ਚੰਡੀਗੜ੍ਹ(ਭੁੱਲਰ)— ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੰਚਾਇਤੀ ਚੋਣਾਂ ਦੀਆਂ ਐਲਾਨੀਆਂ ਜਾ ਚੁੱਕੀਆਂ ਤਰੀਕਾਂ 'ਚ ਕਿਸੇ ਤਰ੍ਹਾਂ ਦੀ ਤਬਦੀਲੀ ਤੋਂ ਸਾਫ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਤਰੀਕਾਂ ਵਿਚ ਤਬਦੀਲੀ ਕਿਸੇ ਵੀ ਹਾਲਤ ਵਿਚ ਸੰਭਵ ਨਹੀਂ ਤੇ ਚੋਣ ਕਮਿਸ਼ਨ ਵਲੋਂ ਤੈਅ ਪ੍ਰੋਗਰਾਮ ਮੁਤਾਬਕ ਇਹ ਚੋਣਾਂ 30 ਦਸੰਬਰ ਨੂੰ ਹੀ ਹੋਣਗੀਆਂ। ਬਾਜਵਾ ਦਾ ਕਹਿਣਾ ਹੈ ਕਿ ਸੰਵਿਧਾਨਿਕ ਵਿਵਸਥਾ ਮੁਤਾਬਕ ਨਿਯਮਾਂ ਅਨੁਸਾਰ ਇਹ ਸਾਲ ਖਤਮ ਹੋਣ ਤੋਂ ਪਹਿਲਾਂ ਇਹ ਚੋਣਾਂ ਦੀ ਪ੍ਰਕਿਰਿਆ ਪੂਰੀ ਕਰਨੀ ਜ਼ਰੂਰੀ ਹੈ। ਵੋਟਾਂ ਵਾਲੇ ਦਿਨ ਤੱਕ ਇਤਿਹਾਸਕ ਜੋੜ ਮੇਲੇ ਆਦਿ ਵੀ ਖਤਮ ਹੋ ਜਾਣਗੇ।
ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਪੰਚਾਇਤੀ ਚੋਣਾਂ ਦੀਆਂ ਤਰੀਕਾਂ 'ਤੇ ਇਤਰਾਜ਼ ਪ੍ਰਗਟ ਕਰਦਿਆਂ ਇਨ੍ਹਾਂ 'ਚ ਤਬਦੀਲੀ 'ਤੇ ਜ਼ੋਰ ਦਿੰਦਿਆਂ ਇਥੋਂ ਤੱਕ ਕਿਹਾ ਸੀ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਕੋਈ ਹੁਕਮ ਜਾਰੀ ਕਰਨ ਲਈ ਮਜਬੂਰ ਹੋਣਗੇ। ਇਸੇ ਤਰ੍ਹਾਂ ਕਈ ਸਿੱਖ ਜਥੇਬੰਦੀਆਂ ਨੇ ਵੀ ਇਸ ਮਹੀਨੇ ਦੌਰਾਨ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਆਦਿ ਵਿਚ ਆਉਣ ਦਾ ਹਵਾਲਾ ਦਿੰਦਿਆਂ ਚੋਣਾਂ ਦੀਆਂ ਤਰੀਕਾਂ ਵਿਚ ਤਬਦੀਲੀ ਦੀ ਮੰਗ ਕੀਤੀ ਸੀ। ਵਿਰੋਧੀ ਪਾਰਟੀ 'ਆਪ' ਨੇ ਵੀ ਪੰਚਾਇਤੀ ਚੋਣਾਂ ਦੀਆਂ ਤਰੀਕਾਂ 'ਤੇ ਇਤਰਾਜ਼ ਪ੍ਰਗਟ ਕੀਤਾ ਹੈ। ਪਿਛਲੇ ਦਿਨੀਂ ਰਾਜਪਾਲ ਨੂੰ ਯੂਨਾਈਟਿਡ ਸਿੱਖ ਪਾਰਟੀ ਵਲੋਂ ਮੰਗ ਪੱਤਰ ਵੀ ਦਿੱਤਾ ਗਿਆ ਸੀ। ਕ੍ਰਿਸ਼ਚੀਅਨ ਫਰੰਟ ਵਲੋਂ ਵੀ ਦਸੰਬਰ ਮਹੀਨੇ ਕ੍ਰਿਸਮਸ ਦੇ ਰੁਝੇਵੇਂ ਹੋਣ ਕਾਰਨ ਤਰੀਕਾਂ ਅੱਗੇ ਪਾਉਣ ਦੀ ਮੰਗ ਕੀਤੀ ਗਈ ਸੀ।
ਸਿਹਤ ਵਿਭਾਗ ਦੇ ਦਫਤਰਾਂ ’ਚ ਨਹੀਂ ਹੋਵੇਗੀ ਸ਼ਹੀਦੀ ਦਿਵਸ ਦੀ ਛੁੱਟੀ
NEXT STORY