ਪਟਿਆਲਾ : ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਹਲਕੀ ਖੰਘ ਅਤੇ ਜ਼ੁਕਾਮ ਹੋਣ 'ਤੇ ਇਹ ਦਵਾਈ ਦੇ ਰਹੇ ਹੋ ਤਾਂ ਹੋ ਜਾਓ ਸਾਵਧਾਨ, ਕਿਉਂਕਿ ਇਹ ਤੁਹਾਡੇ ਬੱਚੇ ਦੀ ਜਾਨ ਲੈ ਸਕਦੀ ਹੈ। ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ, ਜਿਥੇ ਹਲਕੀ ਖੰਘ ਅਤੇ ਜ਼ੁਕਾਮ ਹੋਣ 'ਤੇ 5 ਸਾਲ ਦੇ ਬੱਚੇ ਨੂੰ ਇਕ ਪ੍ਰਾਈਵੇਟ ਡਾਕਟਰ ਨੇ ਦਵਾਈ ਦਿੱਤੀ। ਦਵਾਈ ਪੀਣ ਤੋਂ ਬਾਅਦ ਬੱਚਾ ਉਲਟੀਆਂ ਕਰਨ ਲੱਗ ਗਿਆ। ਸਿਹਤ ਜ਼ਿਆਦਾ ਖਰਾਬ ਹੋਣ 'ਤੇ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿਥੇ ਟੈਸਟ ਕਰਨ 'ਤੇ ਪਤਾ ਲੱਦਿਆ ਕਿ ਬੱਚੇ ਦੇ ਲੀਵਰ ਅਤੇ ਕਿਡਨੀ 'ਚ ਇੰਫੈਕਸ਼ਨ ਹੋ ਗਈ ਹੈ ਅਤੇ ਟਾਈਫਾਈਡ ਹੋਣ ਕਾਰਨ ਉਸ ਦੇ ਸੈੱਲ ਵੀ ਘੱਟ ਗਏ। ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਜਿਥੇ ਭੀੜ ਹੋਣ ਕਾਰਨ ਪਰਿਵਾਰਕ ਮੈਂਬਰ ਬੱਚੇ ਨੂੰ ਸੈਕਟਰ-32 ਸਥਿਤ ਐਮਰਜੈਂਸੀ ਹਸਪਤਾਲ ਲੈ ਕੇ ਪਹੁੰਚੇ, ਜਿਥੇ ਇਲਾਜ ਦੌਰਾਨ ਉਸ ਨੂੰ ਦੋ ਵਾਰ ਦਿਲ ਦਾ ਦੌਰਾ ਪੈ ਗਿਆ ਤੇ ਬੱਚਾ ਕੋਮਾ 'ਚ ਚਲਾ ਗਿਆ। 6 ਫਰਵਰੀ ਤੋਂ ਬੱਚਾ ਹਸਪਤਾਲ 'ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਇਸ ਦਵਾਈ ਕਾਰਨ ਹਿਮਾਚਲ-ਜੰਮੂ 'ਚ ਵੀ ਹੋ ਚੁੱਕੀਆਂ ਨੇ ਮੌਤਾਂ
ਸਰਕਾਰੀ ਹਸਪਤਾਲ ਰਾਜਪੁਰਾ ਦੇ ਡਾ. ਸੰਦੀਪ ਨੇ ਇਕ ਹਿੰਦੀ ਅਖਬਾਰ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਕੋਲਡ ਬੈਸਟ-ਪੀਸੀ ਨਾਮ ਇਹ ਕਫ ਸਿਰਪ ਛੋਟੇ ਬੱਚਿਆਂ ਲਈ ਘਾਤਕ ਹੈ। ਇਸ 'ਚ ਈਥਲੀਨ ਗਲਾਈਕੋ ਨਾਮਕ ਜੋ ਨਮਕ ਪਾਇਆ ਜਾਂਦਾ ਹੈ, ਉਹ ਬੱਚਿਆਂ ਦੇ ਜਿਗਰ ਅਤੇ ਕਿਡਨੀਆਂ 'ਤੇ ਸਿੱਧਾ ਅਸਰ ਕਰਦਾ ਹੈ। ਇਸ ਨਾਲ ਖੂਨ 'ਚ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਨਾਲ ਇੰਫੈਕਸ਼ਨ ਹੋ ਜਾਂਦੀ ਹੈ। ਇਹ ਦਵਾਈ ਬੈਨ ਕੀਤੀ ਜਾ ਚੁੱਕੀ ਹੈ।
2011 'ਚ ਅਮਰੀਕਾ 'ਚ ਦਿੱਤੀ ਗਈ ਚਿਤਾਵਨੀ
ਚਾਈਲਡ ਐਕਸਪਰਟ ਡਾਕਟਰ ਹਰਸ਼ਿੰਦਰ ਕੌਰ-2011 'ਚ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਅਮਰੀਕਾ ਵਲੋਂ ਚਿਤਾਵਨੀ ਜਤਾਈ ਗਈ ਸੀ। ਇਸ ਦਵਾਈ ਨੂੰ 4 ਸਾਲ ਤੋਂ ਛੋਟੇ ਬੱਚਿਆਂ ਨੂੰ ਦੇਣ ਤੋਂ ਮਨ੍ਹਾ ਕੀਤਾ ਗਿਆ ਸੀ। ਬੀਪੀ, ਸ਼ੂਗਰ ਅਤੇ ਗਰਭਵਤੀ ਔਰਤ ਨੂੰ ਵੀ ਇਹ ਦਵਾਈ ਦੇਣ ਦੀ ਮਨਾਹੀ ਸੀ। ਕੇਂਦਰ ਸਰਕਾਰ ਦੀ ਟੀਮ ਨੇ ਬੀਤੇ ਦਿਨ ਅੰਬਾਲਾ ਅਤੇ ਹਿਮਾਚਲ 'ਚ ਰੇਡ ਕੀਤੀ ਸੀ। ਇਸ ਦਵਾਈ ਨਾਲ ਹਿਮਾਚਲ ਅਤੇ ਜੰਮੂ 'ਚ ਵੀ ਬੱਚਿਆਂ ਦੀ ਜਾਨ ਜਾ ਚੁੱਕੀ ਹੈ।
ਡਾਕਟਰ ਅਤੇ ਉਸ ਦੇ ਬੇਟੇ 'ਤੇ ਕੇਸ ਦਰਜ
ਥਾਣਾ ਸ਼ੰਭੂ ਦੇ ਏ.ਐੱਸ.ਆਈ. ਮੋਹਰ ਸਿੰਘ ਨੇ ਦੱਸਿਆ ਕਿ ਪੀ.ਜੀ.ਆਈ. ਦੇ ਡਾਕਟਰਾਂ ਦੇ ਨਿਰਦੇਸ਼ਾਂ ਅਤੇ ਬੱਚੇ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਡਾਕਟਰ ਅਤੇ ਉਸ ਦੇ ਬੇਟੇ 'ਤੇ ਕੇਸ ਦਰਜ ਕਰ ਲਿਆ ਹੈ। ਦੋਵੇਂ ਫਰਾਰ ਦੱਸੇ ਜਾ ਰਹੇ ਹਨ।
ਬਜਟ ਤੋਂ ਪਹਿਲਾਂ ਅਕਾਲੀਆਂ ਨੇ ਘੇਰੀ ਮਨਪ੍ਰੀਤ ਬਾਦਲ ਦੀ ਕੋਠੀ
NEXT STORY