ਜ਼ੀਰਾ/ਤਲਵੰਡੀ ਭਾਈ (ਅਕਾਲੀਆਂਵਾਲਾ, ਗੁਰਮੇਲ, ਗੁਲਾਟੀ)– ਅੱਜ ਤੜਕਸਾਰ ਜ਼ੀਰਾ ਤਹਿਸੀਲ ਦੇ ਪਿੰਡ ਪੰਡੋਰੀ ਖੱਤਰੀਆਂ ਵਿਖੇ ਕੁਝ ਅਣਪਛਾਤਿਆਂ ਵਿਅਕਤੀਆਂ ਵੱਲੋਂ ਘਰ 'ਚ ਦਾਖਲ ਹੋ ਕੇ ਪਤੀ-ਪਤਨੀ ਦੀ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਰਾਜਪ੍ਰੀਤ ਸਿੰਘ (50) ਪੁੱਤਰ ਮੰਗਲ ਸਿੰਘ ਅਤੇ ਉਸ ਦੀ ਪਤਨੀ ਪ੍ਰਭਦੀਪ ਕੌਰ ਉਰਫ ਦੀਪ (45) ਵਾਸੀ ਪੰਡੋਰੀ ਖੱਤਰੀਆਂ ਦੇ ਕਤਲ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਅੱਜ ਸਵੇਰੇ 8.30 ਵਜੇ ਦੇ ਕਰੀਬ ਘਰ 'ਚ ਕੰਮ ਕਰਨ ਵਾਲੀ ਘਰ ਵਿਚ ਆਈ ਤਾਂ ਉਸ ਨੇ ਦੇਖਿਆ ਕਿ ਰਾਜਪ੍ਰੀਤ ਸਿੰਘ ਦੀ ਲਾਸ਼ ਘਰ ਦੀ ਲਾਬੀ 'ਚ ਅਤੇ ਉਸ ਦੀ ਪਤਨੀ ਪ੍ਰਭਦੀਪ ਕੌਰ ਦੀ ਲਾਸ਼ ਘਰ ਦੀ ਰਸੋਈ 'ਚ ਪਈ ਹੋਈ ਸੀ ਅਤੇ ਦੋਵਾਂ ਦੇ ਸਿਰ 'ਚ ਗੋਲੀਆਂ ਵੱਜੀਆਂ ਹੋਈਆਂ ਸਨ। ਅਜਿਹਾ ਕੁਝ ਦੇਖ ਕੇ ਉਸ ਨੇ ਆਸ-ਪਾਸ ਦੇ ਲੋਕਾਂ ਨੂੰ ਇਕੱਤਰ ਕੀਤਾ। ਘਟਨਾ ਦਾ ਪਤਾ ਲੱਗਦੇ ਹੀ ਪਿੰਡ 'ਚ ਸੋਗ ਛਾਅ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਪਤੀ ਪਤਨੀ ਇਕ ਵਧੀਆ ਇਨਸਾਨ ਸਨ ਅਤੇ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ।

ਵਰ੍ਹਿਆਂ ਬਾਅਦ ਬੱਚੇ ਦੀਆਂ ਕਿਲਕਾਰੀਆਂ ਸੁਣਨੀਆ ਸੀ ਪਰ–
ਮਹਿਲਨੁਮਾ ਕੋਠੀ 'ਚ ਰਹਿੰਦੇ ਮ੍ਰਿਤਕ ਰਾਜਪ੍ਰੀਤ ਸਿੰਘ ਜੋ ਖੇਤੀਬਾੜੀ ਦਾ ਕੰਮ ਕਰਦਾ ਸੀ ਅਤੇ ਉਸ ਦੀ ਪਤਨੀ ਪ੍ਰਭਦੀਪ ਕੌਰ ਅੱਠ ਮਹੀਨੇ ਦੀ ਗਰਭਵਤੀ ਸੀ। ਕਈ ਵਰ੍ਹਿਆਂ ਬਾਅਦ ਉਨ੍ਹਾਂ ਦੇ ਘਰ 'ਚ ਬੱਚੇ ਦੀਆਂ ਕਿਲਕਾਰੀਆਂ ਦੀ ਗੂੰਜ ਪੈਣੀ ਸੀ ਪਰ ਵਰਤੇ ਇਸ ਭਾਣੇ ਨਾਲ ਇਸ ਪਰਿਵਾਰ ਦੇ ਵਿਹੜੇ ਪੈ ਰਹੇ ਵੈਣ ਹਰ ਇਕ ਨੂੰ ਝੰਜੋੜ ਰਹੇ ਸਨ।
ਇਹ ਪੁੱਜੇ ਅਧਿਕਾਰੀ–
ਦੁਖਦਾਈ ਘਟਨਾ ਦੀ ਖਬਰ ਮਿਲਣ ਉਪਰੰਤ ਪੰਜਾਬ ਪੁਲਸ ਦੇ ਆਈ. ਜੀ. ਮੁਖਵਿੰਦਰ ਸਿੰਘ ਛੀਨਾ ਤੋਂ ਇਲਾਵਾ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ, ਡੀ. ਐੱਸ. ਪੀ. ਜ਼ੀਰਾ ਨਰਿੰਦਰ ਸਿੰਘ, ਡੀ. ਐੱਸ. ਪੀ. ਜਸਪਾਲ ਸਿੰਘ ਫਿਰੋਜ਼ਪੁਰ, ਐੱਸ. ਐੱਚ. ਓ. ਸਦਰ ਥਾਣਾ ਜ਼ੀਰਾ ਅਵਤਾਰ ਸਿੰਘ, ਥਾਣਾ ਮੁਖੀ ਸਿਟੀ ਜ਼ੀਰਾ ਦਵਿੰਦਰ ਕੁਮਾਰ ਅਤੇ ਜਗਬੀਰ ਸਿੰਘ ਇੰਚਾਰਜ ਸੀ. ਆਈ. ਡੀ. ਜ਼ੀਰਾ ਮੌਕੇ 'ਤੇ ਪਹੁੰਚ ਗਏ। ਕਤਲ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਸਥਾਨਕ ਪੁਲਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ। ਲਾਸ਼ਾਂ ਪੋਸਟਮਾਰਟਮ ਲਈ ਜ਼ੀਰਾ ਲਿਆਂਦੀਆਂ ਗਈਆਂ।
ਚੰਡੀਗੜ੍ਹ : ਬੇਅਦਬੀ ਮਾਮਲਿਆਂ 'ਤੇ ਖਹਿਰਾ ਵਲੋਂ ਸੱਦੀ 'ਆਲ ਪਾਰਟੀ ਮੀਟਿੰਗ' ਸ਼ੁਰੂ
NEXT STORY