ਮੋਹਾਲੀ, (ਕੁਲਦੀਪ)- ਲੋਕਲ ਬਾਡੀਜ਼ ਵਿਭਾਗ ਵਿਚ 2015 ਵਿਚ ਵੱਖ-ਵੱਖ ਅਸਾਮੀਆਂ ਦੀ ਭਰਤੀ ਸਬੰਧੀ ਹੋਏ ਪੇਪਰ ਦੇ ਲੀਕ ਹੋਣ ਦੇ ਮਾਮਲੇ ’ਚ ਵਿਜੀਲੈਂਸ ਵਲੋਂ ਦਰਜ ਕੀਤੇ ਗਏ ਕੇਸ ਦੀ ਸੁਣਵਾਈ ਮੋਹਾਲੀ ਸਥਿਤ ਵਿਜੀਲੈਂਸ ਦੀ ਅਦਾਲਤ ਵਿਚ ਚੱਲ ਰਹੀ ਹੈ। ਮਾਣਯੋਗ ਅਦਾਲਤ ਨੇ ਉਸ ਕੇਸ ਦੇ 27 ਮੁਲਜ਼ਮਾਂ ਖਿਲਾਫ ਇਲਜ਼ਾਮ ਤੈਅ ਕਰ ਦਿੱਤੇ ਹਨ।
ਜਾਣਕਾਰੀ ਮੁਤਾਬਕ ਜਿਹੜੇ ਮੁਲਜ਼ਮਾਂ ਖਿਲਾਫ ਅਦਾਲਤ ਨੇ ਦੋਸ਼ ਤੈਅ ਕੀਤੇ ਹਨ, ਉਨ੍ਹਾਂ ਵਿਚ ਸੰਜੈ ਸ਼੍ਰੀਵਾਸਤਵਾ ਉਰਫ ਗੁਰੂ ਜੀ, ਸੰਦੀਪ, ਖੁਸ਼ਵੰਤ, ਰਮਨਜੋਤ ਸਿੰਘ, ਗੌਰਵ ਸ਼ਰਮਾ, ਸਾਹਿਲ ਬੰਸਲ, ਅਮਨਦੀਪ ਸਿੰਘ, ਭਰਤ ਕਾਕਡ਼ਿਆਂ, ਗੌਰਵ ਜੈਦਕਾ, ਦਿਲਬਾਗ ਸਿੰਘ, ਗੁਰਮੇਜ ਸਿੰਘ, ਸੁਖਪ੍ਰੀਤ ਸਿੰਘ, ਭਗਵਾਨ ਸਿੰਘ, ਅਜੈ ਕੁਮਾਰ, ਅਮਿਤ, ਸਿਤਾਰ ਖਾਨ, ਮੁਸ਼ਤਾਕ ਅਹਿਮਦ, ਵਿਨੋਦ ਕੁਮਾਰ, ਸ਼ਿਵ ਬਹਾਦਰ, ਰਣਬੀਰ ਸਿੰਘ, ਸੈਲੇਸ਼ ਕੁਮਾਰ, ਅਰੁਣ ਕੁਮਾਰ, ਸ਼ਾਮ ਲਾਲ ਗੁਪਤਾ, ਪ੍ਰਿਤਪਾਲ ਆਦਿ ਦੇ ਨਾਂ ਸ਼ਾਮਲ ਹਨ । ਕੇਸ ਵਿਚ ਕਿਸੇ ਵੀ ਸਰਕਾਰੀ ਮੁਲਾਜ਼ਮ ਦੇ ਸ਼ਾਮਲ ਨਾ ਹੋਣ ਕਾਰਨ ਸਿਰਫ ਧੋਖਾਦੇਹੀ ਦੀਆਂ ਧਾਰਾਵਾਂ ਤਹਿਤ ਇਲਜ਼ਾਮ ਤੈਅ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ ਵਿਜੀਲੈਂਸ ਨੇ ਲੋਕਲ ਬਾਡੀਜ਼ ਵਿਭਾਗ ਪੰਜਾਬ ਵਿਚ ਇੰਸਪੈਕਟਰ/ਸੀਨੀਅਰ ਅਸਿਸਟੈਂਟ ਦੀ ਭਰਤੀ ਲਈ 8 ਨਵੰਬਰ 2015 ਨੂੰ ਪ੍ਰੀਖਿਆ ਲਈ ਗਈ ਸੀ। ਉਸ ਤੋਂ ਬਾਅਦ 15 ਨਵੰਬਰ 2015 ਨੂੰ ਜੂਨੀਅਰ ਇੰਜੀਨੀਅਰ ਤੇ ਐੱਸ. ਡੀ. ਓ. ਦੀਆਂ ਅਸਾਮੀਆਂ ਦੀ ਭਰਤੀ ਸਬੰਧੀ ਪ੍ਰੀਖਿਆ ਲਈ ਗਈ ਸੀ। ਪ੍ਰੀਖਿਆ ਹੋਣ ਤੋਂ ਪਹਿਲਾਂ ਹੀ ਪੇਪਰ ਲੀਕ ਹੋ ਗਿਆ ਸੀ। ਵਿਜੀਲੈਂਸ ਦੀ ਜਾਂਚ ਵਿਚ ਪਤਾ ਲੱਗਾ ਸੀ ਕਿ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਤੋਂ ਲੱਖਾਂ ਰੁਪਏ ਲੈ ਕੇ ਉਨ੍ਹਾਂ ਨੂੰ ਇਹ ਪੇਪਰ ਯੂ. ਪੀ. ਦੇ ਲਖਨਊ ਸ਼ਹਿਰ ਤੇ ਦਿੱਲੀ ਦੇ ਨਜਫਗਡ਼੍ਹ ਵਿਚ ਵਿਖਾਏ ਗਏ ਸਨ।
ਪੇਪਰ ਲੀਕ ਮਾਮਲਾ ਸਾਹਮਣੇ ਆਉਣ ’ਤੇ ਵਿਜੀਲੈਂਸ ਨੇ ਕੇਸ ਦਰਜ ਕੀਤਾ ਸੀ। ਲੋਕਲ ਬਾਡੀਜ਼ ਵਿਭਾਗ ਵਿਚ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਨਸਪ, ਪੁੱਡਾ ਤੇ ਸਿੰਚਾਈ ਵਿਭਾਗ ਪੰਜਾਬ ਵਿਚ ਵੀ ਭਰਤੀ ਘਪਲੇ ਸਾਹਮਣੇ ਆਏ ਸਨ। ਹੁਣ ਤਕ ਵਿਜੀਲੈਂਸ ਲੋਕਲ ਬਾਡੀਜ਼ ਵਿਭਾਗ ਵਾਲੇ ਕੇਸ ਵਿਚ 56 ਮੁਲਜ਼ਮਾਂ ਨੂੰ ਨਾਮਜ਼ਦ ਕਰ ਚੁੱਕੀ ਹੈ, ਜਿਨ੍ਹਾਂ ਵਿਚੋਂ 27 ਖਿਲਾਫ ਅਦਾਲਤ ਵਿਚ ਚਲਾਨ ਪੇਸ਼ ਕੀਤਾ ਜਾ ਚੁੱਕਿਆ ਹੈ।
ਹਰਿਆਣਾ ਦਾ ਖਤਰਨਾਕ ਗੈਂਗਸਟਰ ਵਰਿੰਦਰ ਰਾਣਾ ਕਾਬੂ
NEXT STORY