ਲੁਧਿਆਣਾ (ਸਹਿਗਲ)- ਕੋਲਕਾਤਾ ਦੇ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਦੂਜੇ ਸਾਲ ਦੀ ਪੋਸਟ ਗ੍ਰੈਜੂਏਟ ਵਿਦਿਆਰਥਣ ਨਾਲ ਜਬਰ-ਜ਼ਨਾਹ ਤੇ ਕਤਲ ਦੇ ਮਾਮਲੇ ਵਿਚ ਦੇਸ਼ ਭਰ ਦੇ ਡਾਕਟਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਸਿਲਸਿਲੇ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ’ਤੇ ਸਰਕਾਰੀ ਅਤੇ ਨਿਜੀ ਹਸਪਤਾਲਾਂ ਵਿਚ ਓ.ਪੀ.ਡੀ. ਸੇਵਾਵਾਂ ਬੰਦ ਰਹੀਆਂ। ਸਵੇਰੇ ਲਗਭਗ 1,000 ਤੋਂ ਵੱਧ ਡਾਕਟਰਾਂ ਨੇ ਆਈ.ਐੱਮ.ਏ. ਹਾਊਸ ਤੋਂ ਫਿਰੋਜ਼ਪੁਰ ਰੋਡ ਤੱਕ ਰੋਸ ਮਾਰਚ ਕੀਤਾ ਤੇ ਕੋਲਕਾਤਾ ਵਿਚ ਡਾਕਟਰ ਨਾਲ ਵਾਪਰੀ ਮੰਦਭਾਗੀ ਘਟਨਾ ਵਿਚ ਸ਼ਾਮਲ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ।
ਆਈ.ਐੱਮ.ਏ. ਲੁਧਿਆਣਾ ਦੇ ਪ੍ਰਧਾਨ ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਵਿਗੜਦੀ ਕਾਨੂੰਨ ਵਿਵਸਥਾ ਨੂੰ ਦਰਸਾਉਂਦਾ ਹੈ ਕਿ ਇਸ ਘਿਨੌਣੇ ਕਾਰੇ ਵਿਚ ਸ਼ਾਮਲ ਸਾਰੇ ਅਪਰਾਧੀਆਂ ਨੂੰ ਜਲਦ ਤੋਂ ਜਲਦ ਨਿਆਂ ਦੇ ਕਟਹਿਰੇ ਵਿਚ ਲਿਆਂਦਾ ਜਾਣਾ ਚਾਹੀਦਾ ਹੈ ਤਾਂ ਕਿ ਦੇਸ਼ ਦੇ ਕਾਨੂੰਨ ਵਿਚ ਇਕ ਵਾਰ ਫਿਰ ਭਰੋਸਾ ਬਹਾਲ ਹੋ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸੰਕਟ ਨੂੰ ਪੱਛਮੀ ਬੰਗਾਲ ਦੇ ਰੈਜ਼ੀਡੈਂਟ ਡਾਕਟਰਾਂ ਅਤੇ ਮੈਡੀਕਲ ਪੇਸ਼ਾਵਰਾਂ ਦੀ ਸੰਤੁਸ਼ਟੀ ਲਈ ਹੱਲ ਕੀਤਾ ਜਾਣਾ ਚਾਹੀਦਾ ਹੈ।

ਕਨਵੀਨਰ ਡਾ. ਮਨੋਜ ਸੋਬਤੀ ਨੇ ਕਿਹਾ ਕਿ ਪੀੜਤਾ ਦੀ ਪੋਸਟਮਾਰਟਮ ਰਿਪੋਰਟ ਵਿਚ ਸੱਟਾਂ ਦੀ ਗਿਣਤੀ ਤੋਂ ਅਜਿਹਾ ਲਗਦਾ ਹੈ ਕਿ ਇਸ ਘਟਨਾ ਵਿਚ ਕਈ ਲੋਕ ਸ਼ਾਮਲ ਹਨ। ਉਨ੍ਹਾਂ ਨੇ ਪੀੜਤਾ ਲਈ ਜਲਦ ਨਿਆਂ ਅਦੇ ਮਾਮਲੇ ਦੀ ਸੁਣਵਾਈ ਫਾਸਟ ਟ੍ਰੈਕ ਕੋਰਟ ਵਿਚ ਕਰਨ ਦੀ ਮੰਗ ਕੀਤੀ।
ਡਾਕਟਰਾਂ ’ਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਲਈ ਕੇਂਦਰੀ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਤੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਲਕਾਤਾ ਵਿਚ ਜੋ ਕੁਝ ਵਾਪਰਿਆ, ਉਹ ਪੂਰੇ ਦੇਸ਼ ਲਈ ਸ਼ਰਮਨਾਕ ਹੈ। ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਆਈ.ਐੱਮ.ਏ. ਦੇ ਸੈਕਟਰੀ ਡਾ. ਰੋਹਿਤ ਰਾਮਪਾਲ ਨੇ ਕਿਹਾ ਕਿ ਇਹ ਹਮਲਾ ਕਿਸੇ ਡਾਕਟਰ ’ਤੇ ਨਹੀਂ ਸਗੋਂ ਇਸ ਮਹਾਨ ਦੇਸ਼ ਦੀ ਬੇਟੀ ’ਤੇ ਹੋਇਆ ਹੈ। ਇਸ ਮੁਸ਼ਕਲ ਦੀ ਘੜੀ ਵਿਚ ਸਾਨੂੰ ਸਾਰਿਆਂ ਨੂੰ ਆਪਣੇ ਪੇਸ਼ੇ, ਜਾਤੀ ਤੇ ਧਰਮ ਤੋਂ ਉੱਪਰ ਉੱਠ ਕੇ ਆਪਣੀ ਗੱਲ ਕਹਿਣ ਦੀ ਲੋੜ ਹੈ।

ਇਸ ਮੌਕੇ ਇੰਡੀਅਨ ਡੈਂਟਲ ਐਸੋਸੀਏਸ਼ਨ, ਪੀ.ਸੀ.ਐੱਮ.ਐੱਸ. ਐਸੋਸੀਏਸ਼ਨ, ਲੁਧਿਆਣਾ ਆਬਸ ਐਂਡ ਗਾਇਨੀ ਐਸੋਸੀਏਸ਼ਨ, ਲੁਧਿਆਣਾ ਸਿਟੀਜ ਕਾਊਂਸਲ, ਵਾਓ ਵੂਮੈਨ ਐਸੋਸੀਏੇਸ਼ਨ , ਈ.ਕੇ.ਏ.ਐੱਸ.ਐੱਸ., ਰੋਟਰੀ ਕਲੱਬ ਹਾਰਮਨੀ, ਆਲ ਇੰਡੀਆ ਇੰਟੀਗ੍ਰੇਟਿਡ ਮੈਡੀਕਲ ਐਸੋਸੀਏਸ਼ਨ, ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ, ਸਿਟੀ ਨੀਡਸ ਵਰਗੀਆਂ ਗਈ ਜੱਥੇਬੰਦੀਆਂ ਅਤੇ ਐੱਨ.ਜੀ.ਓ. ਆਈ.ਐੱਮ.ਏ. ਹਾਊਸ ਵਿਚ ਆਈਆਂ ਤੇ ਇਸ ਮੁੱਦੇ ’ਤੇ ਪੂਰੀ ਹਮਾਇਤ ਦਿੱਤੀ ਤੇ ਇਸ ਮੁਸ਼ਕਲ ਦੀ ਘੜੀ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣ ਦਾ ਵਾਅਦਾ ਕੀਤਾ।

ਫਿਰੋਜ਼ਪੁਰ ਰੋਡ ’ਤੇ ਕੀਤਾ ਰਸਤਾ ਜਾਮ
ਇਸ ਮੌਕੇ ਆਈ.ਐੱਮ.ਏ. ਹਾਊਸ ਦੇ ਰੋਡ ਤੱਕ ਰੋਡ ਮਾਰਚ ਕੱਢਿਆ ਗਿਆ ਤੇ ਕਰੀਬ ਅੱਧੇ ਘੰਟੇ ਤੱਕ ਪੂਰੀ ਫਿਰੋਜ਼ਪੁਰ ਰੋਡ ਜਾਮ ਨੂੰ ਕਰ ਦਿੱਤਾ ਗਿਆ ਤੇ ਵੱਡੀ ਗਿਣਤੀ ਵਿਚ ਮਹਿਲਾ ਡਾਕਟਰਾਂ ਸੜਕਾਂ ’ਤੇ ਉੱਤਰੀਆਂ। ਦਯਾਨੰਦ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਸੰਦੀਪ ਸ਼ਰਮਾ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਵਿਚ ਮੁਲਜ਼ਮਾਂ ਨੂੰ ਕਿਸੇ ਵੀ ਸੂਰਤ ਵਿਚ ਛੱਡਿਆ ਨਹੀਂ ਜਾਣਾ ਚਾਹੀਦਾ। ਦਯਾਨੰਦ ਹਸਪਤਾਲ ਦੇ ਡੀਨ ਅਕੈਡਮਿਕ ਡਾ. ਸੰਦੀਪ ਕੌਸ਼ਲ ਨੇ ਕਿਹਾ ਕਿ ਸਾਡਾ ਡਾਕਟਰ ਭਾਈਚਾਰਾ ਇਸ ਘਟਨਾ ਤੋਂ ਬਹੁਤ ਦੁਖੀ ਹੈ। ਅਸੀਂ ਇਹ ਦਿਖਾਉਣ ਲਈ ਮਾਰਚ ਕਰ ਰਹੇ ਹਾਂ ਕਿ ਅਸੀਂ ਅਜਿਹੇ ਅਪਰਾਧਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ।
ਮੇਡੀਕਲ ਸੁਪਰਡੈਂਟ ਡਾ. ਅਸ਼ਵਨੀ ਕੇ.ਚੌਧਰੀ, ਡਾ. ਸੰਦੀਪ ਸ਼ਰਮਾ ਤੇ ਡਾ. ਬਿਸ਼ਵ ਮੋਹਨ ਨੇ ਨਿਆਂ ਦੀ ਗੁਹਾਰ ਲਾਈ ਤੇ ਕਿਹਾ ਕਿ ਹਸਪਤਾਲਾਂ ਅਤੇ ਹਰ ਜਗ੍ਹਾ ਇਲਾਜ ਕਰਨ ਵਾਲੇ ਹੱਥਾਂ ਦੀ ਸੁਰੱਖਿਆ ਹੋਣਾ ਚਾਹੀਦੀ ਹੈ। ਕੋਈ ਵੀ ਅਪਰਾਧੀ ਸਜ਼ਾ ਹੋਣ ਤੋਂ ਬਚਣਾ ਨਹੀਂ ਚਾਹੀਦਾ। ਵਿਦਿਆਰਥੀਆਂ ਅਤੇ ਰੈਜ਼ਡੈਂਟ ਡਾਕਟਰਾਂ ਨੇ ਸੜਕਾਂ ’ਤੇ ਮਾਰਚ ਕਰਦੇ ਹੋਏ ‘ਸਾਨੂੰ ਨਿਆਂ ਚਾਹੀਦਾ ਹੈ’ ਦੇ ਨਾਅਰੇ ਲਾਏ ਅਤੇ ਫਿਰ ਮ੍ਰਿਤਕਾ ਨੂੰ ਫੁੱਲ ਅਤੇ ਮੋਮਬੱਤੀਆਂ ਦੇ ਕੇ ਸ਼ਰਧਾਂਜਲੀ ਦਿੱਤੀ।

ਓ.ਪੀ. ਡੀਜ਼ ਬੰਦ ਰਹਿਣ ਕਾਰਨ ਮਰੀਜ਼ ਹੋਏ ਪ੍ਰੇਸ਼ਾਨ
ਸ਼ਹਿਰ ਦੇ ਲਗਭਗ ਸਾਰੇ ਸਰਕਾਰੀ ਅਤੇ ਨਿਜੀ ਹਸਪਤਾਲਾਂ ਵਿਚ ਓ.ਪੀ.ਡੀ. ਸੇਵਾਵਾਂ ਬੰਦ ਰਹੀਆਂ, ਜਿਸ ਨਾਲ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰ ਐਮਰਜੈਂਸੀ ਸੇਵਾਵਾਂ ਆਮ ਦਿਨਾਂ ਵਾਂਗ ਜਾਰੀ ਰਹੀਆਂ। ਫੋਰਟਿਸ ਹਸਪਤਾਲ ਦਾ ਡਾਕਟਰਾਂ ਅਤੇ ਸਟਾਫ ਨੇ ਵੀ ਆਪਣੀ ਓ.ਪੀ.ਡੀ. ਵਿਚ ਸੇਵਾਵਾਂ ਬੰਦ ਰੱਖ ਕੇ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ, ਨਾਲ ਹੀ ਦੀਪਕ ਹਸਪਤਾਲ ਦੇ ਡਾਕਟਰਾਂ, ਨਰਸਾਂ ਅਤੇ ਪੈਰਾਮੈਡੀਕਲ ਸਟਾਫ ਨੇ ਵੀ ਇਕ ਮਾਰਚ ਕੱਢ ਕੇ ਘਟਨਾ ਤੇ ਗਹਿਰਾ ਦੁੱਖ ਅਤੇ ਰੋਸ ਪ੍ਰਗਟ ਕੀਤਾ।
ਹੋਮਿਓਪੈਥਿਕ ਡਾਕਟਰ ਵੀ ਹੋਏ ਸ਼ਾਮਲ
ਕੋਲਕਾਤਾ ਦੇ ਆਈ.ਜੀ. ਕਰ ਹਸਪਤਾਲ ਵਿਚ ਹੋਏ ਪੋਸਟ ਗ੍ਰੈਜੂਏਟ ਡਾਕਟਰ ਨਾਲ ਜਬਰ-ਜ਼ਨਾਹ ਅਤੇ ਕਤਲ ਦੇ ਮਾਮਲੇ ਵਿਚ ਹੋਮਿਓਪੈਥਿਕ ਡਾਕਟਰ ਵੀ ਗੁੱਸੇ ਵਿਚ ਦਿਖੇ। ਉਨ੍ਹਾਂ ਨੇ ਘਟਨਾ ਦੀ ਨਿਖੇਧੀ ਕਰਦਿਆਂ ਮੁਲਜ਼ਮਾਂ ਨੂੰ ਸਖਤ ਸਜ਼ਾ ਦਿਵਾਉਣ ਦੀ ਮੰਗ ਕੀਤੀ। ਹੋਮਿਓਪੈਥਿਕ ਮਾਹਰ ਡਾਕਟਰ ਸੁਨੀਲ ਮਿੱਤੂ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਅਜੇ ਪੱਛਮੀ ਬੰਗਾਲ ਦੀ ਸਰਕਾਰ ਨੇ ਆਪਣੀ ਕਾਰਵਾਈ ਵਿਚ ਉਹ ਤੇਜ਼ੀ ਨਹੀਂ ਦਿਖਾਈ, ਜੋ ਉਸ ਨੂੰ ਦਿਖਾਉਣੀ ਚਾਹੀਦੀ ਸੀ।

ਇਹ ਵੀ ਪੜ੍ਹੋ- ਪੁਲਸ ਮੁਲਾਜ਼ਮਾਂ ਨੇ ਸਿਵਲ ਸਰਜਨ ਨੂੰ ਆਜ਼ਾਦੀ ਸਮਾਗਮ 'ਚ ਜਾਣ ਤੋਂ ਰੋਕਿਆ, ਕਮਿਸ਼ਨਰ ਨੇ ਕੀਤਾ ਸਸਪੈਂਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੰਮ੍ਰਿਤਸਰ ਹਵਾਈ ਅੱਡੇ ’ਤੇ ਇੰਡੀਗੋ ਦੀ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ
NEXT STORY