ਨਵਾਂਸ਼ਹਿਰ (ਤ੍ਰਿਪਾਠੀ)— ਜ਼ਿਲੇ ਦੇ 324 ਪਿੰਡਾਂ 'ਚ 307 ਸਰਪੰਚਾਂ ਅਤੇ 1146 ਪੰਚਾਂ ਦੀਆਂ ਚੋਣ ਦਾ ਕੰਮ ਅੱਜ ਦੇਰ ਸ਼ਾਮ 77.4 ਪ੍ਰਤੀਸ਼ਤ ਪੋਲਿੰਗ ਬਾਅਦ ਸ਼ਾਂਤੀਪੂਰਣ ਤੇ ਨਿਰਵਿਘਨਤਾ ਨਾਲ ਸੰਪੂਰਨ ਹੋ ਗਿਆ। ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫਸਰ ਵਿਨੈ ਬਬਲਾਨੀ ਨੇ ਜ਼ਿਲੇ 'ਚ ਚੋਣ ਅਮਲ ਦੌਰਾਨ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਵੋਟਰਾਂ ਦਾ ਧੰਨਵਾਦ ਪ੍ਰਗਟਾਇਆ ਹੈ। ਡਿਪਟੀ ਕਮਿਸ਼ਨਰ ਸ਼੍ਰੀ ਬਬਲਾਨੀ ਖੁਦ ਐੱਸ. ਐੱਸ. ਪੀ. ਦੀਪਕ ਹਿਲੌਰੀ ਨੂੰ ਨਾਲ ਲੈ ਕੇ ਸਾਰਾ ਦਿਨ ਜ਼ਿਲੇ ਦੇ ਚੋਣ ਬੂਥਾਂ ਦਾ ਮੁਆਇਨਾ ਵੀ ਕਰਦੇ ਰਹੇ ਅਤੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਵੀ ਲੈਂਦੇ ਰਹੇ। ਉਨ੍ਹਾਂ ਲੰਗੜੋਆ, ਕਾਹਮਾ, ਜਾਡਲਾ, ਟੌਂਸਾ ਅਤੇ ਰੱਤੇਵਾਲ ਆਦਿ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ 'ਚ ਲੋਕਤੰਤਰ ਦੀ ਇਸ ਮੁੱਢਲੀ ਪੌੜੀ ਲਈ ਮਤਦਾਨ 'ਚ ਹਿੱਸਾ ਲੈਣ ਲਈ ਉਤਸ਼ਾਹ ਵਧਾਇਆ। ਉਨ੍ਹਾਂ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਦਾ ਮੁੱਖ ਮੰਤਵ ਚੋਣਾਂ ਦੌਰਾਨ ਪਿੰਡਾਂ 'ਚ ਭਾਈਚਾਰਕ ਸਾਂਝ, ਅਮਨ ਅਤੇ ਕਾਨੂੰਨ ਨੂੰ ਬਹਾਲ ਰੱਖਣਾ ਸੀ, ਜਿਸ 'ਚ ਪੂਰਣ ਕਾਮਯਾਬੀ ਮਿਲੀ ਹੈ। ਉਨ੍ਹਾਂ ਨੇ ਦੱਸਿਆ ਕਿ ਲੋਕਾਂ ਵੱਲੋਂ ਅੱਜ ਪੂਰਣ ਉਤਸ਼ਾਹ ਨਾਲ ਕੀਤੇ ਮਤਦਾਨ ਬਾਅਦ ਜ਼ਿਲੇ 'ਚ ਮਤਦਾਨ ਦੀ ਪ੍ਰਤੀਸ਼ਤਤਾ ਸੰਤੋਖਜਨਕ ਅਤੇ ਉਤਸ਼ਾਹੀ ਰਹੀ।
ਜ਼ਿਲੇ 'ਚ 159 ਸਰਪੰਚਾਂ ਅਤੇ 1676 ਪੰਚਾਂ ਦੀ ਬਿਨਾਂ ਮੁਕਾਬਲਾ ਚੋਣ ਹੋਣ ਬਾਅਦ, ਅੱਜ 307 ਸਰਪੰਚੀ ਅਤੇ 1146 ਸਰਪੰਚੀ ਦੇ ਅਹੁਦਿਆਂ ਲਈ ਕਰਮਵਾਰ 706 ਤੇ 2346 ਉਮੀਦਵਾਰ ਚੋਣ ਮੈਦਾਨ 'ਚ ਸਨ, ਜਿਨ੍ਹਾਂ ਦੇ ਨਤੀਜਿਆਂ ਦਾ ਗਿਣਤੀ ਐਲਾਨ ਬਾਕੀ ਹੈ। ਡਿਪਟੀ ਕਮਿਸ਼ਨਰ ਨੇ ਚੋਣ ਅਮਲ ਨੂੰ ਨਿਰਵਿਘਨ ਤੇ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਚੋਣ ਅਮਲ 'ਚ ਤਾਇਨਾਤ 43 ਰਿਟਰਨਿੰਗ ਅਫ਼ਸਰਾਂ ਤੇ ਏਨੇ ਹੀ ਸਹਾਇਕ ਰਿਟਰਨਿੰਗ ਅਫਸਰਾਂ, 467 ਪੋਲਿੰਗ ਪਾਰਟੀਆਂ 'ਚ ਸ਼ਾਮਲ 2335 ਪ੍ਰੀਜ਼ਾਇਡਿੰਗ ਅਫਸਰਾਂ, ਸਹਾਇਕ ਪ੍ਰੀਜ਼ਾਇਡਿੰਗ ਅਫਸਰਾਂ ਅਤੇ ਹੋਰ ਅਮਲੇ, ਸੁਰੱਖਿਆ ਦੇ ਇੰਤਜ਼ਾਮਾਂ 'ਚ ਤਾਇਨਾਤ 1350 ਤੋਂ ਵਧੇਰੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਉਚੇਚੇ ਤੌਰ 'ਤੇ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਵੱਲੋਂ ਕੀਤੇ ਵਿਸ਼ੇਸ਼ ਯਤਨਾਂ ਸਦਕਾ ਹੀ ਚੋਣ ਅਮਲ ਨੂੰ ਸਮੇਂ ਸਿਰ ਸ਼ਾਂਤਮਈ ਢੰਗ ਨਾਲ ਨਿਪਟਾਉਣ 'ਚ ਕਾਮਯਾਬੀ ਮਿਲੀ ਹੈ। ਉਨ੍ਹਾਂ ਨੇ ਜ਼ਿਲੇ 'ਚ ਗ੍ਰਾਮ ਪੰਚਾਇਤ ਦੀਆਂ ਚੋਣਾਂ ਦੌਰਾਨ ਸਫਲਤਾ ਹਾਸਲ ਕਰਨ ਵਾਲੇ ਉਮੀਦਵਾਰਾਂ ਅਤੇ ਅਸਫ਼ਲ ਰਹਿਣ ਵਾਲੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਨਤੀਜਿਆਂ ਤੋਂ ਬਾਅਦ ਪਿੰਡ 'ਚ ਪੂਰਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਲੋਕ ਫਤਵੇ ਦਾ ਸਤਿਕਾਰ ਕਰਦਿਆਂ ਪਿੰਡਾਂ 'ਚ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਜਾਂ ਝਗੜੇ ਦੀ ਨੌਬਤ ਨਾ ਪੈਦਾ ਹੋਣ ਦੇਣ
ਇਸੇ ਤਰ੍ਹਾਂ ਜ਼ਿਲਾ ਰੂਪਨਗਰ ਦੇ 448 ਪਿੰਡਾਂ (495 ਬੂਥਾਂ) 'ਚ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹ ਗਿਆ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਨੇ ਦੱਸਿਆ ਕਿ ਜ਼ਿਲੇ 'ਚ 78 ਫੀਸਦੀ ਵੋਟਾਂ ਪਈਆਂ। ਇਸ ਤੋਂ ਪਹਿਲਾਂ ਅੱਜ ਸਵੇਰੇ ਡਿਪਟੀ ਕਮਿਸ਼ਨਰ ਰੂਪਨਗਰ ਦੇ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਬਲਾਕਾਂ ਦੇ ਪਿੰਡਾਂ ਵਿਚ ਪਾਈਆਂ ਜਾ ਰਹੀਆਂ ਵੋਟਾਂ ਦਾ ਜਾਇਜ਼ਾ ਲਿਆ ਅਤੇ ਚੋਣ ਅਮਲੇ ਤੇ ਵੋਟਰਾਂ ਪਾਸੋਂ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਸ਼੍ਰੀ ਆਨੰਦਪੁਰ ਸਾਹਿਬ ਨੇੜੇ ਪਿੰਡ ਢੇਰ ਅਤੇ ਨੂਰਪੁਰਬੇਦੀ ਦੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਦਾ ਦੌਰਾ ਵੀ ਕੀਤਾ। ਇਸ ਮੌਕੇ ਰਾਜੇਸ਼ ਧੀਮਾਨ ਚੋਣ ਆਬਜ਼ਰਵਰ, ਸਵਪਨ ਸ਼ਰਮਾ ਸੀਨੀਅਰ ਪੁਲਸ ਕਪਤਾਨ, ਜੀ. ਪੀ. ਸਿੰਘ ਅਤੇ ਰਮਿੰਦਰ ਸਿੰਘ ਕਾਹਲੋਂ ਉਪ ਪੁਲਸ ਕਪਤਾਨ ਵੀ ਉਨ੍ਹਾਂ ਦੇ ਨਾਲ ਸਨ। ਡਾ. ਸੁਮੀਤ ਜਾਰੰਗਲ ਨੇ ਵੋਟਾਂ ਦੇ ਕੰਮ ਨੂੰ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਜਿੱਥੇ ਜ਼ਿਲੇ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਉਥੇ ਹੀ ਉਨ੍ਹਾਂ ਸਮੂਹ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਦਿੱਤੇ ਸਹਿਯੋਗ ਦਾ ਵੀ ਧੰਨਵਾਦ ਕੀਤਾ।
ਘੋੜੀ ਚੜ੍ਹਨ ਤੋਂ ਪਹਿਲਾਂ ਵੋਟ ਪਾਉਣ ਪਹੁੰਚਿਆ ਲਾੜਾ (ਤਸਵੀਰਾਂ)
NEXT STORY