ਪਟਿਆਲਾ/ਰਾਜਪੁਰਾ (ਬਲਜਿੰਦਰ, ਨਿਰਦੋਸ਼, ਚਾਵਲਾ) : ਕਾਂਗਰਸੀ ਵਿਧਾਇਕ ਹਰਦਿਆਲ ਕੰਬੋਜ ਵੱਲੋਂ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿਚ ਰਾਜਪੁਰਾ ਸੀ. ਆਈ. ਏ. ਸਟਾਫ ਵੱਲੋਂ ਨਸ਼ੇ ਵਾਲੀਆ ਗੋਲੀਆਂ ਦਾ ਮਾਮਲਾ ਬਿਨਾਂ ਕਾਰਵਾਈ ਦੇ ਖੁਰਦ-ਬੁਰਦ ਕਰਨ ਦੇ ਮਾਮਲੇ 'ਚ ਪਟਿਆਲਾ ਪੁਲਸ ਨੇ ਸੀ. ਆਈ. ਏ. ਸਟਾਫ ਰਾਜਪੁਰਾ ਦੇ ਇੰਚਾਰਜ ਇੰਸ. ਗੁਰਜੀਤ ਸਿੰਘ, ਏ. ਐੱਸ. ਆਈ. ਸਾਹਬ ਸਿੰਘ ਅਤੇ ਏ. ਐੱਸ. ਆਈ. ਗੁਰਦੀਪ ਸਿੰਘ ਖਿਲਾਫ ਕੇਸ ਦਰਜ ਕਰ ਕੇ ਏ. ਐੱਸ. ਆਈ. ਸਾਹਿਬ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਮਾਮਲੇ ਵਿਚ ਸਿਟੀ ਰਾਜਪੁਰਾ ਥਾਣੇ ਵਿਚ ਹਰੀ ਓਮ ਸ਼ੁਕਲਾ ਵਾਸੀ ਨਵਾਂ ਗਾਓਂ ਚੰਡੀਗੜ੍ਹ ਅਤੇ ਮੁਕੇਸ਼ ਕੁਮਾਰ ਖਿਲਾਫ 22 ਨਵੰਬਰ ਨੂੰ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਸੀ। ਇਸੇ ਕੇਸ ਵਿਚ ਇੰਸ. ਗੁਰਜੀਤ ਸਿੰਘ, ਗੁਰਦੀਪ ਸਿੰਘ ਅਤੇ ਸਾਹਿਬ ਸਿੰਘ ਨੂੰ ਨਾਮਜ਼ਦ ਕਰ ਕੇ ਇਸ ਕੇਸ ਵਿਚ ਐੱਨ. ਡੀ. ਪੀ. ਐੱਸ. ਤੋਂ ਇਲਾਵਾ 13 (2) 88 ਪੀ. ਸੀ. ਐਕਟ ਤਹਿਤ ਵਾਧਾ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਰਾਜਪੁਰਾ ਵੱਲੋਂ ਐੱਸ. ਪੀ ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਜਿਸ ਦੀ ਵੀ ਭੂਮਿਕਾ ਸਾਹਮਣੇ ਆਵੇਗੀ, ਉਸ ਖਿਲਾਫ ਐਕਸ਼ਨ ਲਿਆ ਜਾਵੇਗਾ।
ਐੱਸ. ਐੱਸ. ਪੀ. ਸਿੱਧੂ ਨੇ ਦੱਸਿਆ ਕਿ 16 ਨਵੰਬਰ 2019 ਨੂੰ 66 ਬਕਸੇ ਕਲੋਵੀਡੋਲ ਦਵਾਈਆਂ ਦਾ ਪਾਰਸਲ ਆਹੂਜਾ ਮੈਡੀਕਲ ਸਟੋਰ ਸਾਹਮਣੇ ਏ. ਪੀ. ਜੈਨ ਹਸਪਤਾਲ ਦੀ ਦੁਕਾਨ 'ਤੇ ਚੰਦਨ ਟਰਾਂਸਪੋਰਟ ਰਾਹੀਂ ਆਇਆ। ਆਹੂਜਾ ਮੈਡੀਕੋਜ਼ ਦੇ ਮਾਲਕ ਸੁਸ਼ੀਲ ਕੁਮਾਰ ਆਹੂਜਾ ਨੇ ਡਰਾਈਵਰ ਨੂੰ ਕਿਹਾ ਕਿ ਉਨ੍ਹਾਂ ਨੇ ਇਹ ਪਾਰਸਲ ਨਹੀਂ ਮੰਗਵਾਇਆ ਹੈ। ਡਰਾਈਵਰ ਨੇ ਉਸ ਨੂੰ ਬਿੱਲ ਦੇ ਦਿੱਤਾ। ਬਿੱਲ 'ਤੇ ਐਡਰੈੱਸ ਤਾਂ ਆਹੂਜਾ ਮੈਡੀਕਲ ਸਟੋਰ ਦਾ ਸੀ ਪਰ ਟੈਲੀਫੋਨ ਨੰਬਰ ਕਿਸੇ ਹੋਰ ਦਾ ਸੀ। ਆਹੂਜਾ ਵੱਲੋਂ ਜਦੋਂ ਚੰਦਨ ਟਰਾਂਸਪੋਰਟ ਦੇ ਮਾਲਕ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਪਾਰਸਲ ਦੇਵਿਆਨੀ ਫਾਰਮਾ ਚੰਡੀਗੜ੍ਹ ਤੋਂ ਖੁਸ਼ਦਿਲ ਟਰਾਂਸਪੋਰਟ ਚੰਡੀਗੜ੍ਹ ਰਾਹੀਂ ਉਨ੍ਹਾਂ ਕੋਲ ਆਇਆ ਸੀ। ਉਸ ਪਾਰਸਲ ਵਿਚ 3300 ਗੋਲੀਆਂ ਕਲੋਵੀਡੋਲ ਦੀਆਂ ਸਨ, ਜਿਨ੍ਹਾਂ ਵਿਚ ਟਰਾਮਾਡੋਲ ਸਾਲਟ ਹੁੰਦਾ ਹੈ।
ਇਸ ਸਬੰਧੀ ਥਾਣਾ ਸਿਟੀ ਰਾਜਪੁਰਾ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਐੱਸ. ਪੀ. ਇਨਵੈਸਟੀਗੇਸ਼ਨ ਅਤੇ ਡੀ. ਐੱਸ. ਪੀ. ਰਾਜਪੁਰਾ ਵੱਲੋਂ ਮਾਮਲੇ ਦੀ ਜਾਂਚ ਕਰਨ 'ਤੇ ਸਾਹਮਣੇ ਆਇਆ ਕਿ ਇਹ ਪਾਰਸਲ ਹਰੀ ਓਮ ਸ਼ੁਕਲਾ ਵਾਸੀ ਨਵਾਂ ਗਾਓਂ ਚੰਡੀਗੜ੍ਹ ਵੱਲੋਂ ਭੇਜਿਆ ਗਿਆ ਸੀ ਜੋ ਕਿ ਮੁਕੇਸ਼ ਕੁਮਾਰ ਗੁਰੂ ਨਾਨਕ ਮੈਡੀਕਲ ਹਾਲ ਵੱਲੋਂ ਆਪਣਾ ਨੰਬਰ ਦੇ ਕੇ ਮੰਗਵਾਇਆ ਗਿਆ ਸੀ। ਦੋਵਾਂ ਨੂੰ ਉਕਤ ਮੁਕੱਦਮੇ ਵਿਚ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਸੇ ਦਿਨ ਸ਼ਾਮ ਨੂੰ ਇਹ ਪਾਰਸਲ ਭੇਜਣ ਦੀ ਸੂਚਨਾ ਸੀ. ਆਈ. ਏ. ਰਾਜਪੁਰਾ ਦੇ ਇੰਚਾਰਜ ਇੰਸ. ਗੁਰਜੀਤ ਸਿੰਘ ਨੂੰ ਪ੍ਰਾਪਤ ਹੋਈ। ਇਸ ਗੁਪਤ ਸੂਚਨਾ 'ਤੇ ਸੀ. ਆਈ. ਏ. ਰਾਜਪੁਰਾ ਵੱਲੋਂ ਏ. ਐੱਸ. ਆਈ. ਗੁਰਦੀਪ ਸਿੰਘ ਅਤੇ ਏ. ਐੱਸ. ਆਈ. ਸਾਹਬ ਸਿੰਘ ਨੂੰ ਭੇਜਿਆ ਗਿਆ, ਜਿਨ੍ਹਾਂ ਨੇ ਹਰੀ ਓਮ ਸ਼ੁਕਲਾ ਨੂੰ ਸੀ. ਆਈ. ਏ. ਸਟਾਫ ਰਾਜਪੁਰਾ ਵਿਖੇ ਬੁਲਾਇਆ। ਇਸ ਪਾਰਸਲ ਸਬੰਧੀ ਅਤੇ ਹਰੀ ਓਮ ਸ਼ੁਕਲਾ ਨੂੰ ਸੀ. ਆਈ. ਏ. ਰਾਜਪੁਰਾ ਬੁਲਾਉਣ ਸਬੰਧੀ ਸੀ. ਆਈ. ਏ. ਰਾਜਪੁਰਾ ਦੇ ਇੰਚਾਰਜ ਵੱਲੋਂ ਕਿਸੇ ਸੀਨੀਅਰ ਅਫਸਰ ਨੂੰ ਸੂਚਿਤ ਨਹੀਂ ਕੀਤਾ ਗਿਆ। ਬਿਨਾਂ ਕਿਸੇ ਨੂੰ ਦੱਸਿਆਂ ਇਸ ਮਾਮਲੇ ਨੂੰ ਬਿਨਾਂ ਜਾਂਚ ਦੇ ਆਪਣੇ ਪੱਧਰ 'ਤੇ ਹੀ ਦਬਾਅ ਦਿੱਤਾ ਗਿਆ। ਇਸ ਕਰ ਕੇ ਇੰਚਾਰਜ ਸੀ. ਆਈ. ਏ. ਰਾਜਪੁਰਾ ਇੰਸ. ਗੁਰਜੀਤ ਸਿੰਘ, ਏ. ਐੱਸ. ਆਈ. ਗੁਰਦੀਪ ਸਿੰਘ ਏ. ਐੱਸ. ਆਈ. ਸਾਹਬ ਸਿੰਘ ਨੂੰ ਨਾਮਜ਼ਦ ਕਰ ਕੇ ਇਸ ਮਾਮਲੇ ਵਿਚ 13 (2) 88 ਪੀ. ਸੀ. ਐਕਟ ਵਿਚ ਵਾਧਾ ਕੀਤਾ ਗਿਆ। ਇਸ ਕੇਸ ਵਿਚ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਕੇ ਉਨ੍ਹਾਂ ਦੀ ਵਿਭਾਗੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਮਾਲੇਰਕੋਟਲਾ 'ਚ ਗੈਂਗਸਟਰ ਅਬਦੁਲ ਰਸ਼ੀਦ ਘੁੱਦੂ ਦਾ ਗੋਲੀਆਂ ਮਾਰ ਕੇ ਕਤਲ
NEXT STORY