ਪਟਿਆਲਾ/ਬਨੂੰੜ (ਬਲਜਿੰਦਰ, ਗੁਰਪਾਲ) : ਬਨੂੰੜ ਸ਼ਹਿਰ ਵਿਚ ਡੇਰਾ ਪ੍ਰੇਮੀਆਂ ਵੱਲੋਂ ਰੱਖੀ ਗਈ ਨਾਮ ਚਰਚਾ ਨੂੰ ਲੈ ਕੇ ਸਿੱਖ ਸੰਗਤ ਅਤੇ ਡੇਰਾ ਪ੍ਰੇਮੀਆਂ ਵਿਚ ਜ਼ਬਰਦਸਤ ਟਕਰਾਅ ਹੋਣ ਤੋਂ ਵਾਲ-ਵਾਲ ਬਚ ਗਿਆ। ਸਿੱਖਾਂ ਦੇ ਰੋਹ ਨੂੰ ਦੇਖਦੇ ਹੋਏ ਪੁਲਸ ਨੇ ਡੇਰਾ ਪ੍ਰੇਮੀਆਂ ਨੂੰ ਨਾਮ ਚਰਚਾ ਵਾਲੀ ਥਾਂ ਤੋਂ ਵਾਪਸ ਭੇਜ ਦਿੱਤਾ। ਇਸ ਘਟਨਾ ਨੂੰ ਲੈ ਕੇ ਬਨੂੰੜ ਸ਼ਹਿਰ ਵਿਚ ਅੱਜ ਦਿਨ ਭਰ ਤਣਾਅ ਬਣਿਆ ਰਿਹਾ। ਜੇਕਰ ਸਮਾਂ ਰਹਿੰਦੇ ਸਥਿਤੀ ਨਾ ਸੰਭਾਲੀ ਜਾਂਦੀ ਤਾਂ ਇਥੇ ਵੱਡੀ ਘਟਨਾ ਹੋ ਸਕਦੀ ਸੀ।

ਮਿਲੀ ਜਾਣਕਾਰੀ ਮੁਤਾਬਕ ਅੱਜ ਬਨੂੰੜ ਸ਼ਹਿਰ ਵਿਚ ਡੇਰਾ ਪ੍ਰੇਮੀਆਂ ਵੱਲੋਂ ਨਾਮ ਚਰਚਾ ਰੱਖੀ ਹੋਈ ਸੀ, ਜੋ ਕਿ ਦੁਪਹਿਰ 2.00 ਤੋਂ 4.00 ਵਜੇ ਤੱਕ ਹੋਣੀ ਸੀ। ਜਿਸ ਦੀਆਂ ਤਿਆਰੀਆਂ ਬੀਤੇ ਕੱਲ੍ਹ ਤੋਂ ਚੱਲ ਰਹੀਆਂ ਸਨ ਪਰ ਅੱਜ ਸਵੇਰੇ ਇਸ ਦੀ ਭਣਕ ਸਿੱਖ ਸੰਗਤ ਨੂੰ ਪੈ ਗਈ ਅਤੇ ਦਮਦਮੀ ਟਕਸਾਲ ਰਾਜਪੁਰਾ ਦੇ ਮੁਖੀ ਭਾਈ ਬਰਜਿੰਦਰ ਸਿੰਘ ਪਰਵਾਨਾ, ਭਾਈ ਹਰਿੰਦਰ ਸਿੰਘ, ਸਰਪੰਚ ਭੁਪਿੰਦਰ ਸਿੰਘ ਦੋਵਾ, ਰਛਪਾਲ ਸਿੰਘ, ਹਰਜਿੰਦਰ ਸਿੰਘ, ਸਤਨਾਮ ਸਿੰਘ ਸੱਤਾ, ਸਰਪੰਚ ਧਰਮਗੜ੍ਹ ਹਰਬੰਸ ਸਿੰਘ ਆਦਿ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਕਿ ਸਿੱਖ ਸੰਗਤ ਇਥੇ ਕਿਸੇ ਵੀ ਕੀਮਤ 'ਤੇ ਡੇਰਾ ਪ੍ਰੇਮੀਆਂ ਦੀ ਨਾਮ ਚਰਚਾ ਨਹੀਂ ਹੋਣ ਦੇਵੇਗੀ।

ਸਿੱਖ ਸੰਗਤ ਨੂੰ ਸੂਚਨਾ ਮਿਲਣ ਦਾ ਪਤਾ ਲੱਗਦੇ ਹੀ ਉਥੇ ਭਾਰੀ ਸੰਖਿਆ ਪੁਲਸ ਫੋਰਸ ਪਹੁੰਚ ਗਈ। ਮੌਕੇ 'ਤੇ ਐੱਸ. ਡੀ. ਐੱਮ ਮਨਪ੍ਰੀਤ ਸਿੰਘ ਸਹਿਗਲ, ਐੱਸ.ਪੀ. ਡੀ. ਹਰਪ੍ਰੀਤ ਸਿੰਘ ਹੁੰਦਲ, ਐੱਸ. ਪੀ. ਸਤਬੀਰ ਸਿੰਘ ਅਟਵਾਲ, ਰਾਜਪਾਲ ਸੇਖੋਂ ਤਹਿਸੀਲ, ਨਾਇਬ ਤਹਿਸੀਲਦਾਰ ਹਰਨਕੇ ਸਿੰਘ ਬਨੂੰੜ, ਡੀ. ਐੱਸ. ਪੀ. ਰਾਜਪੁਰਾ ਮਨਪ੍ਰੀਤ ਸਿੰਘ, ਐੱਸ. ਐੱਚ. ਓ. ਬਨੂੰੜ ਇੰਸਪੈਕਟਰ ਨਿਰਮਲ ਸਿੰਘ ਪਹੁੰਚ ਗਏ ਅਤੇ ਪੁਲਸ ਨੇ ਸਿੱਖ ਸੰਗਤ ਨੂੰ ਭਰੋਸਾ ਦਿਵਾਇਆ ਕਿ ਅਜਿਹਾ ਕੁਝ ਨਹੀਂ ਹੋਣ ਦਿੱਤਾ ਜਾਵੇਗਾ। ਜਿਉਂ ਹੀ 12.00 ਵੱਜੇ ਤਾਂ ਸਿੱਖ ਸੰਗਤ ਭੜਕ ਗਈ ਅਤੇ ਆਸ-ਪਾਸ ਦੇ ਪਿੰਡਾਂ ਦੇ ਗੁਰੂ ਘਰਾਂ ਵਿਚ ਅਨਾਊਂਸਮੈਂਟ ਕਰਵਾ ਦਿੱਤੀ ਗਈ ਅਤੇ ਵੱਡੀ ਗਿਣਤੀ 'ਚ ਸਿੱਖ ਸੰਗਤ ਮੌਕੇ 'ਤੇ ਪਹੁੰਚਣੀ ਸ਼ੁਰੂ ਹੋ ਗਈ। ਇਸ ਦੌਰਾਨ ਕਈਆਂ ਨੇ ਹੱਥਾਂ ਵਿਚ ਹਥਿਆਰ ਵੀ ਚੁੱਕੇ ਹੋਏ ਸਨ।

ਇਥੇ ਦਮਦਮੀ ਟਕਸਾਲ ਰਾਜਪੁਰਾ ਦੇ ਮੁਖੀ ਭਾਈ ਬਰਜਿੰਦਰ ਸਿੰਘ ਪਰਵਾਨਾ ਨੇ ਦੋਸ਼ ਲਗਾÎਇਆ ਕਿ ਪੁਲਸ ਵੱਲੋਂ ਪ੍ਰੋਟੈਕਸ਼ਨ ਦੇ ਕੇ ਨਾਮ ਚਰਚਾ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਪੁਲਸ ਵੱਲੋਂ ਨਾਮ ਚਰਚਾ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਕਿਹਾ ਕਿ ਨਾਮ ਚਰਚਾ ਨੂੰ ਲੈ ਕੇ ਜਦੋਂ ਕੋਈ ਮਨਜ਼ੂਰੀ ਹੀ ਨਹੀਂ ਸੀ ਤਾਂ ਫਿਰ ਕਿਸ ਤਰ੍ਹਾਂ ਨਾਮ ਚਰਚਾ ਹੋਣ ਦਿੱਤੀ ਜਾ ਰਹੀ ਹੈ। 1.45 ਵਜੇ ਜਦੋਂ ਨਾਮ ਚਰਚਾ ਸ਼ੁਰੂ ਕੀਤੀ ਗਈ ਤਾਂ ਰੋਹ 'ਚ ਆਈ ਸਿੱਖ ਜੈਕਾਰੇ ਬੁਲਾਉਂਦੇ ਹੋਏ ਨਾਮ ਚਰਚਾ ਘਰ ਵੱਲ ਕੂਚ ਕਰਨ ਲੱਗੀ। ਜਿਸ ਨੂੰ ਦੇਖ ਪੁਲਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਪੁਲਸ ਨੇ ਕੁਝ ਸਮਾਂ ਬਾਅਦ ਹੀ ਨਾਮ ਚਰਚਾ ਬੰਦ ਕਰਵਾ ਕੇ ਡੇਰਾ ਪ੍ਰੇਮੀਆਂ ਨੂੰ ਵਾਪਸ ਭੇਜ ਦਿੱਤਾ ਤਾਂ ਜਾ ਕੇ ਮਾਹੌਲ ਸ਼ਾਂਤ ਹੋਇਆ। ਦੇਰ ਸ਼ਾਮ ਤੱਕ ਪੁਲਸ ਘਟਨਾ ਵਾਲੀ ਥਾਂ 'ਤੇ ਮੌਜੂਦ ਰਹੀ।
Punjab Wrap UP: ਪੜ੍ਹੋ 14 ਅਪ੍ਰੈਲ ਦੀਆਂ ਪੰਜਾਬ ਦੀਆਂ ਖਾਸ ਖਬਰਾਂ
NEXT STORY