ਟਾਂਡਾ ਉੜਮੁੜ, (ਪੰਡਿਤ)- ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਬੈਂਗਲੁਰੂ ਵਿਚ ਬੰਦੀ ਬਣਾਉਣ ਉਪਰੰਤ ਕਤਲ ਕੀਤੇ ਗਏ ਪਿੰਡ ਕਲਿਆਣਪੁਰ ਵਾਸੀ ਨੌਜਵਾਨ ਸੁਰਿੰਦਰ ਪਾਲ ਸਿੰਘ ਪਾਲੀ ਦੇ ਪਰਿਵਾਰ ਨੇ ਉਸ ਦੇ ਕਾਤਲਾਂ ਨੂੰ ਜਲਦ ਫੜਨ ਦੀ ਮੰਗ ਕੀਤੀ ਹੈ। ਅੱਜ ਪਿੰਡ ਕਲਿਆਣਪੁਰ ਵਿਚ ਪਰਿਵਾਰ ਦੀ ਇਸ ਮੰਗ ਦੌਰਾਨ ਬੈਂਗਲੁਰੂ ਵਿਚ ਲੱਖਾਂ ਰੁਪਏ ਦੇ ਕੇ ਟਰੈਵਲ ਏਜੰਟਾਂ ਦੀ ਚੁੰਗਲ ਵਿਚੋਂ ਛੁੱਟ ਕੇ ਆਏ ਪੰਜਾਬ ਦੇ ਪੰਜ ਵਿਅਕਤੀਆਂ ਵਿਚੋਂ ਇਕ ਨੇ ਆਪਣੀ ਪਛਾਣ ਗੁਪਤ ਰੱਖਦਿਆਂ ਉਕਤ ਗੋਰਖਧੰਦੇ ਬਾਰੇ ਅਹਿਮ ਖੁਲਾਸੇ ਕੀਤੇ।
ਪੀੜਤ ਨੇ ਆਪਣੀ ਦੁੱਖ ਭਰੀ ਕਹਾਣੀ ਬਿਆਨਦਿਆਂ ਕਿਹਾ ਕਿ ਉਹ ਵੀ ਪਾਲੀ ਵਾਂਗ ਆਪਣੇ ਇਲਾਕੇ ਦੇ ਸਬ-ਟਰੈਵਲ ਏਜੰਟ ਰਾਹੀਂ ਦਿੱਲੀ ਤੋਂ ਮੁੰਬਈ ਹੁੰਦਾ ਹੋਇਆ ਬੈਂਗਲੁਰੂ ਪਹੁੰਚਿਆ ਸੀ। ਉਥੇ ਪਹੁੰਚਣ 'ਤੇ ਟਰੈਵਲ ਏਜੰਟਾਂ ਦੇ 14-15 ਮੈਂਬਰੀ ਗਿਰੋਹ ਨੇ ਉਸ ਨਾਲ ਕੁੱਟ-ਮਾਰ ਕੀਤੀ। ਜਾਨੋਂ ਮਾਰਨ ਦੀ ਧਮਕੀ ਦੇ ਕੇ ਉਨ੍ਹਾਂ ਫੋਨ 'ਤੇ ਕੈਨੇਡਾ ਪਹੁੰਚ ਜਾਣ ਦਾ ਝੂਠ-ਮੂਠ ਕਹਿ ਕੇ ਉਸ ਦੇ ਘਰਦਿਆਂ ਕੋਲੋਂ ਧੋਖੇ ਨਾਲ 30 ਲੱਖ ਰੁਪਏ ਹਾਸਲ ਕਰ ਲਏ। ਉਸ ਨੇ ਦੱਸਿਆ ਕਿ ਉਸ ਵਾਂਗ ਭੋਗਪੁਰ, ਚੱਕ ਸ਼ਰੀਫ ਅਤੇ ਹੋਰ ਸਥਾਨਾਂ ਦੇ ਨੌਜਵਾਨ ਵੀ ਬੈਂਗਲੁਰੂ ਤੋਂ ਟਰੈਵਲ ਏਜੰਟਾਂ ਦੀ ਚੁੰਗਲ ਵਿਚੋਂ ਛੁੱਟ ਕੇ ਆਏ ਹਨ। ਉਹ 7 ਦਸੰਬਰ ਨੂੰ ਰਿਹਾਅ ਹੋ ਕੇ ਆਇਆ ਸੀ।
ਉਕਤ ਪੰਜ ਵਿਅਕਤੀਆਂ ਵਾਂਗ ਪਾਲੀ ਖੁਸ਼ਕਿਸਮਤ ਨਹੀਂ ਸੀ। ਉਸ ਦੀ ਲਾਸ਼ 6 ਦਸੰਬਰ ਨੂੰ ਹੀ ਥਾਣਾ ਰਾਮ ਨਗਰ (ਬੈਂਗਲੁਰੂ) ਦੀ ਪੁਲਸ ਨੂੰ ਝਾੜੀਆਂ ਵਿਚੋਂ ਮਿਲ ਗਈ ਸੀ। ਪਾਲੀ ਦੇ ਸਾਲੇ ਗੋਬਿੰਦ ਸਿੰਘ ਪੁੱਤਰ ਦਲਜੀਤ ਸਿੰਘ ਨਿਵਾਸੀ ਲੰਮੇ (ਕਪੂਰਥਲਾ) ਦੇ ਬਿਆਨ ਦੇ ਆਧਾਰ 'ਤੇ ਹਰਮਿੰਦਰ ਸਿੰਘ ਸ਼ੈਲੀ ਪੁੱਤਰ ਸੁਰਜੀਤ ਸਿੰਘ ਨਿਵਾਸੀ ਚੱਕ ਸ਼ਰੀਫ, ਜੇ. ਡੀ. ਪਟੇਲ , ਸੰਜੀਵ, ਨਰੇਸ਼ ਪਟੇਲ ਆਦਿ ਖਿਲਾਫ਼ ਪਹਿਲਾਂ ਤੋਂ ਦਰਜ ਮਾਮਲੇ ਵਿਚ ਕਤਲ ਦੀ ਧਾਰਾ ਜੋੜਨ ਤੋਂ ਬਾਅਦ ਪੁਲਸ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਮ੍ਰਿਤਕ ਦੀ ਪਤਨੀ ਪਲਵਿੰਦਰ ਕੌਰ, ਭੈਣਾਂ ਅਤੇ ਸਾਲੇ ਗੋਬਿੰਦ ਸਿੰਘ ਨੇ ਪੁਲਸ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਰੇਲਵੇ ਅਧਿਕਾਰੀਆਂ ਵੱਲੋਂ ਮਨਮਰਜ਼ੀ ਨਾਲ ਨਿਯੁਕਤੀਆਂ ਕਰਨ 'ਤੇ ਮੁਲਾਜ਼ਮਾਂ 'ਚ ਰੋਸ
NEXT STORY