ਫਿਰੋਜ਼ਪੁਰ, (ਮਲਹੋਤਰਾ)— ਪੰਜਾਬ ਦੇ ਲੋਕਾਂ ਨੂੰ ਮਹਿੰਗੀ ਰੇਤਾ ਅਤੇ ਨਸ਼ਿਆਂ ਤੋਂ ਮੁਕਤੀ ਦਿਵਾਉਣ ਦਾ ਲਾਰਾ ਲਾ ਕੇ ਸੱਤਾ 'ਚ ਆਈ ਕਾਂਗਰਸ ਪਾਰਟੀ ਦੇ ਸ਼ਾਸਨਕਾਲ ਵਿਚ ਇਕ ਸਾਲ ਬਾਅਦ ਵੀ ਨਾ ਤਾਂ ਨਸ਼ੇ 'ਤੇ ਰੋਕ ਲੱਗ ਸਕੀ ਹੈ ਤੇ ਨਾ ਹੀ ਮਹਿੰਗੀ ਰੇਤਾ ਤੋਂ ਲੋਕਾਂ ਨੂੰ ਰਾਹਤ ਮਿਲ ਰਹੀ ਹੈ। ਅੱਜ ਵੀ ਪੰਜਾਬ ਦੇ ਕਈ ਹਿੱਸਿਆਂ ਵਿਚ ਰੇਤ ਮਾਫੀਆ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਕਥਿਤ ਮਿਲੀਭੁਗਤ ਕਰ ਕੇ ਰੇਤਾ ਦੀਆਂ ਨਾਜਾਇਜ਼ ਖੱਡਾਂ ਚਲਾ ਰਿਹਾ ਹੈ ਤੇ ਰੇਤਾ ਸੋਨੇ ਦੇ ਰੇਟਾਂ 'ਤੇ ਵਿਕ ਰਹੀ ਹੈ। ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਇਹ ਐਲਾਨ ਕਰਦੇ ਆ ਰਹੇ ਹਨ ਕਿ ਪੰਜਾਬ ਵਿਚ ਨਸ਼ੇ 'ਤੇ ਰੋਕ ਲੱਗ ਗਈ ਹੈ ਤੇ ਰੇਤਾ ਦੀਆਂ ਕੀਮਤਾਂ ਵਿਚ ਗਿਰਾਵਟ ਆਈ ਹੈ ਪਰ ਜਿਸ ਢੰਗ ਨਾਲ ਸਫੈਦ ਰੇਤਾ ਦੇ ਨਾਲ-ਨਾਲ ਕਾਲੀ ਰੇਤਾ, ਸਟੋਨ ਡਸਟ, ਕਰੈਸ਼ਰ, ਗਟਕਾ ਸਮੇਤ ਮਾਈਨਿੰਗ ਨਾਲ ਸਬੰਧਤ ਅਨੇਕਾਂ ਆਈਟਮਾਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ, ਉਸ ਤੋਂ ਇਹ ਗੱਲ ਸਾਬਤ ਹੋ ਗਈ ਹੈ ਕਿ ਮਾਈਨਿੰਗ ਮਾਫੀਆ 'ਤੇ ਕੰਟਰੋਲ ਕਰਨ ਵਿਚ ਸਰਕਾਰ ਹਾਲੇ ਤੱਕ ਅਸਫਲ ਹੀ ਸਾਬਤ ਹੋਈ ਹੈ। ਜ਼ਿਲੇ ਵਿਚ ਚੱਲ ਰਹੀਆਂ ਅਨੇਕਾਂ ਨਾਜਾਇਜ਼ ਖੱਡਾਂ ਦੀਆਂ ਸ਼ਿਕਾਇਤਾਂ ਮਿਲਣ 'ਤੇ ਜਦੋਂ 'ਜਗ ਬਾਣੀ' ਦੀ ਟੀਮ ਨੇ ਬਸਤੀ ਬੇਲਾ ਸਿੰਘ, ਸੁੱਧੇਵਾਲਾ, ਚੰਗਾਲੀ, ਬਸਤੀ ਵਲੀ ਵਾਲੀ, ਪਿੰਡ ਬੈਲਰ ਸਣੇ ਅਨੇਕਾਂ ਪਿੰਡਾਂ ਦਾ ਦੌਰਾ ਕੀਤਾ ਤਾਂ ਰੇਤਾ ਦੀ ਨਾਜਾਇਜ਼ ਨਿਕਾਸੀ ਸ਼ਰੇਆਮ ਜਾਰੀ ਸੀ।
ਇੰਨਾ ਹੀ ਨਹੀਂ ਕੁਝ ਰੇਤਾ ਦੀਆਂ ਖੱਡਾਂ 'ਤੇ ਰੇਤਾ ਕੱਢਣ ਲਈ ਵੱਖ ਤਰ੍ਹਾਂ ਦੇ ਤਰੀਕੇ ਅਪਣਾਏ ਜਾਣ ਦਾ ਮਾਮਲਾ ਵੀ ਦੇਖਣ ਨੂੰ ਮਿਲਿਆ। ਪੁਰਾਣੇ ਜ਼ਮਾਨੇ ਵਿਚ ਖੂਹਾਂ 'ਚੋਂ ਪਾਣੀ ਕੱਢਣ ਲਈ ਜਿਨ੍ਹਾਂ ਟਿੰਡਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ, ਹੁਣ ਰੇਤ ਮਾਫੀਆ ਨੇ ਉਨ੍ਹਾਂ ਟਿੰਡਾਂ ਨਾਲ ਖੱਡਾਂ 'ਚੋਂ ਰੇਤ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜੋ ਆਪਣੇ-ਆਪ ਵਿਚ ਹੈਰਾਨੀ ਭਰਿਆ ਮਾਮਲਾ ਹੈ। ਕਈ ਖੱਡਾਂ ਵਿਚ ਪੋਕਲਾਈਨ ਮਸ਼ੀਨਾਂ 30-30 ਫੁੱਟ ਤੱਕ ਖੱਡੇ ਕਰ ਕੇ ਰੇਤਾ ਕੱਢ ਕੇ ਟਰੱਕਾਂ, ਟਿੱਪਰਾਂ ਤੇ ਟਰਾਲੀਆਂ ਵਿਚ ਭਰ ਰਹੀਆਂ ਸਨ। ਸਭ ਤੋਂ ਅਹਿਮ ਤੱਥ ਇਹ ਹੈ ਕਿ ਜਿਨ੍ਹਾਂ ਖੇਤਰਾਂ ਵਿਚ ਰੇਤਾ ਦੀਆਂ ਜਾਇਜ਼ ਤੇ ਨਾਜਾਇਜ਼ ਖੱਡਾਂ ਚਲਾਈਆਂ ਜਾ ਰਹੀਆਂ ਹਨ, ਉਥੇ ਆਸਪਾਸ ਰਹਿਣ ਵਾਲੇ ਲੱਖਾਂ ਲੋਕਾਂ ਦੇ ਜੀਵਨ ਵਿਚ ਜ਼ਹਿਰ ਘੁਲ ਰਿਹਾ ਹੈ, ਜਿਨ੍ਹਾਂ ਰਸਤਿਆਂ 'ਤੇ ਟਰੱਕ, ਟਰਾਲੀਆਂ, ਟਿੱਪਰ, 10 ਟਾਇਰੀ ਟਰਾਲੇ ਸਮੇਤ ਅਨੇਕਾਂ ਵਾਹਨ ਰੇਤਾ ਤੇ ਮਿੱਟੀ ਲੈ ਕੇ ਲੰਘਦੇ ਹਨ, ਉਨ੍ਹਾਂ ਇਲਾਕਿਆਂ ਦੇ ਪਿੰਡਾਂ ਦੀਆਂ ਸਾਰੀਆਂ ਸੜਕਾਂ ਟੁੱਟ ਚੁੱਕੀਆਂ ਹਨ, ਜਿਸ ਕਾਰਨ ਇਨ੍ਹਾਂ ਇਲਾਕਿਆਂ ਦੇ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਰਿਹਾ ਹੈ। ਪਿੰਡਾਂ ਦੇ ਕਈ ਲੋਕਾਂ ਨਾਲ ਜਦ ਗੱਲ ਕੀਤੀ ਗਈ ਤਾਂ ਉਨ੍ਹਾਂ ਦੀਆਂ ਅੱਖਾਂ 'ਚੋਂ ਅੱਥਰੂ ਨਿਕਲ ਆਏ ਕਿ ਅਨੇਕਾਂ ਵਾਰ ਜ਼ਿਲਾ ਅਧਿਕਾਰੀਆਂ ਸਮੇਤ ਮੁੱਖ ਮੰਤਰੀ ਦਫਤਰ ਤੱਕ ਸ਼ਿਕਾਇਤਾਂ ਭੇਜੀਆਂ ਗਈਆਂ ਹਨ ਪਰ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਹੁਣ ਤਾਂ ਰਾਤ ਨੂੰ ਸੌਣਾ ਵੀ ਹਰਾਮ ਹੋ ਗਿਆ ਹੈ। ਪੂਰੀ ਰਾਤ ਰੇਤਾ ਨਾਲ ਭਰੀਆਂ ਗੱਡੀਆਂ ਪਿੰਡ ਵਿਚੋਂ ਦੀ ਲੰਘਦੀਆਂ ਹਨ ਤੇ ਤੇਜ਼ ਆਵਾਜ਼ ਵਿਚ ਸੰਗੀਤ ਲਾਇਆ ਹੁੰਦਾ ਹੈ, ਜਿਸ ਨਾਲ ਉਨ੍ਹਾਂ ਦੀ ਨੀਂਦ ਉਖੜਦੀ ਹੈ।
ਕੀ ਹਨ ਮਾਈਨਿੰਗ ਦੇ ਨਿਯਮ
ਸਰਕਾਰ ਵੱਲੋਂ ਰੇਤਾ ਦੀਆਂ ਅਪਰੂਵਡ ਖੱਡਾਂ 'ਤੇ ਬਕਾਇਦਾ ਰੇਤਾ ਦੀ ਤੁਲਾਈ ਲਈ ਕੰਡੇ ਲਾਉਣਾ ਹੋਵੇਗਾ, ਕੱਢੇ ਗਏ ਖਣਿਜਾਂ ਦੇ ਵਜ਼ਨ ਦਾ ਰਜਿਸਟਰ ਮੈਂਟੇਨ ਕਰਨਾ ਹੋਵੇਗਾ, ਠੇਕੇਦਾਰ ਖੱਡਾਂ ਦੇ ਗੇਟ 'ਤੇ ਭਾਰ ਤੋਲਨ ਵਾਲਾ ਕੰਡਾ ਲਾਵੇਗਾ ਤੇ ਪੂਰਾ ਰਿਕਾਰਡ ਰੱਖੇਗਾ, ਗਰਮੀਆਂ ਦੇ ਮੌਸਮ ਵਿਚ 1 ਅਪ੍ਰੈਲ ਤੋਂ 30 ਸਤੰਬਰ ਤੱਕ ਨਿਕਾਸੀ ਦਾ ਸਮਾਂ ਸਵੇਰੇ 6 ਤੋਂ ਸ਼ਾਮ 7 ਵਜੇ ਤੱਕ ਹੋਵੇਗਾ, ਜਦਕਿ ਸਰਦੀਆਂ ਦੇ ਮੌਸਮ ਵਿਚ 1 ਅਕਤੂਬਰ ਤੋਂ 31 ਮਾਰਚ ਤੱਕ ਨਿਕਾਸੀ ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਕੀਤੀ ਜਾ ਸਕਦੀ ਹੈ। ਠੇਕੇਦਾਰ ਮਾਈਨਜ਼ ਐਕਟ 1952, ਇੰਟਰ ਸਟੇਟ ਮਾਈਗਰੇਟ ਵਰਕਮੈਨ ਐਕਟ, ਸੈਂਟਰਲ ਸਟੇਟ ਗੌਰਮਿੰਟ ਲੇਬਰ ਲਾਅ ਦੇ ਅਧੀਨ ਖੱਡਾਂ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਪਾਣੀ, ਰੈਸਟ ਸ਼ੈਲਟਰ, ਪਖਾਨੇ, ਫਸਟ ਏਡ, ਮੈਡੀਕਲ ਸਹੂਲਤ ਅਤੇ ਵੈੱਲਫੇਅਰ ਸਹੂਲਤ ਆਦਿ ਉਪਲੱਬਧ ਕਰਵਾਏਗਾ ਤੇ ਇਨ੍ਹਾਂ ਸਭ ਸਹੂਲਤਾਂ ਦੀ ਸਬੰਧਤ ਵਿਭਾਗੀ ਅਧਿਕਾਰੀਆਂ ਤੋਂ ਤਸੱਲੀ ਕਰਵਾਉਣਾ ਯਕੀਨੀ ਬਣਾਏਗਾ।
ਰਾਜ ਦੇ ਮੁੱਖ ਦਰਿਆਵਾਂ ਸਤਲੁਜ, ਬਿਆਸ, ਰਾਵੀ, ਘੱਗਰ, ਚੱਕੀ ਦੇ ਧੁੱਸੀ ਬੰਨ੍ਹਾਂ ਦੇ 100 ਮੀਟਰ ਦੇ ਘੇਰੇ ਵਿਚ ਹਰ ਤਰ੍ਹਾਂ ਦੀ ਨਿਕਾਸੀ 'ਤੇ ਪਾਬੰਦੀ ਹੈ, ਹਾਈ ਲੈਵਲ ਪੁਲ ਵਿਚ ਦਰਿਆ ਦੇ ਉਤੇ ਤੇ ਥੱਲੇ 500 ਮੀਟਰ ਤੱਕ ਹਰ ਤਰ੍ਹਾਂ ਦੀ ਨਿਕਾਸੀ ਬੰਦ ਹੈ, ਰੇਲਵੇ ਲਾਈਨ ਦੇ 75 ਮੀਟਰ ਦੇ ਘੇਰੇ ਵਿਚ, ਨੈਸ਼ਨਲ ਹਾਈਵੇ ਤੇ ਹੋਰ ਪੁਲਾਂ ਦੇ 60 ਮੀਟਰ ਦੇ ਘੇਰੇ ਵਿਚ ਅਤੇ ਨਹਿਰਾਂ, ਟੈਂਕੀਆਂ, ਵਾਟਰ ਵਰਕਸ, ਸੜਕਾਂ ਦੇ 50 ਮੀਟਰ ਦੇ ਘੇਰੇ ਵਿਚ ਕਿਸੇ ਵੀ ਤਰ੍ਹਾਂ ਦੀ ਨਿਕਾਸੀ ਨਹੀਂ ਕੀਤੀ ਜਾ ਸਕਦੀ।
ਵਿਦੇਸ਼ 'ਚ ਨੌਕਰੀ ਦਿਵਾਉਣ ਦੇ ਨਾਂ 'ਤੇ ਠੱਗੀ ਕਰਨ ਵਾਲੇ ਜੋੜੇ ਵਿਰੁੱਧ ਕੇਸ ਦਰਜ
NEXT STORY