ਜਲੰਧਰ(ਬਹਿਲ, ਸੋਮਨਾਥ)—ਪਾਕਿਸਤਾਨ ਦੇ ਲੋਕਤੰਤਰ ਦਾ ਲਗਭਗ ਅੱਧਾ ਹਿੱਸਾ ਫੌਜੀ ਰਾਜ 'ਚ ਬੀਤਿਆ ਹੈ। ਇਤਿਹਾਸ ਗਵਾਹ ਹੈ ਕਿ ਸਰਕਾਰ ਕਿਸੇ ਵੀ ਪਾਰਟੀ ਦੀ ਚੁਣੀ ਜਾਵੇ ਪਰ ਚੱਲਦੀ ਫੌਜ ਦੀ ਮਰਜ਼ੀ ਨਾਲ ਹੈ। ਇਸ ਦੀਆਂ ਕਈ ਉਦਾਹਰਣਾਂ ਹਨ, ਜਿਵੇਂ ਪਾਕਿਸਤਾਨ 'ਚ ਕਈ ਵਾਰ ਚੁਣੀ ਹੋਈ ਸਰਕਾਰ ਨੂੰ ਸੁੱਟ ਕੇ ਫੌਜੀ ਰਾਜ ਲਾਗੂ ਹੋ ਚੁੱਕਾ ਹੈ। ਭਾਵੇਂ ਉਹ ਜਨਰਲ ਜਿਆ ਉਲ ਹੱਕ ਹੋਵੇ ਜਾਂ ਯਾਹਿਆ ਖਾਨ ਜਾਂ ਫਿਰ ਜਨਰਲ ਪਰਵੇਜ਼ ਮੁਸ਼ੱਰਫ, ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਪਾਕਿਸਤਾਨ 'ਚ ਹਕੂਮਤ ਕੀਤੀ।
ਕਹਿਣ ਦਾ ਭਾਵ ਇਹ ਹੈ ਕਿ ਪਾਕਿਸਤਾਨ ਦੀ ਰਾਜਨੀਤੀ 'ਚ ਫੌਜ ਦਾ ਦਖਲ ਇੰਨਾ ਜ਼ਿਆਦਾ ਹੈ ਕਿ ਇਸ ਤੋਂ ਮੁਕਤ ਹੋਣਾ ਲਗਭਗ ਅਸੰਭਵ ਹੈ। ਹੁਣ ਜਦਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਇਮਰਾਨ ਖਾਨ ਸਰਕਾਰ ਬਣਾਉਣ ਤੇ ਪ੍ਰਧਾਨ ਮੰਤਰੀ ਬਣਨ ਦੇ ਨੇੜੇ ਹਨ ਤਾਂ ਭਾਰਤ ਦੀਆਂ ਖੁਫੀਆ ਏਜੰਸੀਆਂ ਵੀ ਇਮਰਾਨ ਖਾਨ ਦੇ ਪਾਕਿਸਤਾਨ ਦੀ ਸੱਤਾ 'ਤੇ ਕਾਬਜ਼ ਹੋਣ ਦੇ ਸਾਈਡ ਇਫੈਕਟ ਦੀ ਸਮੀਖਿਆ ਕਰਨ 'ਚ ਜੁੱਟ ਗਈਆਂ ਹਨ। ਖੁਫੀਆ ਏਜੰਸੀਆਂ ਅਨੁਸਾਰ ਇਮਰਾਨ ਖਾਨ ਦੇ ਸੱਤਾ 'ਚ ਆਉਣ 'ਤੇ ਪੰਜਾਬ ਤੇ ਜੰਮੂ-ਕਸ਼ਮੀਰ 'ਤੇ ਸਿੱਧੇ ਤੌਰ 'ਤੇ ਇਫੈਕਟ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਖੁਫੀਆ ਏਜੰਸੀਆਂ ਨਾਲ ਜੁੜੇ ਅਫਸਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਇਨ੍ਹਾਂ ਦੋਵਾਂ ਸੂਬਿਆਂ 'ਚ ਵੱਡੇ ਅੱਤਵਾਦੀ ਹਮਲੇ ਹੋ ਸਕਦੇ ਹਨ। ਆਈ. ਐੱਸ. ਆਈ. ਹੁਣ ਪੂਰੀ ਤਰ੍ਹਾਂ ਸੱਤਾ 'ਤੇ ਹਾਵੀ ਹੋ ਜਾਵੇਗੀ। ਖੁਫੀਆ ਏਜੰਸੀਆਂ ਦਾ ਅੰਦਾਜ਼ਾ ਹੈ ਕਿ ਫੌਜ ਤੇ ਆਈ. ਐੱਸ. ਆਈ. ਨੇ ਮਿਸ਼ਨ ਪੰਜਾਬ ਤੇ ਜੰਮੂ-ਕਸ਼ਮੀਰ ਤਿਆਰ ਕੀਤਾ ਹੋਇਆ ਹੈ। ਪਹਿਲਾਂ ਉਹ ਪਾਕਿਸਤਾਨ 'ਚ ਸਿਆਸੀ ਹਲਚਲ ਕਾਰਨ ਇਸ ਮਿਸ਼ਨ 'ਤੇ ਫੋਕਸ ਨਹੀਂ ਕਰ ਪਾ ਰਹੇ ਸਨ। ਹੁਣ ਉਨ੍ਹਾਂ ਦਾ ਸਾਰਾ ਫੋਕਸ ਇਨ੍ਹਾਂ ਦੋਵਾਂ ਸੂਬਿਆਂ 'ਤੇ ਹੋਵੇਗਾ।
ਸਿੱਖ ਰੈਫਰੈਂਡਮ 2020 ਦੇ ਪਿੱਛੇ ਹੈ ਆਈ. ਐੱਸ. ਆਈ.
ਖੁਫੀਆ ਏਜੰਸੀਆਂ ਦਾ ਮੰਨਣਾ ਹੈ ਕਿ ਸਿੱਖ ਰੈਫਰੈਂਡਮ 2020 ਦੇ ਪਿੱਛੇ ਆਈ. ਐੱਸ. ਆਈ. ਦਾ ਹੱਥ ਹੈ। ਆਈ. ਐੱਸ. ਆਈ. ਇਸ ਲਈ ਸਿਖਸ ਫਾਰ ਜਸਟਿਸ ਨੂੰ ਫੰਡਿੰਗ ਕਰ ਰਹੀ ਹੈ। ਇਥੋਂ ਤੱਕ ਕਿ 12 ਅਗਸਤ ਨੂੰ ਯੂ. ਕੇ. 'ਚ ਹੋਣ ਵਾਲੀ ਰੈਲੀ ਦੇ ਪਿੱਛੇ ਵੀ ਆਈ. ਐੱਸ. ਆਈ. ਦਾ ਦਿਮਾਗ ਹੈ। ਆਈ. ਐੱਸ. ਆਈ. ਨੇ ਇਕ ਨਵਾਂ ਗਰੁੱਪ ਤਿਆਰ ਕਰ ਲਿਆ ਹੈ। ਆਈ. ਐੱਸ. ਆਈ. ਦਾ ਸੋਸ਼ਲ ਮੀਡੀਆ ਸੈੱਲ ਹੀ ਇਸ ਨੂੰ ਪ੍ਰਮੋਟ ਕਰ ਰਿਹਾ ਹੈ। ਯੂ. ਕੇ. 'ਚ ਇਸ ਸਮੇਂ ਦੋ ਦਰਜਨ ਤੋਂ ਵੱਧ ਆਈ. ਐੱਸ. ਆਈ. ਦੇ ਮਾਡਿਊਲ ਚੱਲ ਰਹੇ ਹਨ।
ਪੰਜਾਬ 'ਚ ਰੈਫਰੈਂਡਮ 2020 ਲਈ ਹਵਾਲਾ ਰਾਹੀਂ ਹੋ ਰਹੀ ਫੰਡਿੰਗ
ਖੁਫੀਆ ਏਜੰਸੀਆਂ ਨੂੰ ਪਤਾ ਲੱਗਾ ਹੈ ਕਿ ਆਈ. ਐੱਸ. ਆਈ. ਨੇ ਪੰਜਾਬ 'ਚ ਰੈਫਰੈਂਡਮ 2020 ਲਈ ਹਵਾਲਾ ਰਾਹੀਂ ਫੰਡ ਭੇਜਿਆ ਹੈ। ਪੰਜਾਬ 'ਚ ਸਿਖਸ ਫਾਰ ਜਸਟਿਸ ਦੇ ਸਲੀਪਿੰਗ ਸੈੱਲਸ ਕੰਮ ਕਰ ਰਹੇ ਹਨ।
ਹਮੀਦ ਗੁੱਲ ਲੈ ਕੇ ਆਇਆ ਇਮਰਾਨ ਖਾਨ ਨੂੰ ਸਿਆਸਤ 'ਚ
ਸੂਤਰਾਂ ਦਾ ਕਹਿਣਾ ਹੈ ਕਿ ਜੇ ਇਮਰਾਨ ਖਾਨ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਸਰਹੱਦ 'ਤੇ ਘੁਸਪੈਠ ਦੀ ਸੰਭਾਵਨਾ ਵਧੇਗੀ। ਉਹ ਪ੍ਰਧਾਨ ਮੰਤਰੀ ਬਣਦੇ ਹੀ ਆਪਣੇ ਅਕਸ ਨੂੰ ਬਿਹਤਰ ਕਰਨ ਲਈ ਭਾਰਤ ਵਿਰੋਧੀ ਬਿਆਨ ਵੀ ਦੇਣਗੇ। ਇਮਰਾਨ ਖਾਨ ਨੂੰ ਆਈ. ਐੱਸ. ਆਈ. ਦਾ ਸਾਬਕਾ ਚੀਫ ਹਮੀਦ ਗੁੱਲ ਸਿਆਸਤ 'ਚ ਲੈ ਕੇ ਆਇਆ ਸੀ। ਗੁੱਲ ਨੇ ਹੀ ਇਮਰਾਨ ਖਾਨ ਨੂੰ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਸਿਆਸਤ 'ਚ ਆਉਣ ਲਈ ਪ੍ਰੇਰਿਤ ਕੀਤਾ ਸੀ। ਗੁੱਲ ਨੇ ਹੀ ਇਮਰਾਨ ਖਾਨ ਨੂੰ ਕੌਮੀ ਪੱਧਰ 'ਤੇ ਪਾਰਟੀ ਬਣਾਉਣ ਲਈ ਤਿਆਰ ਕੀਤਾ ਸੀ।
2 ਸਕਿਓਰਿਟੀ ਗਾਰਡਾਂ ’ਤੇ ਚੜ੍ਹੀ ਕਾਰ, ਇਕ ਦੀ ਮੌਤ
NEXT STORY