ਜਲੰਧਰ (ਵੈੱਬ ਡੈਸਕ, ਸੋਨੂੰ, ਕੁੰਦਨ, ਪੰਕਜ)- ਨਸ਼ੇ ਦੇ ਸੌਦਾਗਰਾਂ 'ਤੇ ਪੰਜਾਬ ਸਰਕਾਰ ਦਾ ਬੁਲਡੋਜ਼ਰ ਐਕਸ਼ਨ ਲਗਾਤਾਰ ਜਾਰੀ ਹੈ। ਹੁਣ ਤਾਜ਼ਾ ਮਾਮਲਾ ਜਲੰਧਰ ਵਿਚੋਂ ਸਾਹਮਣੇ ਆਇਆ ਹੈ, ਜਿੱਥੇ ਇਕ ਢਾਬੇ 'ਤੇ ਪੀਲਾ ਪੰਜਾ ਚਲਾ ਕੇ ਵੱਡੀ ਕਾਰਵਾਈ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਕਾਜ਼ੀ ਮੰਡੀ ਦੇ ਨੇੜਲੇ ਇਲਾਕੇ ਵਿਚ ਬੁਲਡੋਜ਼ਰ ਐਕਸ਼ਨ ਵੇਖਣ ਨੂੰ ਮਿਲਿਆ। ਮੌਕੇ ਉਤੇ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਪੁਲਸ ਦੀ ਤਾਇਨਾਤੀ ਕੀਤੀ ਗਈ ਸੀ, ਜਿਸ ਤੋਂ ਬਾਅਦ ਮੌਕੇ ਉਤੇ ਪਹੁੰਚੀਆਂ ਜੇ. ਸੀ. ਬੀ. ਦੀਆਂ ਮਸ਼ੀਨਾਂ ਦੀ ਮਦਦ ਨਾਲ ਇਕ ਢਾਬਾ ਢਾਹ ਦਿੱਤਾ ਗਿਆ। ਮੌਕੇ ਉਤੇ ਮੌਜੂਦ ਪੁਲਸ ਅਧਿਕਾਰੀਆਂ ਮੁਤਾਬਕ ਇਹ ਢਾਬਾ ਇਕ ਧਰਮਿੰਦਰ ਨਾਮੀ ਅਪਰਾਧਕ ਪਿਛੋਕੜ ਵਾਲੇ ਵਿਅਕਤੀ ਦਾ ਹੈ, ਜਿਸ 'ਤੇ ਨਸ਼ੇ ਨਾਲ ਸਬੰਧਤ ਕਈ ਮਾਮਲੇ ਦਰਜ ਹਨ।

ਪੁਲਸ ਮੁਤਾਬਕ ਇਸ ਵਿਅਕਤੀ 'ਤੇ ਇਕ ਪਰਚਾ ਪੁਲਸ 'ਤੇ ਹਮਲਾ ਕਰਨ ਦਾ ਵੀ ਮਾਮਲਾ ਦਰਜ ਕੀਤਾ ਹੋਇਆ ਹੈ। ਅੱਜ ਪੁਲਸ ਵੱਲੋਂ ਜਲੰਧਰ ਨਗਰ ਨਿਗਮ ਦੀ ਮਦਦ ਨਾਲ ਢਾਬੇ 'ਤੇ ਪੀਲਾ ਪੰਜਾ ਚਲਾ ਦਿੱਤਾ ਗਿਆ। ਹਾਲਾਂਕਿ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਨਗਰ ਨਿਗਮ ਨਾਲ ਮਿਲ ਕੇ ਸਾਂਝੀ ਪ੍ਰੈੱਸ ਕਾਨਫ਼ਰੰਸ ਕਰਨਗੇ, ਜਿਸ ਤੋਂ ਬਾਅਦ ਹੋਰ ਵੇਰਵੇ ਸਾਂਝੇ ਕੀਤੇ ਜਾਣਗੇ।

ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਟਿੰਕੂ ਕਤਲ ਕਾਂਡ 'ਚ ਗ੍ਰਿਫ਼ਤਾਰ ਗੈਂਗਸਟਰਾਂ ਨੇ ਕੀਤਾ ਹੁਣ ਤੱਕ ਦਾ ਵੱਡਾ ਖ਼ੁਲਾਸਾ
ਜ਼ਿਕਰਯੋਗ ਹੈ ਕਿ 25 ਜਨਵਰੀ ਨੂੰ ਜਲੰਧਰ 'ਚ ਛਾਪੇਮਾਰੀ ਕਰਨ ਗਈ ਜਲੰਧਰ ਕਮਿਸ਼ਨਰੇਟ ਪੁਲਸ ਦੇ ਸੀ. ਆਈ. ਏ. ਸਟਾਫ਼ ਦੀ ਟੀਮ 'ਤੇ ਗੋਲ਼ੀ ਚਲਾਉਣ ਵਾਲੇ ਧਰਮਿੰਦਰ ਦੇ ਢਾਬੇ 'ਤੇ ਪੁਲਸ ਨੇ ਅੱਜ ਬੁਲਡੋਜ਼ਰ ਚਲਾ ਦਿੱਤਾ। ਮੁਲਜ਼ਮ ਨੂੰ ਸੀ. ਆਈ. ਏ. ਪੁਲਸ ਪਾਰਟੀ ਨੇ ਘਟਨਾ ਤੋਂ ਕੁਝ ਦਿਨ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ।
ਜਿਸ ਦੇ ਖ਼ਿਲਾਫ਼ ਥਾਣਾ ਰਾਮਾਮੰਡੀ ਵਿੱਚ ਧਾਰਾ 221, 132, 109 ਬੀ. ਐੱਨ. ਐੱਸ. ਅਤੇ ਅਸਲਾ ਐਕਟ ਦੀਆਂ ਧਾਰਾਵਾਂ 25-27-54-59 ਤਹਿਤ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮਾਂ ਨੇ ਪੁਲਸ ਪਾਰਟੀ ’ਤੇ ਕਈ ਗੋਲ਼ੀਆਂ ਚਲਾਈਆਂ ਸਨ। ਇਸ ਘਟਨਾ ਵਿੱਚ ਕਿਸੇ ਮੁਲਾਜ਼ਮ ਨੂੰ ਗੋਲੀ ਨਹੀਂ ਲੱਗੀ ਪਰ ਦੋ ਮੁਲਾਜ਼ਮ ਜ਼ਖ਼ਮੀ ਹੋ ਗਏ।
ਮਾਮਲੇ ਵਿੱਚ 9 ਮੁਲਜ਼ਮਾਂ ਦੇ ਨਾਂ ਸ਼ਾਮਲ ਸਨ
ਸੀ. ਆਈ. ਏ. ਸਟਾਫ਼ ਦੇ ਮੁਲਾਜ਼ਮ ਏ. ਐੱਸ. ਆਈ. ਗੁਰਵਿੰਦਰ ਸਿੰਘ ਦੇ ਬਿਆਨਾਂ 'ਤੇ ਧਰਮਿੰਦਰ ਪੁੱਤਰ ਮੋਹਨ ਲਾਲ ਵਾਸੀ ਰਾਮਾਮੰਡੀ ਦੇ ਬਲਦੇਵ ਨਗਰ, ਸ਼ੇਖਰ ਪੁੱਤਰ ਮੋਹਨ ਲਾਲ, ਆਕਾਸ਼ ਸਹੋਤਾ ਉਰਫ਼ ਕਾਲੂ ਵਾਸੀ ਲੰਮਾ ਪਿੰਡ, ਕਰਨ ਕੁਮਾਰ ਵਾਸੀ ਧਨਕੀਆ ਮੁਹੱਲਾ ਰਵੀ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਾਸੀ ਮੁਹੱਲਾ ਬਲਦੇਵ ਨਗਰ, ਮਨੀਸ਼ ਪੁੱਤਰ ਵਿਕਰਮ ਵਾਸੀ ਵਿਨੈ ਨਗਰ, ਸ਼ਿਸ਼ਿਆ, ਰਿਤਾਈ, ਮੱਠੂ ਵਾਸੀ ਬਲਦੇਵ ਨਗਰ ਅਤੇ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਧਰਮਿੰਦਰ ਮੁੱਖ ਮੁਲਜ਼ਮ ਸੀ, ਜਿਸ ਦੇ ਚੱਲਦਿਆਂ ਸਿਟੀ ਪੁਲਸ ਦੀ ਟੀਮ ਨੇ ਉਸ ਦੇ ਖ਼ਿਲਾਫ਼ ਇਹ ਕਾਰਵਾਈ ਕੀਤੀ।

ਕੀ ਹੈ ਮਾਮਲਾ, ਜਿਸ 'ਚ ਪੁਲਸ ਨੇ ਕੀਤੀ ਕਾਰਵਾਈ
ਸੀਆਈਏ ਸਟਾਫ਼ ਦੇ ਏ. ਐੱਸ. ਆਈ. ਗੁਰਵਿੰਦਰ ਸਿੰਘ ਨੇ ਦੱਸਿਆ ਸੀ ਕਿ ਸਾਥੀ ਏ. ਐੱਸ. ਆਈ. ਬਲਕਾਰ ਸਿੰਘ ਅਤੇ ਹੋਰ ਕਰਮਚਾਰੀ ਛਾਪੇਮਾਰੀ ਲਈ ਗਏ ਹੋਏ ਸਨ। ਇਹ ਛਾਪੇਮਾਰੀ ਭਾਰਗਵ ਕੈਂਪ ਥਾਣੇ ਵਿੱਚ ਦਰਜ ਅਸਲਾ ਐਕਟ ਦੀ ਐੱਫ਼. ਆਈ. ਆਰ. ਦੇ ਸਬੰਧ ਵਿੱਚ ਕੀਤੀ ਗਈ ਸੀ। ਟੀਮ ਜਦੋਂ ਇਸ ਸਬੰਧੀ ਛਾਪੇਮਾਰੀ ਕਰਨ ਪਹੁੰਚੀ ਤਾਂ ਪੁਲਸ ਪਾਰਟੀ ’ਤੇ ਹਮਲਾ ਕਰ ਦਿੱਤਾ ਗਿਆ। ਪੁਲਸ ਪਾਰਟੀ ਨੂੰ ਵੇਖ ਕੇ ਮੁਲਜ਼ਮਾਂ ਨੇ ਉਨ੍ਹਾਂ ਨੂੰ ਚਾਰੋਂ ਪਾਸਿਓਂ ਘੇਰ ਲਿਆ ਅਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਮੁਲਜ਼ਮਾਂ ਨੇ ਹੈੱਡ ਕਾਂਸਟੇਬਲ ਲਲਿਤ ਕੁਮਾਰ 'ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਸੀ, ਜਿਸ ਵਿੱਚ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ ਸੀ। ਲੋਕਾਂ ਨੂੰ ਇਕੱਠੇ ਹੁੰਦੇ ਵੇਖ ਮੁਲਜ਼ਮ ਹਥਿਆਰਾਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ।


ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਟੁੱਟਣ ਦੀ ਕਗਾਰ 'ਤੇ ਪਹੁੰਚਿਆ ਪੰਜਾਬ ਦਾ ਇਹ ਵੱਡਾ ਪੁਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਡੇਰਾ ਰਾਧਾ ਸੁਆਮੀ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਡੇਰੇ ਵੱਲੋਂ ਹੋਇਆ ਵੱਡਾ ਐਲਾਨ
NEXT STORY