ਧੂਰੀ, (ਸੰਜੀਵ ਜੈਨ)- ਰੇਲਵੇ ਦੇ ਅਧਿਕਾਰੀਆਂ ਵੱਲੋਂ ਮਨਮਰਜ਼ੀ ਨਾਲ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਕਾਰਨ ਰੇਲਵੇ ਕਰਮਚਾਰੀਆਂ 'ਚ ਰੋਸ ਪਾਇਆ ਜਾ ਰਿਹਾ ਹੈ। ਇਸ ਮਸਲੇ 'ਚ ਅਧਿਕਾਰੀਆਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉੁਂਦਿਆਂ ਉੱਤਰੀ ਰੇਲਵੇ ਮਜ਼ਦੂਰ ਯੂਨੀਅਨ ਨੇ ਤਿੱਖੀ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਇਸ ਸਬੰਧੀ ਯੂਨੀਅਨ ਦੀ ਧੂਰੀ ਸ਼ਾਖਾ ਦੇ ਸਕੱਤਰ ਵੇਦ ਪ੍ਰਕਾਸ਼ ਪਹਿਲਵਾਨ ਨੇ ਦੱਸਿਆ ਕਿ ਰੇਲਵੇ ਦੇ ਸਹਾਇਕ ਇੰਜੀਨੀਅਰ ਪਟਿਆਲਾ ਵੱਲੋਂ ਵਿਭਾਗ 'ਚ ਟ੍ਰੈਕਮੈਨ ਦੇ ਤੌਰ 'ਤੇ ਕੰਮ ਕਰਨ ਵਾਲੇ ਇਕ ਕਰਮਚਾਰੀ ਨੂੰ ਤਬਦੀਲ ਕਰ ਕੇ ਕਾਰਪੇਂਟਰ ਬਣਾ ਦਿੱਤਾ ਗਿਆ ਸੀ। ਉਕਤ ਅਧਿਕਾਰੀ ਨੂੰ ਅਜਿਹਾ ਕਰਨ ਦਾ ਕੋਈ ਅਧਿਕਾਰ ਨਹੀਂ ਸੀ ਅਤੇ ਇਹ ਨਿਯੁਕਤੀ ਗੈਰ-ਕਾਨੂੰਨੀ ਢੰਗ ਨਾਲ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੀ ਗਈ ਸੀ। ਜਦੋਂ ਯੂਨੀਅਨ ਵੱਲੋਂ ਇਸ ਮਾਮਲੇ ਨੂੰ ਡੀ. ਆਰ. ਐੱਮ. ਅੰਬਾਲਾ ਡਵੀਜ਼ਨ ਦੇ ਧਿਆਨ 'ਚ ਲਿਆਂਦਾ ਗਿਆ ਤਾਂ ਉਨ੍ਹਾਂ ਇਸ ਮਾਮਲੇ ਦੀ ਜਾਂਚ ਕਰਨ ਲਈ 3 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ। ਉਕਤ 3 ਮੈਂਬਰੀ ਕਮੇਟੀ ਦੀ ਜਾਂਚ ਰਿਪੋਰਟ ਨੂੰ ਵਾਚਣ ਤੋਂ ਬਾਅਦ ਡੀ. ਆਰ. ਐੱਮ. ਅੰਬਾਲਾ ਡਵੀਜ਼ਨ ਨੇ ਇਸ ਨਿਯੁਕਤੀ ਨੂੰ ਗੈਰ-ਵਾਜ਼ਿਬ ਕਰਾਰ ਦਿੰਦਿਆਂ ਉਕਤ ਕਰਮਚਾਰੀ ਦੀ ਨਿਯੁਕਤੀ ਬਤੌਰ ਟ੍ਰੈਕਮੈਨ ਕਰਨ ਦੇ ਆਦੇਸ਼ ਜਾਰੀ ਕੀਤੇ। ਉਕਤ ਆਦੇਸ਼ਾਂ 'ਤੇ ਸਹਾਇਕ ਇੰਜੀਨੀਅਰ ਪਟਿਆਲਾ ਨੇ ਉਕਤ ਕਰਮਚਾਰੀ ਦੀ ਨਿਯੁਕਤੀ ਮੁੜ ਬਤੌਰ ਟ੍ਰੈਕਮੈਨ ਕਰਨ ਦੇ ਹੁਕਮ ਜਾਰੀ ਕਰ ਦਿੱਤੇ।
ਇਸ ਕਰਮਚਾਰੀ ਦੇ ਕਾਰਪੇਂਟਰ ਤੋਂ ਮੁੜ ਟ੍ਰੈਕਮੈਨ ਵਜੋਂ ਅਹੁਦਾ ਸੰਭਾਲਣ ਦੇ ਆਦੇਸ਼ ਉਸ ਦੀ ਗੈਰ-ਹਾਜ਼ਰੀ 'ਚ ਮਹਿਕਮੇ ਨੇ ਉਸ ਦੇ ਘਰ ਦੇ ਬਾਹਰ ਦਰਵਾਜ਼ੇ 'ਤੇ ਚਿਪਕਾਅ ਕੇ ਇਸ ਨੂੰ ਕਾਨੂੰਨੀ ਜਾਮਾ ਪਹਿਨਾ ਦਿੱਤਾ। ਇਸ ਦੇ ਬਾਵਜੂਦ ਸ਼ਾਖਾ ਸਕੱਤਰ ਵੇਦ ਪ੍ਰਕਾਸ਼ ਪਹਿਲਵਾਨ ਨੇ ਉਕਤ ਕਰਮਚਾਰੀ 'ਤੇ ਅਜੇ ਵੀ ਵਿਭਾਗ 'ਚ ਬਤੌਰ ਕਾਰਪੇਂਟਰ ਹੀ ਕੰਮ ਕਰਨ ਦੇ ਦੋਸ਼ ਲਾਏ ਹਨ।
ਕੀ ਕਹਿੰਦੇ ਨੇ ਸੀਨੀਅਰ ਸੈਕਸ਼ਨ ਇੰਜੀਨੀਅਰ?
ਇਨ੍ਹਾਂ ਦੋਸ਼ਾਂ ਸਬੰਧੀ ਜੱਦ ਰੇਲਵੇ ਦੇ ਸਥਾਨਕ ਸੀਨੀਅਰ ਸੈਕਸ਼ਨ ਇੰਜੀਨੀਅਰ (ਵਰਕਸ) ਰਾਕੇਸ਼ ਗੁਪਤਾ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਮੌਜੂਦਾ ਸਮੇਂ ਉਕਤ ਕਰਮਚਾਰੀ ਦੇ ਬਤੌਰ ਕਾਰਪੇਂਟਰ ਕੰਮ ਕਰਵਾਏ ਜਾਣ ਤੋਂ ਸਾਫ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਦੇ ਲਿਖਤੀ ਆਦੇਸ਼ ਤੋਂ ਬਾਅਦ ਹੀ ਉਹ ਉਕਤ ਕਰਮਚਾਰੀ ਨੂੰ ਕਾਰਪੇਂਟਰ ਦੀ ਜ਼ਿੰਮੇਵਾਰੀ ਸੌਂਪਣਗੇ।
ਇਨਸਾਫ ਲਈ ਸੰਘਰਸ਼ ਵਿੱਢਣ ਦੀ ਚਿਤਾਵਨੀ
ਉੱਤਰੀ ਰੇਲਵੇ ਮਜ਼ਦੂਰ ਯੂਨੀਅਨ ਨੇ ਉਕਤ ਪੂਰੇ ਮਾਮਲੇ ਦੀ ਵਿਜੀਲੈਂਸ ਤੋਂ ਜਾਂਚ ਕਰਵਾਉੁਣ ਅਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਗੈਰ-ਕਾਨੂੰਨੀ ਢੰਗ ਨਾਲ ਨਿਯੁਕਤੀਆਂ ਕਰਨ ਵਾਲੇ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਕਿਸੇ ਵੀ ਤਰ੍ਹਾਂ ਦੇ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ।
ਰਸਤਾ ਬੰਦ ਕਰਨ 'ਤੇ ਲੋਕਾਂ ਵੱਲੋਂ ਰੇਲਵੇ ਵਿਰੁੱਧ ਨਾਅਰੇਬਾਜ਼ੀ
NEXT STORY