ਫ਼ਰੀਦਕੋਟ, (ਹਾਲੀ)- ਸਿੱਖਿਆ ਵਿਭਾਗ ਨੇ ਦਾਨ ਦੇ ਕੇ ਸਰਕਾਰੀ ਸਕੂਲ ਦਾ ਨਾਂ ਆਪਣੇ ਜਾਂ ਪਰਿਵਾਰ ਦੇ ਕਿਸੇ ਵਿਅਕਤੀ ਦੇ ਨਾਂ 'ਤੇ ਰਖਵਾਉਣ ਦੀ ਪਾਲਿਸੀ ਵਿਚ ਬਦਲਾਅ ਕੀਤਾ ਹੈ। ਨਵੀਂ ਨੀਤੀ ਅਨੁਸਾਰ ਹੁਣ ਦਾਨ ਦੇਣ ਵਾਲੇ ਲੋਕਾਂ ਦੇ ਨਾਂ 'ਤੇ ਕਿਸੇ ਸਰਕਾਰੀ ਸਕੂਲ ਦਾ ਨਾਂ ਨਹੀਂ ਰੱਖਿਆ ਜਾ ਸਕਦਾ ਤੇ ਸਿਰਫ਼ ਸਕੂਲ ਵਿਚ ਕਿਸੇ ਬਲਾਕ ਦੀ ਉਸਾਰੀ 'ਚ 100 ਫ਼ੀਸਦੀ ਮਦਦ ਦੇ ਕੇ ਉਸ ਬਲਾਕ ਦਾ ਹੀ ਨਾਂ ਉਸ ਦੇ ਨਾਂ 'ਤੇ ਰੱਖਿਆ ਜਾ ਸਕਦਾ ਹੈ।
ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਰਾਜ ਦੇ ਸੀ. ਈ. ਓ. ਤੇ ਡੀ. ਈ. ਓ. ਨੂੰ ਜਾਰੀ ਪੱਤਰ ਵਿਚ ਲਿਖਿਆ ਹੈ ਕਿ ਦੇਸ਼ ਦੀ ਆਜ਼ਾਦੀ ਵਿਚ ਯੋਗਦਾਨ ਦੇਣ ਵਾਲੀਆਂ ਸ਼ਖਸੀਅਤਾਂ, ਰਾਜ ਅਤੇ ਰਾਸ਼ਟਰੀ ਪੱਧਰ 'ਤੇ ਸਮਾਜਿਕ, ਸੱਭਿਆਚਾਰਕ ਤੇ ਇਤਿਹਾਸਕ ਖੇਤਰ ਵਿਚ ਯੋਗਦਾਨ ਦੇਣ ਵਾਲੇ ਵਿਅਕਤੀਆਂ ਦੇ ਨਾਂ 'ਤੇ ਹੀ ਸਕੂਲ ਦਾ ਨਾਂ ਰੱਖਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਹ ਪਾਲਿਸੀ ਸਿੱਖਿਆ ਵਿਭਾਗ ਨੇ ਮਈ 2012 'ਚ ਸ਼ੁਰੂ ਕੀਤੀ ਸੀ ਕਿ 10 ਲੱਖ, 20 ਲੱਖ ਤੇ 25 ਲੱਖ ਰੁਪਏ ਦਾ ਦਾਨ ਦੇ ਕੇ ਪ੍ਰਾਇਮਰੀ, ਮਿਡਲ ਤੇ ਸੀਨੀਅਰ ਸੈਕੰਡਰੀ ਸਕੂਲ ਦਾ ਨਾਂ ਆਪਣੇ ਜਾਂ ਕਿਸ ਦੇ ਨਾਂ 'ਤੇ ਰਖਵਾਇਆ ਜਾ ਸਕਦਾ ਸੀ। ਹਾਲਾਂਕਿ ਵਿਭਾਗ ਦੀ ਇਸ ਸਕੀਮ 'ਤੇ ਅਪ੍ਰੈਲ 2014 ਵਿਚ ਪੰਜਾਬ ਹਰਿਆਣਾ ਹਾਈਕੋਰਟ ਨੇ ਰੋਕ ਲਾ ਦਿੱਤੀ ਸੀ।
ਇਸ ਯੋਜਨਾ ਤਹਿਤ ਕਈ ਐੱਨ. ਆਰ. ਆਈਜ਼. ਨੇ ਦਾਨ ਦੇ ਕੇ ਸਰਕਾਰੀ ਸਕੂਲਾਂ ਦੇ ਨਾਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਂ 'ਤੇ ਰਖਵਾਏ ਸਨ। ਇਸ ਕਾਰਨ ਸ਼ਹਿਰ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦਾ ਨਾਂ ਡਾ. ਮਹਿੰਦਰ ਬਰਾੜ ਸਾਂਭੀ ਤੇ ਕੋਟਕਪੂਰੇ ਦੇ ਵੀ ਦੋਵੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਨਾਂ ਡਾ. ਹਰੀ ਸਿੰਘ ਸੇਵਕ ਅਤੇ ਡਾ. ਚੰਦਾ ਸਿੰਘ ਮਰਵਾਹ ਦੇ ਨਾਂ 'ਤੇ ਰੱਖੇ ਗਏ ਸਨ।
ਈ. ਜੀ. ਐੱਸ. ਅਧਿਆਪਕਾਂ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ
NEXT STORY