਕਟ ਬੁਕਿੰਗ
ਹੁਣ ਹੋਰ ਮੁਹਲਤ ਨਹੀਂ ਮਿਲੇਗੀ, ਕਾਨੂੰਨੀ ਐਕਸ਼ਨ ਲਈ ਰਹੋ ਤਿਆਰ : ਮੇਅਰ ਰਾਮਪਾਲ ਉੱਪਲ
ਇਸ ਪੂਰੇ ਗੰਭੀਰ ਮਾਮਲੇ ਅਤੇ ਜਨਤਾ ਦੇ ਤਿੱਖੇ ਸਵਾਲਾਂ ਨੂੰ ਲੈ ਕੇ ਜਦੋਂ ਨਗਰ ਨਿਗਮ ਦੇ ਮੇਅਰ ਰਾਮਪਾਲ ਉੱਪਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਨਿਗਮ ਦਾ ਪੱਖ ਸਪੱਸ਼ਟ ਕੀਤਾ। ਮੇਅਰ ਰਾਮਪਾਲ ਉੱਪਲ ਨੇ ਕਿਹਾ ਕਿ ਸ਼ਹਿਰ ਨੂੰ ਸੁੰਦਰ ਅਤੇ ਕਬਜ਼ਾ ਮੁਕਤ ਬਣਾਉਣਾ ਉਨ੍ਹਾਂ ਦੀ ਸਰਵਉੱਚ ਤਰਜੀਹ ਹੈ ਅਤੇ ਇਸ ਦੇ ਲਈ ਹੁਣ ਬਹੁਤ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਜਦੋਂ ਮੇਅਰ ਉੱਪਲ ਤੋਂ ਇਹ ਪੁੱਛਿਆ ਗਿਆ ਕਿ ਨਿਗਮ ਵੱਲੋਂ ਹਜ਼ਾਰਾਂ ਰੁਪਏ ਖਰਚ ਕਰਕੇ ਪੂਰੇ ਸ਼ਹਿਰ ਵਿੱਚ ਪੀਲੀਆਂ ਲਾਈਨਾਂ ਲਗਾਈਆਂ ਗਈਆਂ ਸਨ, ਉਨ੍ਹਾਂ ਦਾ ਕੀ ਬਣਿਆ? ਜੇਕਰ ਨਿਗਮ ਨੇ ਕੋਈ ਕਾਰਵਾਈ ਹੀ ਨਹੀਂ ਸੀ ਕਰਨੀ ਤਾਂ ਸਰਕਾਰੀ ਖ਼ਜ਼ਾਨੇ ਦਾ ਪੈਸਾ ਖਰਚ ਕਰਕੇ ਇਹ ਲਾਈਨਾਂ ਕਿਉਂ ਲਗਵਾਈਆਂ ਗਈਆਂ ਅਤੇ ਇਸ ਦਾ ਕੀ ਫਾਇਦਾ ਹੋਇਆ?
ਇਸ 'ਤੇ ਮੇਅਰ ਰਾਮਪਾਲ ਉੱਪਲ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ''ਨਾਜਾਇਜ਼ ਕਬਜ਼ਾਧਾਰੀਆਂ ਨੂੰ ਨਗਰ ਨਿਗਮ ਵੱਲੋਂ ਇਹ ਇਸ ਵਾਰ ਦੀ ਆਖਰੀ ਅਪੀਲ ਜਾਰੀ ਕੀਤੀ ਗਈ ਹੈ। ਸਬੰਧਤ ਲੋਕ, ਦੁਕਾਨਦਾਰ ਅਤੇ ਜੋ ਵੀ ਸਰਕਾਰੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ੇ ਕਰਨ ਦੇ ਆਦੀ ਹੋ ਚੁੱਕੇ ਹਨ, ਉਹ ਤੰਗ ਬਾਜ਼ਾਰਾਂ, ਬੰਗਾ ਰੋਡ, ਸਿਨੇਮਾ ਰੋਡ ਆਦਿ ਵਿਅਸਤ ਇਲਾਕਿਆਂ ਤੋਂ ਖ਼ੁਦ ਹੀ ਆਪਣੇ ਨਾਜਾਇਜ਼ ਕਬਜ਼ੇ ਤੁਰੰਤ ਹਟਾ ਲੈਣ। ਜੇਕਰ ਇਸ ਆਖਰੀ ਚੇਤਾਵਨੀ ਤੋਂ ਬਾਅਦ ਵੀ ਕਿਸੇ ਨੇ ਸਰਕਾਰੀ ਜ਼ਮੀਨ ਨੂੰ ਖਾਲੀ ਨਾ ਕੀਤਾ, ਤਾਂ ਉਹ ਭਾਰੀ ਜੁਰਮਾਨੇ, ਸਖ਼ਤ ਕਾਨੂੰਨੀ ਕਾਰਵਾਈ ਅਤੇ ਨਿਗਮ ਵੱਲੋਂ ਕੀਤੇ ਜਾਣ ਵਾਲੇ ਵੱਡੇ ਐਕਸ਼ਨ ਲਈ ਪੂਰੀ ਤਰ੍ਹਾਂ ਤਿਆਰ ਰਹਿਣ। ਹੁਣ ਕਿਸੇ ਵੀ ਸੂਰਤ ਵਿੱਚ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ।"
ਸਥਾਨਕ ਪੁਲਸ ਨੂੰ ਮੁਹਿੰਮ 'ਚ ਕੀਤਾ ਜਾ ਰਿਹਾ ਹੈ ਸ਼ਾਮਲ
ਮੇਅਰ ਉੱਪਲ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਕਬਜ਼ਾ ਵਿਰੋਧੀ ਮੁਹਿੰਮ ਨੂੰ ਸਿਰਫ਼ ਨੋਟਿਸਾਂ ਜਾਂ ਅਪੀਲਾਂ ਤੱਕ ਸੀਮਤ ਨਹੀਂ ਰੱਖਿਆ ਜਾਵੇਗਾ, ਬਲਕਿ ਇਸ ਨੂੰ ਪੂਰੀ ਤਰ੍ਹਾਂ ਅਮਲੀ ਜਾਮਾ ਪਹਿਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਜਨਹਿਤ ਦੀ ਮੁਹਿੰਮ ਨੂੰ ਸੌ ਫੀਸਦੀ ਸਫ਼ਲ ਬਣਾਉਣ ਲਈ ਨਗਰ ਨਿਗਮ ਵੱਲੋਂ ਸਥਾਨਕ ਫਗਵਾੜਾ ਪੁਲਸ ਨੂੰ ਵੀ ਸਿੱਧੇ ਤੌਰ 'ਤੇ ਇਸ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਨਿਗਮ ਅਤੇ ਪੁਲਸ ਫੋਰਸ ਦੀਆਂ ਸਾਂਝੀਆਂ ਟੀਮਾਂ ਬਹੁਤ ਜਲਦ ਬਾਜ਼ਾਰਾਂ ਵਿੱਚ ਉਤਰਨਗੀਆਂ ਅਤੇ ਜੋ ਵੀ ਕਾਨੂੰਨ ਦੀ ਉਲੰਘਣਾ ਕਰਦਾ ਪਾਇਆ ਗਿਆ, ਉਸ ਦਾ ਸਾਮਾਨ ਜ਼ਬਤ ਕਰਨ ਦੇ ਨਾਲ-ਨਾਲ ਕਾਨੂੰਨੀ ਕਾਰਵਾਈ ਵੀ ਦਰਜ ਕਰਵਾਈ ਜਾਵੇਗੀ। ਮੇਅਰ ਨੇ ਉਮੀਦ ਜਤਾਈ ਕਿ ਸ਼ਹਿਰ ਵਾਸੀ ਅਤੇ ਦੁਕਾਨਦਾਰ ਫਗਵਾੜਾ ਦੇ ਵਿਕਾਸ ਅਤੇ ਸੁਚਾਰੂ ਟ੍ਰੈਫਿਕ ਵਿਵਸਥਾ ਵਿੱਚ ਨਿਗਮ ਦਾ ਪੂਰਾ ਸਹਿਯੋਗ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਨਸੂਨ ਤੋਂ ਪਹਿਲਾਂ ਹੜ੍ਹ ਪ੍ਰਬੰਧਾਂ 'ਤੇ ਭਾਜਪਾ ਦੇ ਤਿੱਖੇ ਸਵਾਲ, ਕੇਵਲ ਸਿੰਘ ਢਿੱਲੋਂ ਨੇ CM ਮਾਨ ਨੂੰ ਲਿਖਿਆ ਪੱਤਰ
NEXT STORY