ਕੋਟਕਪੂਰਾ (ਨਰਿੰਦਰ) - ਸਮੁੱਚੇ ਪੰਜਾਬ ਅੰਦਰ ਝੋਨੇ ਦੀ ਲਵਾਈ ਦਾ ਕੰਮ ਸਿਖਰ ’ਤੇ ਹੈ। ਕਿਸੇ ਪਾਸੇ ਵੀ ਨਿਕਲੋ ਹਰ ਪਾਸੇ ਦੂਰ-ਦੂਰ ਤੱਕ ਖੇਤਾਂ ’ਚ ਭਰਿਆ ਪਾਣੀ ਅਤੇ ਝੋਨਾ ਲਗਾ ਰਹੇ ਮਜਦੂਰ ਹੀ ਵਿਖਾਈ ਦਿੰਦੇ ਹਨ। ਇਸ ਵਾਰ ਸਰਕਾਰ ਨੇ ਝੋਨਾ ਲਗਾਉਣ ਦੀ ਮਿਤੀ 20 ਜੂਨ ਨਿਸ਼ਚਿਤ ਕੀਤੀ ਸੀ ਤੇ ਇੰਨ੍ਹਾ ਸਰਕਾਰੀ ਆਦੇਸ਼ਾ ਦੀ ਪਾਲਣਾ ਵੀ ਲਗਭਗ ਹੋਈ ਹੀ ਹੈ, ਭਾਵੇਂ ਕੁੱਝ ਥਾਵਾਂ ’ਤੇ ਕਿਸਾਨਾਂ ਵੱਲੋਂ 20 ਜੂਨ ਤੋਂ ਪਹਿਲਾਂ ਝੋਨਾ ਲਗਾਉਣ ਤੇ ਸਰਕਾਰੀ ਅਧਿਕਾਰੀਆਂ ਵੱਲੋਂ ਪਹਿਲਾਂ ਲੱਗੇ ਇਸ ਝੋਨੇ ਨੂੰ ਵਾਹੁਣ ਦੀਆਂ ਖਬਰਾਂ ਵੀ ਆਈਆਂ। ਝੋਨੇ ਦੀ ਲਵਾਈ ਦਾ ਸੀਜ਼ਨ ਜੋਬਨ ’ਤੇ ਹੋਣ ਕਾਰਨ ਝੋਨਾ ਲਗਾਉਣ ਦੀ ਤਰੀਕ 20 ਜੂਨ ਨਿਸ਼ਚਿਤ ਕਰਨ, ਫਸਲ ਦੀ ਕਿਸਮ, ਮਜ਼ਦੂਰਾਂ ਦੀ ਘਾਟ ਅਤੇ ਮਜ਼ਦੂਰੀ ਦੇ ਰੇਟ ਨੂੰ ਲੈ ਕੇ ਕਈ ਤਰ੍ਹਾਂ ਦੇ ਚਰਚੇ ਸੁਣਨ ਨੂੰ ਮਿਲ ਰਹੇ ਹਨ। ਕਈ ਇਲਾਕਿਆਂ ’ਚ ਪਨੀਰੀ ਪਹਿਲਾਂ ਲੱਗੀ ਹੋਣ ਕਾਰਨ ਸਡ਼੍ਹ ਜਾਣ ’ਤੇ ਕਿਸਾਨਾਂ ਵੱਲੋਂ ਮਜਬੂਰੀ ਵੱਸ ਦੁਬਾਰਾ ਪਨੀਰੀ ਲਗਾਉਣ ਦਾ ਵੀ ਪਤਾ ਲੱਗਿਆ ਹੈ ਜਿਸ ਨਾਲ ਕਿਸਾਨਾਂ ’ਤੇ ਆਰਥਿਕ ਬੋਝ ਵਧਿਆ ਹੈ।
ਮਜ਼ਦੂਰਾਂ ਦੀ ਘਾਟ : ਝੋਨਾ ਲਗਾਉਣ ਦਾ ਸੀਜਨ ਆਮ ਤੌਰ ’ਤੇ 20 ਕੁ ਦਿਨ ਦਾ ਹੁੰਦਾ ਹੈ ਤੇ ਦਿਨੋ-ਦਿਨ ਧਰਤੀ ਹੇਠਲੇ ਪਾਣੀ ਦੇ ਘਟਣ ਨੂੰ ਧਿਆਨ ’ਚ ਰੱਖਦੇ ਹੋਏ ਹੁਣ ਸਰਕਾਰ ਵੱਲੋਂ ਝੋਨਾ ਲਗਾਉਣ ਦੀ ਮਿਤੀ 20 ਜੂਨ ਨਿਸ਼ਚਿਤ ਕਰਨ ਨਾਲ ਇਹ ਸੀਜਨ 15 ਕੁ ਦਿਨ ਹੀ ਚੱਲਣ ਦੀ ਉਮੀਦ ਹੈ। ਸਾਰੇ ਪਾਸੇ ਝੋਨੇ ਦੀ ਲਵਾਈ ਸ਼ੁਰੂ ਹੋਣ ਨਾਲ ਕਿਸਾਨਾਂ ਅੱਗੇ ਮਜਦੂਰਾਂ ਦੀ ਘਾਟ ਦੀ ਸਮੱਸਿਆ ਆ ਗਈ ਹੈ। ਪਹਿਲਾਂ ਲੋਕਲ ਮਜ਼ਦੂਰ ਤੋਂ ਇਲਾਵਾ ਬਿਹਾਰ ਤੇ ਯੂ.ਪੀ ਆਦਿ ਸੂਬਿਆਂ ਤੋਂ ਵੱਡੀ ਗਿਣਤੀ ’ਚ ਮਜ਼ਦੂਰ ਪੰਜਾਬ ਆਂਉਦੇ ਸਨ ਪ੍ਰੰਤੂ ਇੰਨ੍ਹਾਂ ਸੂਬਿਆਂ ’ਚ ਨਰੇਗਾ ਤੇ ਹੋਰ ਵਿਕਾਸ ਕਾਰਜਾਂ ਦੇ ਚੱਲਦਿਆਂ ਪਹਿਲਾਂ ਨਾਲੋ ਘੱਟ ਮਜਦੂਰ ਆ ਰਹੇ ਹਨ ਜਿਸ ਕਾਰਨ ਕਿਸਾਨਾਂ ਨੂੰ ਮੁਸ਼ਕਲ ਆ ਰਹੀ ਹੈ।
ਰੇਟ ’ਚ ਆਇਆ ਉਛਾਲ : ਹਰ ਕੋਈ ਜਿੰਨ੍ਹਾਂ ਜਲਦੀ ਹੋ ਸਕੇ ਝੋਨੇ ਦੀ ਲਵਾਈ ਦਾ ਕੰਮ ਮੁਕੰਮਲ ਕਰ ਲੈਣਾ ਚਾਹੁੰਦਾ ਹੈ ਜਿਸ ਦੇ ਚੱਲਦਿਆ ਬਾਹਰੋਂ ਆਂਉਣ ਵਾਲੇ ਮਜਦੂਰਾਂ ਦੀ ਮੰਗ ਵਧ ਗਈ ਹੈ। ਇਸ ਮੰਗ ਨੂੰ ਵੇਖਦਿਆਂ ਝੋਨੇ ਦੀ ਲਵਾਈ ਦੇ ਰੇਟ ਵੀ ਵਧੇ ਹਨ। ਕੁੱਝ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ 2200-2300 ਰੁਪਏ ਪ੍ਰਤੀ ਏਕਡ਼ ਭਾਅ ਸੀ, ਜੋ ਇਸ ਵਾਰ 2600-2700 ਤੱਕ ਪੁੱਜ ਗਏ ਹਨ ਅਤੇ ਕਈ ਥਾਵਾਂ ’ਤੇ ਤਾਂ 3000 ਰੁਪਏ ਪ੍ਰਤੀ ਏਕਡ਼ ਦਾ ਭਾਅ ਵੀ ਸੁਣਨ ’ਚ ਆਇਆ ਹੈ। ਪਿੰਡ ਚੰਮੇਲੀ ਦੇ ਕਿਸਾਨ ਪ੍ਰਦੁਮਨ ਸਿੰਘ ਨੇ ਦੱਸਿਆ ਕਿ ਦੇਰੀ ਹੋਣ ਕਾਰਨ ਝੋਨੇ ਦੀ ਪਨੀਰੀ ਸਡ਼ਣ ਲੱਗੀ ਹੈ ਜਿਸ ਕਾਰਨ ਕਿਸਾਨਾਂ ਨੂੰ ਪਨੀਰੀ ਦੁਬਾਰਾ ਤਿਆਰ ਕਰਨੀ ਪੈ ਸਕਦੀ ਹੈ। ਉਨ੍ਹਾਂ ਦੱਸਿਆ ਝੋਨੇ ਦੀ ਲਵਾਈ ’ਚ ਦੇਰੀ ਕਾਰਨ ਕਟਾਈ ਵੀ ਦੇਰੀ ਨਾਲ ਹੋਵੇਗੀ ਜਿਸ ਕਾਰਨ ਵਧੀ ਨਮੀ ਦੀ ਮਾਤਰਾ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ।
ਮਜ਼ਦੂਰ ਲੈ ਰਹੇ ਹਨ ਮੋਬਾਇਲ ਦਾ ਲਾਹਾ : ਮਜਦੂਰਾਂ ਦੇ ਵੱਡੇ ਗਰੁੱਪ ਨਾਲ ਝੋਨਾ ਲਗਾਉਣ ਜਾ ਰਹੇ ਇਕ ਪ੍ਰਵਾਸੀ ਮਜ਼ਦੂਰ ਮੋਹਿਤ ਬਿੰਦ ਨੇ ਦੱਸਿਆ ਕਿ ਮੋਬਾਇਲ ਦੀ ਵਰਤੋਂ ਕਰਕੇ ਉਹ ਆਪਣੇ ਹੋਰ ਸਾਥੀਆਂ ਨਾਲ ਸੰਪਰਕ ਕਰਦੇ ਹਨ। ਉਸ ਨੇ ਦੱਸਿਆ ਕਿ ਪਹਿਲਾਂ ਸਾਨੂੰ ਆਲੇ-ਦੁਆਲੇ ਭਾਅ ਦਾ ਪਤਾ ਨਹੀ ਲੱਗਦਾ ਸੀ ਤੇ ਕਈ ਵਾਰ ਸਾਨੂੰ ਬਹੁਤ ਨੁਕਸਾਨ ਝੱਲਣਾ ਪੈਂਦਾ ਸੀ ਪਰ ਹੁਣ ਅਜਿਹਾ ਨਹੀ ਹੈ। ਉਨ੍ਹਾਂ ਕਿਹਾ ਕਿ ਮੋਬਾਇਲ ਦੀ ਵਰਤੋਂ ਕਰਕੇ ਸਾਨੂੰ ਮਜ਼ਦੂਰੀ ਪਹਿਲਾਂ ਨਾਲੋ ਵੱਧ ਮਿਲ ਰਹੀ ਹੈ। ਉਸਨੇ ਦੱਸਿਆ ਕਿ ਕੁੱਝ ਕਿਸਾਨ ਸਾਨੂੰ 2-3 ਸੋ ਰੁਪਏ ਪ੍ਰਤੀ ਏਕਡ਼ ਵਧ ਦੇਣ ਪਰ ਕਿਸੇ ਕੋਲ ਗੱਲ ਨਾ ਕਰਨ ਦੀ ਗੱਲ ਆਖ ਕੇ ਵੱਧ ਰਕਮ ਦੇ ਦਿੰਦੇ ਹਨ।
ਬਾਬਾ ਫਰੀਦ ਪੈਸੰਜਰ ਟੈਂਪੂ ਯੂਨੀਅਨ ਦਾ ਧਰਨਾ ਲਗਾਤਾਰ ਜਾਰੀ
NEXT STORY