ਚੰਡੀਗੜ੍ਹ (ਸ਼ੀਨਾ) : ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਚੋਣ ਪ੍ਰਚਾਰ ਲਈ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਹਰ ਕੋਈ ਆਪਣੀ ਪਾਰਟੀ ਨੂੰ ਜਿਤਾਉਣ ਲਈ ਵੱਖ-ਵੱਖ ਹੱਥਕੰਡੇ ਅਪਣਾ ਰਿਹਾ ਹੈ। ਚੋਣਾਂ ਦੇ ਮਾਹੌਲ ’ਚ ਕੁੱਝ ਲੋਕਾਂ ਦੇ ਰੁਕੇ ਹੋਏ ਕਾਰੋਬਾਰ ਵੀ ਚੱਲਣ ਲੱਗ ਪਏ ਹਨ। ਇਸੇ ਤਰ੍ਹਾਂ ਦਰਜੀ ਤੇ ਹਲਵਾਈ ਦੀ ਬੁੱਕਤ ’ਚ ਵਾਧਾ ਹੋਇਆ ਹੈ। ਚੋਣਾਂ ਕਰਕੇ ਸਿਆਸੀ ਪਾਰਟੀਆਂ ਦੇ ਆਗੂ ਚੋਣ ਰੈਲੀਆਂ ਤੇ ਡੋਰ-ਟੂ-ਡੋਰ ਪ੍ਰਚਾਰ ਕਰਨ ’ਚ ਰੁੱਝ ਗਏ ਹਨ, ਜਿਸ ਲਈ ਉਨ੍ਹਾਂ ਨੂੰ ਨਿੱਤ ਨਵੇਂ ਸੂਟ ਤਿਆਰ ਕਰਵਾਉਣ ਲਈ ਦਰਜੀ ਦੀ ਲੋੜ ਪੈਂਦੀ ਹੈ। ਇਸ ਲਈ ਉਹ ਦਰਜੀਆਂ ਨੂੰ ਕੁੜਤਾ-ਪਜਾਮਾ, ਨਹਿਰੂ ਜੈਕੇਟ ਅਤੇ ਪੱਗਾਂ ਆਦਿ ਦੇ ਆਰਡਰ ਐਡਵਾਂਸ ’ਚ ਦੇ ਰਹੇ ਹਨ, ਜਿਸ ਨਾਲ ਦਰਜੀਆਂ ਦੀ ਮੰਗ ਵਧੀ ਹੈ। ਇਸ ਤੋਂ ਇਲਾਵਾ ਟਿਕਟ ਮਿਲਣ ਤੋਂ ਲੈ ਕੇ ਚੋਣ ਪ੍ਰਚਾਰ ਤੇ ਜਿੱਤਣ ਦੀ ਖ਼ੁਸ਼ੀ ਸਾਂਝੀ ਕਰਨ ਲਈ ਖਾਣ-ਪੀਣ ਤੇ ਮਠਿਆਈ ਦਾ ਪ੍ਰਬੰਧ ਕਰਨ ਲਈ ਹਲਵਾਈ ਦੀ ਵੀ ਬੇਹੱਦ ਲੋੜ ਰਹਿੰਦੀ ਹੈ। ਪ੍ਰਚਾਰ ਦੌਰਾਨ ਵੋਟਰਾਂ ਲਈ ਖਾਣ-ਪੀਣ ਦਾ ਪ੍ਰਬੰਧ ਤੇ ਵੋਟਾਂ ’ਚ ਜਿੱਤ ਦਰਜ ਕਰਨ ਤੋਂ ਬਾਅਦ ਮਠਿਆਈ ਦੇ ਆਰਡਰ ਲਈ ਹਲਵਾਈ ਵੀ ਪਹਿਲਾਂ ਹੀ ਬੁੱਕ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਪੰਜਾਬ ਪੁਲਸ ਦਾ ਵੱਡਾ ਐਕਸ਼ਨ, ਨੈਸ਼ਨਲ ਹਾਈਵੇਅ 'ਤੇ ਭੁੱਕੀ ਨਾਲ ਭਰਿਆ ਟਰੱਕ ਫੜ੍ਹਿਆ
ਸੂਤੀ ਕੁੜਤੇ-ਪਜਾਮੇ ਦੀ ਵਧੀ ਮੰਗ
ਚੰਡੀਗੜ੍ਹ ਸੈਕਟਰ-17 ਦੇ ਨਾਮੀ ਦਰਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੁੜਤੇ-ਪਜਾਮੇ, ਨਹਿਰੂ ਜੈਕੇਟਾਂ ਦੇ ਆਰਡਰ ਆ ਰਹੇ ਹਨ। ਇਸ ਲਈ ਕਈ ਸਿਆਸੀ ਆਗੂਆਂ ਨੇ ਉਨ੍ਹਾਂ ਨੂੰ ਆਪਣੇ ਮਨਪਸੰਦ ਕੱਪੜੇ ਦੇ ਕੇ ਕੁੜਤਾ-ਪਜਾਮਾ ਬਣਾਉਣ ਦਾ ਆਰਡਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਗਰਮੀ ਹੋਣ ਕਾਰਨ ਜੈਕੇਟ ਨੂੰ ਛੱਡ ਕੇ ਕੁੜਤੇ-ਪਜਾਮੇ ਨੂੰ ਜ਼ਿਆਦਾ ਪਹਿਲ ਦਿੱਤੀ ਜਾ ਰਹੀ ਹੈ। ਇਸ ਲਈ ਸੂਤੀ ਕੱਪੜੇ ਦੇ ਕੁੜਤੇ-ਪਜਾਮਿਆਂ ਦੀ ਜ਼ਿਆਦਾ ਮੰਗ ਕੀਤੀ ਜਾ ਰਹੀ। 2800 ਤੋਂ ਲੈ ਕੇ 3200 ਰੁਪਏ ਪ੍ਰਤੀ ਮੀਟਰ ਤੱਕ ਦਾ ਕੱਪੜਾ ਉਨ੍ਹਾਂ ਕੋਲ ਮੁਹੱਈਆ ਹੈ। ਪੈਂਟ ਤੇ ਕੁੜਤਾ-ਪਜਾਮਾ ਦੀ ਸਿਰਫ਼ ਸਿਲਾਈ ਖ਼ਰਚਾ 1400 ਤੋਂ ਲੈ ਕੇ 1600 ਤੱਕ ਰੁਪਏ ਆਉਂਦਾ ਹੈ। ਇਸ ਤੋਂ ਇਲਾਵਾ ਨਹਿਰੂ ਜੈਕੇਟ ਦੀ ਸਿਲਾਈ 3000 ਤੋਂ 4 ਹਜ਼ਾਰ ਰੁਪਏ ਪ੍ਰਤੀ ਮੀਟਰ ਪੈ ਜਾਂਦੀ ਹੈ। ਚੰਡੀਗੜ੍ਹ ਸ਼ਹਿਰ ਤੋਂ ਇਲਾਵਾ ਪੂਰੇ ਭਾਰਤ ’ਚੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਮਰਹੂਮ ਗਿਆਨੀ ਜ਼ੈਲ ਸਿੰਘ, ਮਰਹੂਮ ਰਾਜੀਵ ਗਾਂਧੀ, ਰਾਹੁਲ ਗਾਂਧੀ, ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਤੇ ਹਿਮਾਚਲ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਧੂਮਲ ਲਈ ਸ਼ੇਰਵਾਨੀ, ਕੁੜਤੇ-ਪਜਾਮੇ ਤੇ ਨਹਿਰੂ ਜੈਕੇਟਾਂ ਵੀ ਉਨ੍ਹਾਂ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉਨ੍ਹਾਂ ਕੋਲ 15 ਦਿਨ ਪਹਿਲਾਂ ਦੇ ਆਰਡਰ ਆ ਚੁੱਕੇ ਹਨ ਤੇ ਇੱਕ ਹਫ਼ਤੇ ’ਚ 8 ਤੋਂ 10 ਕੁੜਤੇ-ਪਜਾਮੇ ਤਿਆਰ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਲਿਵ-ਇਨ-ਰਿਲੇਸ਼ਨ 'ਚ ਤੀਜੇ ਦੀ ਐਂਟਰੀ ਨਾਲ ਪਿਆ ਭੜਥੂ, Girlfriend ਪਿੱਛੇ ਮਾਪਿਆਂ ਦੇ ਇਕਲੌਤੇ ਪੁੱਤ ਦਾ ਕਤਲ
ਪੱਗਾਂ ਰੰਗਣ ਦਾ ਵੀ ਵਧਿਆ ਰੁਝਾਨ
ਪੰਜਾਬ ਦੀ ਰਾਜਨੀਤੀ ’ਚ ਪੱਗ ਦੀ ਬਹੁਤ ਹੀ ਜ਼ਿਆਦਾ ਅਹਿਮੀਅਤ ਹੈ। ਖ਼ਾਸ ਕਰਕੇ ਪੰਜਾਬ ਤੇ ਚੰਡੀਗੜ੍ਹ ’ਚ ਲੋਕ ਸਭਾ ਚੋਣਾਂ ਦੌਰਾਨ ਨਵੀਆਂ ਪੱਗਾਂ ਤੇ ਪੱਗਾਂ ਰੰਗਣ ਦੇ ਕਾਰੋਬਾਰ ’ਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ। ਪੰਜਾਬ ’ਚ ਜਦੋਂ ਵੀ ਕੋਈ ਵੱਡਾ ਵਿਧਾਇਕ ਪਾਰਟੀ ਦੇ ਚੋਣ ਪ੍ਰਚਾਰ ਲਈ ਪੰਜਾਬ ਜਾਂ ਚੰਡੀਗੜ੍ਹ ’ਚ ਪਹੁੰਚਦਾ ਹੈ ਤਾਂ ਉਨ੍ਹਾਂ ਲਈ ਪੱਗ ਖ਼ਾਸ ਤੌਰ ’ਤੇ ਮੁਹੱਈਆ ਕਰਵਾਈ ਜਾਂਦੀ ਹੈ। ਮੌਜੂਦਾ ਪ੍ਰਧਾਨ ਮੰਤਰੀ ਤੋਂ ਲੈ ਕੇ ਰਾਹੁਲ ਗਾਂਧੀ, ਅਮਿਤ ਸ਼ਾਹ, ਅਰਵਿੰਦ ਕੇਜਰੀਵਾਲ ਆਦਿ ਵਰਗੇ ਦਿੱਗਜ ਨੇਤਾਵਾਂ ਨੇ ਜਦੋਂ-ਜਦੋਂ ਚੋਣ ਪ੍ਰਚਾਰ ਦੌਰਾਨ ਪੰਜਾਬ ਜਾਂ ਚੰਡੀਗੜ੍ਹ ’ਚ ਪੈਰ ਧਰਿਆ ਹੈ ਤਾਂ ਉਨ੍ਹਾਂ ਨੇ ਵੀ ਪੱਗ ਪਹਿਨਣ ਨੂੰ ਖ਼ਾਸ ਅਹਿਮੀਅਤ ਦਿੱਤੀ ਹੈ।
ਪਨੀਰ ਪਕੌੜੇ ਤੇ ਸਮੋਸਿਆਂ ਦੇ ਵਾਰ-ਵਾਰ ਆ ਰਹੇ ਨੇ ਆਰਡਰ
ਸੈਕਟਰ-46 ਦੇ ਮਸ਼ਹੂਰ ਮਠਿਆਈਆਂ ਦੀ ਦੁਕਾਨ ਦੇ ਹਲਵਾਈ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਲੋਕ ਸਭਾ ਚੋਣਾਂ ਕਰਕੇ ਆਰਡਰ ’ਚ ਵਾਧਾ ਹੋਇਆ ਹੈ। ਜ਼ਿਆਦਾਤਰ ਗੁਲਾਬ ਜਾਮੁਣ (450 ਪ੍ਰਤੀ ਕਿੱਲੋ), ਕਾਜੂ ਬਰਫ਼ੀ (840 ਰੁਪਏ ਪ੍ਰਤੀ ਕਿੱਲੋ), ਬਰਫ਼ੀ (540 ਰੁਪਏ ਪ੍ਰਤੀ ਕਿੱਲੋ), ਲੱਡੂ (220 ਰੁਪਏ ਕਿੱਲੋ), ਪਨੀਰ ਪਕੌੜੇ, ਸਮੋਸੇ (15 ਰੁਪਏ) ਦੇ ਆਰਡਰ ਵਾਰ-ਵਾਰ ਆ ਰਹੇ ਹਨ। 100 ਤੋਂ 150 ਲੋਕਾਂ ਦੇ ਇਕੱਠ ਲਈ 4 ਤੋਂ 6 ਕਿੱਲੋ ਪਨੀਰ ਪਕੌੜੇ, 100 ਤੋਂ 120 ਸਮੋਸੇ ਦੇ ਖ਼ਾਸ ਆਰਡਰ ਆ ਰਹੇ ਹਨ। ਇਸ ਤੋਂ ਇਲਾਵਾ ਮਠਿਆਈਆਂ ’ਚ ਬਰਫ਼ੀ ਅਤੇ ਕਾਜੂ ਬਰਫ਼ੀ ਦੀ ਮੰਗ ਜ਼ਿਆਦਾ ਹੈ ਤੇ ਗੁਲਾਬ ਜਾਮੁਣ ਦੇ ਹੁਣ ਤੱਕ 15 ਤੋਂ 20 ਕਿੱਲੋ ਦੇ ਆਰਡਰ ਤਿਆਰ ਕੀਤੇ ਜਾ ਰਹੇ ਹਨ। ਹਫ਼ਤੇ ’ਚ ਤਕਰੀਬਨ ਦੋ ਦਿਨ 10 ਕਿੱਲੋ ਬਰਫ਼ੀ ਦੇ ਆਰਡਰ ਆ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਿਆਨਕ ਗਰਮੀ 'ਚ ਖੜ੍ਹਾ ਹੋਇਆ ਨਵਾਂ ਸੰਕਟ, ਇਕ-ਦੂਜੇ ਨਾਲ ਲੜ ਰਹੇ ਲੋਕ, ਪੜ੍ਹੋ ਪੂਰੀ ਖ਼ਬਰ
NEXT STORY