ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਔਰਤਾਂ ਤੇ ਲੜਕੀਆਂ ਦੀ ਭਲਾਈ ਲਈ ਚਲਾਈਆ ਜਾ ਰਹੀਆਂ ਯੋਜਨਾਵਾਂ ਵਿਚ ਸਖੀ ਵਨ ਸਟਾਪ ਸੈਂਟਰ ਇਕ ਬਿਹਤਰੀਨ ਉਪਰਾਲਾ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਭਾਗ ਸੂਬੇ ਵਿਚ ਔਰਤਾਂ ਦੇ ਸਸ਼ਕਤੀਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਔਰਤਾਂ ਨੂੰ ਸੁਰੱਖਿਆ ਦੇਣ ਲਈ ਵਚਨਬੱਧ ਹੈ। ਇਸੇ ਤਹਿਤ ਪੰਜਾਬ ਭਵਨ ਵਿਖੇ ਯੂ. ਐੱਨ. ਵੂਮੈਨ ਅਤੇ ਐੱਸ. ਏ. ਡੀ. ਆਰ. ਏ. ਜੀ. ਦੇ ਸਹਿਯੋਗ ਨਾਲ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਸੂਬੇ ਵਿਚ ਵਨ-ਸਟਾਪ ਸੈਂਟਰ, ਇਕ ਮਹੱਤਵਪੂਰਨ ਪਹਿਲਕਦਮੀ ਹੈ ਜਿਸ ਤਹਿਤ ਲਿੰਗ-ਆਧਾਰਿਤ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਸਮਰਥਨ ਅਤੇ ਮੁਫ਼ਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵਨ ਸਟਾਪ ਸੈਂਟਰ ਨੂੰ ਸੂਬੇ ਵਿਚ ਮਾਡਲ ਦੇ ਤੌਰ ’ਤੇ ਵਿਕਸਤ ਕਰਨ ਲਈ ਯੂ. ਐੱਨ. ਵੂਮੈਨ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਮਾਧਵੀ ਕਟਾਰੀਆ ਵਲੋਂ ਵਰਕਸ਼ਾਪ ਦੌਰਾਨ ਦੱਸਿਆ ਗਿਆ ਕਿ ਯੂ. ਐੱਨ. ਵੂਮੈਨ ਵਲੋਂ ਪਿਛਲੇ ਸਾਲ 22 ਜ਼ਿਲ੍ਹਿਆਂ ਵਿੱਚ ਪੰਜਾਬ ਦੇ ਵਨ-ਸਟਾਪ ਸੈਂਟਰਾਂ ਅਤੇ ਸਬੰਧਤ ਸੇਵਾ ਪ੍ਰਦਾਤਾਵਾਂ ਦੇ ਕਰਮਚਾਰੀਆਂ ਅਤੇ ਕਾਰਜਕਰਤਾਵਾਂ ਨੂੰ ਸਿਖਲਾਈ ਦੇਣ ਲਈ ਸ਼ਾਨਦਾਰ ਵਚਨਬੱਧਤਾ ਦਿਖਾਈ ਹੈ। ਇਸ ਵਿਚ 565 ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਗਈ ਹੈ।
ਇਸ ਮੌਕੇ ਕਾਂਤਾ ਸਿੰਘ, ਡਿਪਟੀ ਕੰਟਰੀ ਪ੍ਰਤੀਨਿਧੀ, ਯੂ.ਐਨ. ਵੂਮੈਨ ਇੰਡੀਆ ਕੰਟਰੀ ਆਫਿਸ ਨੇ ਕਿਹਾ ਕਿ ਹਿੰਸਾ ਤੋਂ ਬਚਣ ਵਾਲੀਆਂ ਔਰਤਾਂ ਦੀਆਂ ਲੋੜਾਂ ਦੀ ਦੇਖਭਾਲ ਕਰਨਾ ਸਿਰਫ਼ ਨੈਤਿਕ ਤੌਰ ’ਤੇ ਜ਼ਰੂਰੀ ਨਹੀਂ ਹੈ, ਬਲਕਿ ਇਹ ਨਿਆਂ, ਸਮਾਨਤਾ ਅਤੇ ਸਾਡੇ ਸਮਾਜ ਦੀ ਭਲਾਈ ਲਈ ਸਾਡੀ ਵਚਨਬੱਧਤਾ ਦਾ ਪ੍ਰਮਾਣ ਵੀ ਹੈ। ਇਸ ਮੌਕੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀ ਅਤੇ ਵਨ ਸਟਾਪ ਸੈਂਟਰਾਂ ਦੇ ਮੁਖੀ ਹਾਜ਼ਰ ਸਨ।
ਕਪੂਰਥਲਾ ਪੁਲਸ ਦੀ ਵੱਡੀ ਕਾਰਵਾਈ, 6 ਕਿੱਲੋ ਹੈਰੋਇਨ ਤੇ 7 ਲੱਖ ਰੁਪਏ ਡਰੱਗ ਮਨੀ ਸਣੇ 5 ਸਮੱਗਲਰ ਗ੍ਰਿਫ਼ਤਾਰ
NEXT STORY