ਲੁਧਿਆਣਾ, (ਸਹਿਗਲ)- ਦਵਾਈਅਾਂ ਵੇਚਣ ਦੇ ਕਾਰੋਬਾਰ ’ਚ ਪੁਲਸ ਦੇ ਦਖਲ ’ਤੇ ਰੋਸ ਵਜੋਂ ਜ਼ਿਲੇ ਦੇ ਲਗਭਗ 4500 ਰਿਟੇਲ ਅਤੇ 450 ਹੋਲਸੇਲ ਕੈਮਿਸਟ ਹਡ਼ਤਾਲ ’ਤੇ ਹਨ। ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਲੁਧਿਆਣਾ ਜ਼ਿਲਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਜੀ. ਐੱਸ. ਚਾਵਲਾ ਨੇ ਕਿਹਾ ਕਿ ਕਈ ਦਿਨਾਂ ਤੋਂ ਪੁਲਸ ਅਤੇ ਪ੍ਰਸ਼ਾਸਨ ਦੀ ਬੇਲੋਡ਼ੀ ਕਾਰਵਾਈ ਨਾਲ ਕੈਮਿਸਟ ਕਾਫੀ ਰੋਸ ’ਚ ਹਨ।
ਅੱਜ ਸ਼ਹਿਰ ਤੋਂ ਇਲਾਵਾ ਖੰਨਾ, ਸਮਰਾਲਾ, ਮਾਛੀਵਾਡ਼ਾ, ਦੋਰਾਹਾ, ਸਾਹਨੇਵਾਲ, ਜਗਰਾਓਂ, ਰਾਏਕੋਟ, ਸੁਧਾਰ ਅਤੇ ਮੁੱਲਾਂਪੁਰ ’ਚ ਕੈਮਿਸਟਾਂ ਦੀਆਂ ਦੁਕਾਨਾਂ ਬੰਦ ਰਹੀਆਂ। ਉਨ੍ਹਾਂ ਕਿਹਾ ਕਿ ਪੁਲਸ ਨਸ਼ਾ ਫਡ਼ਨ ਦੀ ਬਜਾਏ ਕੈਮਿਸਟਾਂ ਦਾ ਨਾਂ ਬਦਨਾਮ ਕਰ ਕੇ ਲੋਕਾਂ ਦਾ ਧਿਆਨ ਅਸਲ ਮੁੱਦੇ ਤੋਂ ਭਟਕਾ ਰਹੀ ਹੈ। ਉਹ ਦੋ-ਤਿੰਨ ਦਿਨ ਪ੍ਰਸ਼ਾਸਨ ਦੇ ਰਵੱਈਏ ਦਾ ਇੰਤਜ਼ਾਰ ਕਰਨਗੇ। ਸੋਮਵਾਰ ਜਾਂ ਮੰਗਲਵਾਰ ਨੂੰ ਪੰਜਾਬ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਹੈ। ਇਸ ਵਿਚ ਪੰਜਾਬ ਬੰਦ ਦਾ ਫੈਸਲਾ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਪੁਲਸ ਰਸਤੇ ’ਚ ਦੁਕਾਨਦਾਰਾਂ ਦੇ ਵਰਕਰਾਂ ਨੂੰ ਰੋਕ ਕੇ ਪੁੱਛਗਿੱਛ ਕਰ ਰਹੀ ਹੈ। ਉਨ੍ਹਾਂ ਨੂੰ ਕਾਫੀ ਦੇਰ ਤੱਕ ਥਾਣਿਆਂ ’ਚ ਰੋਕ ਕੇ ਰੱਖਿਆ ਜਾਂਦਾ ਹੈ। ਬਾਅਦ ਵਿਚ ਬਿੱਲ ਪੂਰੇ ਹੋਣ ’ਤੇ ਉਨ੍ਹਾਂ ਨੂੰ ਜਾਣ ਨੂੰ ਕਹਿ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਦੁਕਾਨਾਂ ’ਚ ਪੁਲਸ ਰੇਡ ਕਰਦੀ ਹੈ। ਕਈ ਤਰ੍ਹਾਂ ਦੇ ਸਵਾਲ ਅਤੇ ਘੁਰਕੀਆਂ ਤੋਂ ਬਾਅਦ ਖਾਲੀ ਹੱਥ ਵਾਪਸ ਚਲੀ ਜਾਂਦੀ ਹੈ। ਨਤੀਜਨ ਕੈਮਿਸਟਾਂ ਦੀ ਬਦਨਾਮੀ ਹੁੰਦੀ ਹੈ। ਚਾਵਲਾ ਨੇ ਕਿਹਾ ਕਿ ਉਹ ਦਵਾਈਆਂ ਵੇਚਦੇ ਹਨ ਨਸ਼ਾ ਨਹੀਂ, ਜਿੱਥੇ ਨਸ਼ਾ ਵਿਕਦਾ ਹੈ, ਉਥੇ ਪੁਲਸ ਕਿਉਂ ਨਹੀਂ ਜਾਂਦੀ।
ਉਨ੍ਹਾਂ ਕਿਹਾ ਕਿ ਉਹ ਪੁਲਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਦਖਲ ਸਹਿਣ ਨਹੀਂ ਕਰਨਗੇ। ਸਿਰਫ ਡਰੱਗ ਵਿਭਾਗ ਦੁਕਾਨਾਂ ਦੀ ਜਾਂਚ ਕਰ ਸਕਦਾ ਹੈ। ਸ਼ਨੀਵਾਰ ਹੋਣ ਕਾਰਨ ਅੱਜ ਮਿੰਨੀ ਸਕੱਤਰੇਤ ਬੰਦ ਰਿਹਾ। ਪ੍ਰਸ਼ਾਸਨ ਛੁੱਟੀ ’ਤੇ ਹੋਣ ਦੇ ਕਾਰਨ ਕਿਸੇ ਨੇ ਕੈਮਿਸਟਾਂ ਦੀ ਸੁੱਧ ਨਹੀਂ ਲਈ। ਰਿਟੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਪੁਰੀ ਨੇ ਕਿਹਾ ਕਿ ਕੈਮਿਸਟਾਂ ਨੂੰ ਗੱਲਬਾਤ ਦੀ ਜਲਦੀ ਨਹੀਂ ਹੈ। ਕੈਮਿਸਟਾਂ ਨੂੰ ਜੋ ਪ੍ਰੇਸ਼ਾਨੀ ਆ ਰਹੀ ਹੈ। ਉਸ ਦੇ ਹੱਲ ਲਈ ਗੱਲਬਾਤ ਹੋਣੀ ਚਾਹੀਦੀ ਹੈ। ਜੀ. ਐੱਸ. ਚਾਵਲਾ ਨੇ ਕਿਹਾ ਕਿ ਉਹ ਖੁਦ ਦਵਾਈਆਂ ਨੂੰ ਨਸ਼ੇ ਦੇ ਲਈ ਵੇਚਣ ਦੇ ਵਿਰੁੱਧ ਹਨ ਅਤੇ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਸ ਤਰ੍ਹਾਂ ਦੇ ਕੈਮਿਸਟਾਂ ਦਾ ਸਾਥ ਨਹੀਂ ਦਿੱਤਾ ਜਾਵੇਗਾ, ਸਗੋਂ ਉਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਜਾਵੇਗੀ। ਪੁਲਸ ਨੂੰ ਵੀ ਚਾਹੀਦਾ ਹੈ ਕਿ ਉਹ ਪੁਖਤਾ ਸੂਚਨਾ ਦੇ ਅਾਧਾਰ ’ਤੇ ਕਾਰਵਾਈ ਕਰਨ।
ਦੁਕਾਨ ਖੋਲ੍ਹਣ ’ਤੇ ਹੋਵੇਗਾ 1100 ਰੁਪਏ ਜੁਰਮਾਨਾ
ਕੈਮਿਸਟ ਐਸੋਸੀਏਸ਼ਨ ਕਿਹਾ ਹੈ ਕਿ ਹਡ਼ਤਾਲ ਚੱਲਣ ਤੱਕ ਕੋਈ ਵੀ ਕੈਮਿਸਟ ਜੇਕਰ ਦੁਕਾਨ ਖੋਲ੍ਹਦਾ ਹੈ ਤਾਂ ਉਸ ਨੂੰ 1100 ਰੁਪਏ ਜੁਰਮਾਨਾ ਕੀਤਾ ਜਾਵੇਗਾ। ਪਿੰਡੀ ਗਲੀ ’ਚ ਇਕ ਕੈਮਿਸਟ ਨੂੰ ਜੁਰਮਾਨਾ ਲਾਉਣ ਤੋਂ ਬਾਅਦ ਐਸੋਸੀਏਸ਼ਨ ਨੇ ਸਾਰਿਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਅਣਮਿੱਥੇ ਸਮੇਂ ਲਈ ਹਡ਼ਤਾਲ ’ਚ ਪੂਰਨ ਸਹਿਯੋਗ ਦੇਣ।
ਮਰੀਜ਼ਾਂ ਦੀ ਲਾਈਫ ਲਾਈਨ ਰੁਕੀ
ਕੈਮਿਸਟਾਂ ਦੀ ਹਡ਼ਤਾਲ ਕਾਰਨ ਮਰੀਜ਼ਾਂ ਦੀ ਲਾਈਫ ਲਾਈਨ ਕਹੀਅਾਂ ਜਾਣ ਵਾਲੀਅਾਂ ਦਵਾਈਅਾਂ ਦੀਆਂ ਦੁਕਾਨਾਂ ਬੰਦ ਰਹੀਆਂ, ਜਿਸ ਨਾਲ ਮਰੀਜ਼ਾਂ ਦੀ ਲਾਈਫ ਲਾਈਨ ਸਾਫ ਤੌਰ ’ਤੇ ਰੁਕੀ ਹੋਈ ਨਜ਼ਰ ਆਈ। ਅੱਜ ਕਈ ਮਰੀਜ਼ ਦਵਾਈ ਲੈਣ ਦੇ ਲਈ ਜਗ੍ਹਾ-ਜਗ੍ਹਾ ਭਟਕਦੇ ਦਿਖੇ ਪਰ ਉਨ੍ਹਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ। ਬਾਜ਼ਾਰ ’ਚ ਕੈਮਿਸਟਾਂ ਦੀਆਂ ਦੁਕਾਨਾਂ ਬੰਦ ਹੋਣ ਕਾਰਨ ਉਹ ਵੱਡੇ ਹਸਪਤਾਲਾਂ ਦੀਅਾਂ ਫਾਰਮੇਸੀਆਂ ਵੱਲ ਜਾਂਦੇ ਦਿਖਾਈ ਦਿੱਤੇ ਪਰ ਉਥੇ ਵੀ ਉਨ੍ਹਾਂ ਨੂੰ ਦਵਾਈ ਪੂਰੀ ਨਹੀਂ ਮਿਲੀ।
ਮਾਹਰਾਂ ਅਨੁਸਾਰ ਜੇਕਰ ਕੈਮਿਸਟਾਂ ਦੀ ਹਡ਼ਤਾਲ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ ਵਿਚ ਲੋਕਾਂ ਦੀ ਪ੍ਰੇਸ਼ਾਨੀ ਹੋਰ ਵਧ ਸਕਦੀ ਹੈ। ਸ਼ਹਿਰ ਤੋਂ ਇਲਾਵਾ ਪਿੰਡਾਂ, ਤਹਿਸੀਲਾਂ ਅਤੇ ਕਸਬਿਆਂ ’ਚ ਦਵਾਈਆਂ ਦੀ ਸ਼ਾਰਟੇਜ ਦਾ ਅਸਰ ਸਾਫ ਨਜ਼ਰ ਆਉਣ ਲੱਗੇਗਾ।
ਕਾਰ ਸਵਾਰ ਲੁਟੇਰੇ ਅੌਰਤ ਦੀਆਂ ਸੋਨੇ ਦੀਆਂ ਵਾਲੀਆਂ ਲਾਹ ਕੇ ਫਰਾਰ
NEXT STORY