ਬਠਿੰਡਾ, (ਪਰਮਿੰਦਰ)- ਪਿਆਜ਼ ਦੀਆਂ ਵਧੀਆਂ ਕੀਮਤਾਂ 'ਤੇ ਲਾਈਨੋਂਪਾਰ ਖੇਤਰ ਦੀ ਸੰਘਰਸ਼ ਕਮੇਟੀ ਵੱਲੋਂ ਇਕ ਅਨੋਖਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਵਿਜੇ ਕੁਮਾਰ ਤੇ ਸਹਿਯੋਗਿਆਂ ਨੇ ਇਕ ਜਿਊਲਰ ਤੋਂ ਪਿਆਜ਼ ਖਰੀਦੇ ਤੇ ਉਸ ਨੂੰ ਇਕ ਬੈਂਕ 'ਚ ਜਮ੍ਹਾ ਕਰਵਾਉਣ ਲਈ ਪੁੱਜ ਗਏ। ਰਸਤੇ 'ਚ ਪਿਆਜ਼ਾਂ ਦੀ ਸੁਰੱਖਿਆ ਲਈ ਬਕਾਇਦਾ ਗੰਨਮੈਨਾਂ ਨੂੰ ਵੀ ਨਾਲ ਲਿਆ ਗਿਆ। ਹਾਲਾਂਕਿ ਬੈਂਕ ਨੇ ਪਿਆਜ਼ਾਂ ਲਈ ਲਾਕਰ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਉਕਤ ਪ੍ਰਦਰਸ਼ਨ ਖੇਤਰ 'ਚ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ ਰਿਹਾ। ਵਿਜੇ ਕੁਮਾਰ ਨੇ ਕਿਹਾ ਕਿ ਪਿਆਜ਼ ਦੀ ਕੀਮਤ ਆਮ ਆਦਮੀ ਦੀ ਪੁੱਜ ਤੋਂ ਬਾਹਰ ਹੋ ਚੁੱਕੀ ਹੈ, ਜਿਸ ਕਾਰਣ ਸਰਕਾਰ ਨੂੰ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹੈ।
ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਦੱਸਿਆ ਕਿ ਪਿਆਜ਼ ਦੀ ਕਾਲਾਬਾਜ਼ਾਰੀ ਕਾਰਣ ਇਸ ਦੀਆਂ ਕੀਮਤਾਂ ਵਧੀਆਂ ਹਨ ਤੇ ਪੰਜਾਬ ਸਰਕਾਰ ਕਾਲਾਬਾਜ਼ਾਰੀ ਰੋਕਣ ਲਈ ਕੋਈ ਕਦਮ ਨਹੀਂ ਉਠਾ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਪਿਆਜ਼ ਦੀ ਵਧੀਆਂ ਕੀਮਤਾਂ ਦੇ ਮਾਮਲੇ 'ਚ ਕਲੀਨ ਚਿੱਟ ਦਿੰਦੇ ਹੋਏ ਕਿਹਾ ਕਿ ਪਿਆਜ਼ ਦੀ ਸਪਲਾਈ 'ਚ ਕੋਈ ਘਾਟ ਨਹੀਂ ਹੈ ਪਰ ਜਮ੍ਹਾਖੋਰ ਪਿਆਜ਼ ਨੂੰ ਸਟੋਰ ਕਰ ਕੇ ਕੀਮਤਾਂ ਵਧਾ ਦਿੰਦੇ ਹਨ। ਪੰਜਾਬ ਸਰਕਾਰ ਨੂੰ ਇਨ੍ਹਾਂ ਜਮ੍ਹਾਖੋਰਾਂ ਖਿਲਾਫ਼ ਕਾਰਵਾਈ ਕਰਨੀ ਚਾਹੀਦੀ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਸਰਕਾਰੀ ਰਾਸ਼ਨ ਡਿਪੂਆਂ 'ਤੇ ਸਸਤੇ ਪਿਆਜ਼ ਵੇਚਣੇ ਸ਼ੁਰੂ ਕਰੇ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਬਲਦੇਵ ਕੁਮਾਰ, ਅੰਜਨੀ ਕੁਮਾਰ, ਬਿਕਰਮ ਸਿੰਘ, ਸੁਰਿੰਦਰ ਕੁਮਾਰ ਤੇ ਸਤਨਾਮ ਸਿੰਘ ਆਦਿ ਸ਼ਾਮਲ ਸਨ।
ਬੇਰੁਜ਼ਗਾਰ ਅਧਿਆਪਕਾਂ ਦਾ ਪ੍ਰਦਰਸ਼ਨ ਵੇਖ ਸਿੱਖਿਆ ਮੰਤਰੀ ਹੋਏ ਆਪੇ ਤੋਂ ਬਾਹਰ (ਵੀਡੀਓ)
NEXT STORY