ਪਟਿਆਲਾ (ਭੂਪਾ)-ਪੰਥਕ ਆਗੂ ਬਲਜੀਤ ਸਿੰਘ ਮੱਖਣ ਟੋਡਰਵਾਲ ਦੀ ਅਗਵਾਈ ਹੇਠ ਅੱਜ ਜਥੇਦਾਰ ਲਾਲ ਸਿੰਘ ਬਾਬਰਪੁਰ, ਭਾਈ ਮਨਜੀਤ ਸਿੰਘ ਰਾਮਪੁਰਾ, ਭਾਈ ਗੁਰਚਨ ਸਿੰਘ ਨਾਭਾ, ਭਾਈ ਬਲਵੀਰ ਸਿੰਘ ਖਾਲਸਾ, ਭਾਈ ਕਰਮਜੀਤ ਸਿੰਘ ਤੇ ਭਾਈ ਮੇਜਰ ਸਿੰਘ ਮੋਹਾਲੀ ਵੱਲੋਂ ਮਾਣਯੋਗ ਮੁੱਖ ਚੋਣ ਕਮਿਸ਼ਨਰ ਭਾਰਤ ਸੁਨੀਲ ਅਰੋਡ਼ਾ ਦੇ ਨਾਂ ਚੋਣ ਕਮਿਸ਼ਨਰ ਪੰਜਾਬ ਸੀਰਾ ਕਰੁਣਾ ਰਾਜੂ ਆਈ. ਏ. ਐੱਸ. ਰਾਹੀਂ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬਹਿਬਲ ਕਲਾਂ ਬਗਰਾਡ਼ੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਜਾਂਚ ਕਮੇਟੀ (ਸਿੱਟ) ਦੇ ਈਮਾਨਦਾਰ ਛਵੀ ਵਾਲੇ ਅਫ਼ਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਮੁਡ਼ ਸਿਟ ’ਚ ਸ਼ਾਮਲ ਕੀਤਾ ਜਾਵੇ, ਨਾ ਕਿ ਸਿਆਸਤ ਤੋਂ ਪ੍ਰੇਰਿਤ ਕੋਈ ਕਦਮ ਚੁੱਕਿਆ ਜਾਵੇ। ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਿਟ ਤੋਂ ਹਟਾਏ ਜਾਣ ਕਾਰਨ ਸ੍ਰੀ ਗੁਰੂ ਨਾਨਕ ਨਾਮ-ਲੇਵਾ ਸੰਗਤਾਂ ’ਚ ਵੱਡਾ ਰੋਸ ਪਾਇਆ ਜਾ ਰਿਹਾ ਹੈ। ਇਸ ਬਦਲੀ ਕਾਰਨ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਇਸ ਤਰ੍ਹਾਂ ਕਰ ਕੇ ਲੋਕ ਜੋ ਇਸ ਜਾਂਚ ’ਚ ਦੋਸ਼ੀ ਪਾਏ ਜਾ ਰਹੇ ਹਨ, ਨੂੰ ਰਾਹਤ ਦਿੱਤੀ ਜਾ ਰਹੀ ਹੈ। ਇਹ ਮਾਮਲਾ ਸਿੱਖ ਪੰਥ ਨਾਲ ਜੁਡ਼ਿਆ ਹੋਣ ਕਾਰਨ ਜਲਦੀ ਤੋਂ ਜਲਦੀ ਹੱਲ ਕਰ ਕੇ ਸੱਚ ਜਨਤਾ ਸਾਹਮਣੇ ਲਿਆਂਦਾ ਜਾਵੇ। ਮੰਗ-ਪੱਤਰ ਲੈਣ ਉਪਰੰਤ ਮੁੱਖ ਚੋਣ ਕਮਿਸ਼ਨਰ ਪੰਜਾਬ ਨੇ ਪੰਥਕ ਆਗਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਲਦੀ ਹੀ ਮੁੱਖ ਚੋਣ ਕਮਿਸ਼ਨਰ ਭਾਰਤ ਨੂੰ ਮੰਗ-ਪੱਤਰ ਭੇਜ ਕੇ ਬੇਨਤੀ ਕਰਨਗੇ। ਇਸ ਮਸਲੇ ’ਤੇ ਜਲਦੀ ਵਿਚਾਰ ਕੀਤੀ ਜਾਵੇਗੀ।
ਸਿੱਖ ਸੰਗਤ ਤੇ ਡੇਰਾ ਪ੍ਰੇਮੀਆਂ 'ਚ ਜ਼ਬਰਦਸਤ ਟਕਰਾਅ ਹੋਣ ਤੋਂ ਟਲਿਆ
NEXT STORY