ਜਲੰਧਰ - ਪੰਜਾਬ ਕੈਬਨਿਟ ਨੇ ਅੱਜ ਪੰਚਾਇਤੀ ਤੇ ਸਥਾਨਕ ਲੋਕਲ ਬਾਡੀਜ਼ ਸੰਸਥਾਵਾਂ 'ਚ ਔਰਤਾਂ ਲਈ 50 ਫੀਸਦੀ ਰਿਜ਼ਰਵੇਸ਼ਨ ਨੂੰ ਪਾਸ ਕਰ ਦਿੱਤਾ, ਜਿਸ ਤੋਂ ਬਾਅਦ ਹੁਣ ਸੂਬੇ ਦੇ ਨਗਰ ਨਿਗਮ ਦੇ ਕੌਂਸਲਰ ਹਾਊਸ ਵਿਚ ਹਰ ਦੂਜੀ ਕੁਰਸੀ 'ਤੇ ਇਕ ਔਰਤ ਨਜ਼ਰ ਆਇਆ ਕਰੇਗੀ। ਇਸਦੇ ਨਾਲ ਹੀ ਨਿਗਮਾਂ ਵਿਚ ਕੌਂਸਲਰ ਪਤੀਆਂ ਦੀ ਫੌਜ 'ਚ ਵੀ ਇਜ਼ਾਫਾ ਹੋਵੇਗਾ ਕਿਉਂਕਿ ਜ਼ਿਆਦਾਤਰ ਮਹਿਲਾ ਕੌਂਸਲਰਾਂ ਦੇ ਪਤੀ ਹੀ ਨਿਗਮ 'ਚ ਕੰਮ ਆਦਿ ਕਰਵਾਉਣ ਆਉਂਦੇ ਹਨ।
ਜ਼ਿਕਰਯੋਗ ਹੈ ਕਿ ਜਲੰਧਰ ਨਗਰ ਨਿਗਮ 'ਚ ਇਸ ਵੇਲੇ 60 ਕੌਂਸਲਰ ਹਨ, ਜਿਨ੍ਹਾਂ 'ਚ ਮਹਿਲਾ ਕੌਂਸਲਰਾਂ ਦੀ ਗਿਣਤੀ 20 ਹੋਣੀ ਚਾਹੀਦੀ ਹੈ ਪਰ ਪਿਛਲੀਆਂ ਚੋਣਾਂ ਦੌਰਾਨ 5 ਮਹਿਲਾ ਕੌਂਸਲਰ ਅਜਿਹੀਆਂ ਸਨ ਜੋ ਮਹਿਲਾ ਰਿਜ਼ਰਵ ਵਾਰਡਾਂ ਦੀ ਬਜਾਏ ਹੋਰ ਵਾਰਡਾਂ ਤੋਂ ਜਿੱਤੀਆਂ। ਪੰਜਾਬ ਸਰਕਾਰ ਦੇ ਨਵੇਂ ਫੈਸਲੇ ਨਾਲ ਮਹਿਲਾ ਸਸ਼ਕਤੀਕਰਨ ਨੂੰ ਤਾਂ ਮਜ਼ਬੂਤੀ ਮਿਲੇਗੀ ਪਰ ਸ਼ਹਿਰ ਵਿਚ ਸਿਆਸਤ ਦਾ ਸਰੂਪ ਬਦਲ ਜਾਵੇਗਾ ਕਿਉਂਕਿ ਸਥਾਪਤ ਨੇਤਾ ਹੀ ਆਪਣੇ ਪਰਿਵਾਰ ਦੀਆਂ ਔਰਤਾਂ ਨੂੰ ਸਿਆਸਤ ਵਿਚ ਲਿਆਉਣਗੇ। ਆਉਣ ਵਾਲੀਆਂ ਚੋਣਾਂ ਵਿਚ ਅਜਿਹੀਆਂ ਔਰਤਾਂ ਨੂੰ ਵੀ ਵੋਟ ਮੰਗਦਿਆਂ ਦੇਖਿਆ ਜਾ ਸਕਦਾ ਹੈ ਕਿ ਜਿਨ੍ਹਾਂ ਨੇ ਘਰ ਤੋਂ ਬਾਹਰ ਪੈਰ ਤੱਕ ਨਹੀਂ ਧਰਿਆ।
ਮਹਿਲਾ ਕੌਂਸਲਰਾਂ ਦੇ ਹਸਤਾਖਰ ਤੱਕ ਕਰਦੇ ਹਨ ਉਨ੍ਹਾਂ ਦੇ ਰਿਸ਼ਤੇਦਾਰ
ਇਸ ਸਮੇਂ ਜਲੰਧਰ ਨਿਗਮ 'ਚ 25 ਦੇ ਲਗਭਗ ਮਹਿਲਾ ਕੌਂਸਲਰ ਹਨ ਪਰ 5 ਮਹਿਲਾ ਕੌਂਸਲਰ ਵੀ ਨਿਗਮ 'ਚ ਦਿਖਾਈ ਨਹੀਂ ਦਿੰਦੀਆਂ। ਲਗਭਗ 20 ਮਹਿਲਾ ਕੌਂਸਲਰ ਅਜਿਹੀਆਂ ਹੋਣਗੀਆਂ, ਜਿਨ੍ਹਾਂ ਦੇ ਹਸਤਾਖਰ ਉਨ੍ਹਾਂ ਦੇ ਪਤੀ ਜਾਂ ਹੋਰ ਰਿਸ਼ਤੇਦਾਰ ਕਰ ਦਿੰਦੇ ਹਨ। ਕਈ ਮਹਿਲਾ ਕੌਂਸਲਰ ਸਬ-ਕਮੇਟੀਆਂ ਵਿਚ ਮੈਂਬਰ ਹਨ ਪਰ ਉਨ੍ਹਾਂ ਦੀਆਂ ਬੈਠਕਾਂ 'ਚ ਵੀ ਉਨ੍ਹਾਂ ਦੇ ਪਤੀ ਜਾਂ ਹੋਰ ਰਿਸ਼ਤੇਦਾਰ ਹਿੱਸਾ ਲੈਂਦੇ ਵਿਖਾਈ ਦਿੰਦੇ ਹਨ।
ਨਵੇਂ ਦਾਅਵੇਦਾਰਾਂ ਲਈ ਹੋਣਗੀਆਂ ਪ੍ਰੇਸ਼ਾਨੀਆਂ
ਨਗਰ ਨਿਗਮ ਦੀਆਂ ਚੋਣਾਂ 2-3 ਮਹੀਨਿਆਂ ਬਾਅਦ ਤੈਅ ਹਨ, ਇਸ ਲਈ ਕਈ ਨਵੇਂ ਦਾਅਵੇਦਾਰਾਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਪਰ ਪੰਜਾਬ ਮੰਤਰੀ ਮੰਡਲ ਨੇ ਮੰਗਲਵਾਰ 50 ਫੀਸਦੀ ਮਹਿਲਾ ਰਿਜ਼ਰਵੇਸ਼ਨ ਨੂੰ ਪ੍ਰਵਾਨਗੀ ਦੇ ਕੇ ਕਈ ਨਵੇਂ ਦਾਅਵੇਦਾਰਾਂ ਦੇ ਸੁਪਨਿਆਂ 'ਤੇ ਪਾਣੀ ਫੇਰਨ ਦਾ ਕੰਮ ਕੀਤਾ ਹੈ। ਕਈ ਨਵੇਂ ਦਾਅਵੇਦਾਰ ਹਾਊਸ 'ਚ ਖੁਦ ਕੌਂਸਲਰ ਬਣਨ ਦੇ ਸੁਪਨੇ ਵੇਖ ਰਹੇ ਹਨ ਪਰ ਜੇ ਉਨ੍ਹਾਂ ਦੇ ਵਾਰਡ ਔਰਤਾਂ ਲਈ ਰਾਖਵੇਂ ਹੋ ਜਾਂਦੇ ਹਨ ਤਾਂ ਨਵੇਂ ਦਾਅਵੇਦਾਰਾਂ ਨੂੰ ਆਪਣੇ ਘਰ ਦੀਆਂ ਔਰਤਾਂ ਨੂੰ ਅੱਗੇ ਲਿਆਉਣਾ ਮੁਸ਼ਕਲ ਹੋ ਜਾਵੇਗਾ। ਅਜਿਹੀ ਹਾਲਤ 'ਚ ਕਈ ਸਾਬਕਾ ਮਹਿਲਾ ਕੌਂਸਲਰਾਂ ਦੀ ਵਾਪਸੀ ਤੈਅ ਮੰਨੀ ਜਾ ਰਹੀ ਹੈ।
ਕਈ ਮਹਿਲਾ ਕੌਂਸਲਰ ਤਾਂ ਸਾਲਾਂ ਤਕ ਨਹੀਂ ਬੋਲਦੀਆਂ
ਨਗਰ ਨਿਗਮ 'ਚ ਕਈ ਮਹਿਲਾ ਕੌਂਸਲਰ ਅਜਿਹੀਆਂ ਵੀ ਹਨ ਜੋ ਸਿਰਫ ਹਾਊਸ ਦੀਆਂ ਬੈਠਕਾਂ 'ਚ ਹੀ ਨਜ਼ਰ ਆਉਂਦੀਆਂ ਹਨ ਪਰ ਸਾਲਾਂ ਤਕ ਇਕ ਵੀ ਸ਼ਬਦ ਤੱਕ ਨਹੀਂ ਬੋਲਦੀਆਂ। ਨਿਗਮ 'ਚ ਵੀ ਉਨ੍ਹਾਂ ਦੇ ਸਭ ਕੰਮ ਉਨ੍ਹਾਂ ਦੇ ਪਤੀ ਜਾਂ ਹੋਰ ਰਿਸ਼ਤੇਦਾਰ ਕਰਦੇ ਹਨ। ਹਾਊਸ 'ਚ ਵੀ ਮਹਿਲਾ ਕੌਂਸਲਰਾਂ ਦੇ ਠੀਕ ਪਿੱਛੇ ਵਾਲੀਆਂ ਸੀਟਾਂ 'ਤੇ ਉਨ੍ਹਾਂ ਦੇ ਪਤੀ ਜਾਂ ਹੋਰ ਰਿਸ਼ਤੇਦਾਰ ਬੈਠੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਨਿਰਦੇਸ਼ ਦਿੰਦੇ ਰਹਿੰਦੇ ਹਨ।
ਮੋਟਰਸਾਈਕਲ ਤੋਂ ਛਾਲ ਮਾਰ ਕੇ ਪੁਲਸ ਹਿਰਾਸਤ 'ਚੋਂ ਭੱਜਿਆ ਸੀ ਦੋਸ਼ੀ, ਹੁਣ ਚੜਿਆ ਅੜਿੱਕੇ
NEXT STORY