ਜਲੰਧਰ/ਚੰਡੀਗੜ੍ਹ (ਭੁੱਲਰ) : ਲੋਕ ਸਭਾ ਚੋਣਾਂ ਲਈ ਪੰਜਾਬ ਦੇ 4 ਹਲਕਿਆਂ ਦੇ ਮੌਜੂਦਾ ਸੰਸਦ ਮੈਂਬਰਾਂ ਵਲੋਂ ਅੱਜ ਟਿਕਟਾਂ ਪ੍ਰਾਪਤ ਕਰਨ ਲਈ ਮੁੜ ਤੋਂ ਆਪਣੀ ਦਾਅਵੇਦਾਰੀ ਪੇਸ਼ ਕੀਤੀ ਗਈ ਹੈ। ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਭਵਨ 'ਚ ਮੌਜੂਦਾ ਸਿਟਿੰਗ ਕਾਂਗਰਸ ਸੰਸਦ ਮੈਂਬਰਾਂ ਪਟਿਆਲਾ ਤੋਂ ਪਰਨੀਤ ਕੌਰ, ਜਲੰਧਰ ਰਿਜ਼ਰਵ ਤੋਂ ਚੌਧਰੀ ਸੰਤੋਖ ਸਿੰਘ, ਲੁਧਿਆਣਾ ਤੋਂ ਰਵਨੀਤ ਬਿੱਟੂ ਅਤੇ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਵਲੋਂ ਮੁੜ ਤੋਂ ਉਮੀਦਵਾਰ ਬਣਨ ਲਈ ਅਰਜ਼ੀਆਂ ਦਿੱਤੀਆਂ ਗਈਆਂ ਹਨ। ਬਠਿੰਡਾ ਹਲਕੇ ਤੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਬੇਟੇ ਮੋਹਿਤ ਮਹਿੰਦਰਾ ਨੇ ਵੀ ਆਪਣਾ ਦਾਅਵਾ ਠੋਕ ਦਿੱਤਾ ਹੈ। ਮੋਹਿਤ ਯੂਥ ਕਾਂਗਰਸ ਦੇ ਨੇਤਾ ਹਨ। ਇਸੇ ਦੌਰਾਨ ਅੱਜ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਅਤੇ ਮਹਿੰਦਰ ਸਿੰਘ ਗਿਲਜੀਆਂ ਨੇ ਵੀ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਆਪਣਾ ਦਾਅਵਾ ਪੇਸ਼ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਤੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈ. ਸੰਦੀਪ ਸੰਧੂ ਨੂੰ ਟਿਕਟ ਦੀ ਦਾਅਵੇਦਾਰੀ ਸਬੰਧੀ ਅਰਜ਼ੀ ਦਿੱਤੀ।
ਜਲੰਧਰ ਰਿਜ਼ਰਵ ਹਲਕੇ ਤੋਂ ਵਿਧਾਇਕ ਸੁਸ਼ੀਲ ਰਿੰਕੂ ਅਤੇ ਹੁਸ਼ਿਆਰਪੁਰ ਰਿਜ਼ਰਵ ਹਲਕੇ ਤੋਂ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਫ਼ਤਹਿਗੜ੍ਹ ਸਾਹਿਬ ਰਿਜ਼ਰਵ ਹਲਕੇ ਤੋਂ ਸਾਬਕਾ ਵਿਧਾਇਕ ਡਾ. ਸਤਵੰਤ ਸਿੰਘ ਮੋਹੀ ਅਤੇ ਡਾ. ਦੀਪਕ ਜੋਤੀ ਨੇ ਅੱਜ ਅਰਜ਼ੀ ਦਿੱਤੀ। ਪਟਿਆਲਾ ਹਲਕੇ ਤੋਂ ਵਿਧਾਇਕ ਰਣਦੀਪ ਨਾਭਾ ਨੇ ਵੀ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ ਹੈ। ਇਸੇ ਤਰ੍ਹਾਂ ਅੱਜ ਹੀ ਦਾਅਵੇਦਾਰਾਂ ਲਈ ਅਰਜ਼ੀਆਂ ਦੇਣ ਦਾ ਆਖਰੀ ਦਿਨ ਸੀ ਪਰ ਇਸ ਵਿਚ ਹੁਣ ਇਕ ਦਿਨ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ, ਜਿਸ ਕਰ ਕੇ ਟਿਕਟ ਦੇ ਚਾਹਵਾਨ ਉਮੀਦਵਾਰਾਂ ਦੀ ਕੁੱਲ ਗਿਣਤੀ 8 ਫਰਵਰੀ ਸ਼ਾਮ ਤੋਂ ਬਾਅਦ ਹੀ ਪਤਾ ਲੱਗ ਸਕੇਗੀ। ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ 13 ਲੋਕ ਸਭਾ ਹਲਕਿਆਂ ਲਈ 125 ਤੋਂ ਵੱਧ ਦਾਅਵੇਦਾਰ ਪੰਜਾਬ ਪ੍ਰਦੇਸ਼ ਕਾਂਗਰਸ ਦਫ਼ਤਰ 'ਚ ਆਪਣੀਆਂ ਅਰਜ਼ੀਆਂ ਦੇ ਚੁੱਕੇ ਹਨ। ਕੁੱਲ ਗਿਣਤੀ 150 ਤੋਂ ਉਪਰ ਜਾਣ ਦਾ ਅਨੁਮਾਨ ਹੈ।
'ਲੁਧਿਆਣਵੀ ਮੁੰਡੇ' ਦਾ ਕਮਾਲ, ਸਰਹੱਦ 'ਤੇ ਡਟੇ ਜਵਾਨਾਂ ਲਈ ਬਣੇਗਾ 'ਢਾਲ' (ਵੀਡੀਓ)
NEXT STORY