ਪਟਿਆਲਾ (ਬਲਜਿੰਦਰ, ਰਾਣਾ)-ਪਟਿਆਲਵੀਆਂ ਲਈ ਟ੍ਰੈਫਿਕ ਹਾਦਸਿਆਂ ਦੇ ਪੱਖੋਂ ਇਸ ਸਮੇਂ ਸਭ ਤੋਂ ਵੱਧ ਖਤਰਨਾਕ ਸੜਕ ਪਟਿਆਲਾ-ਸਰਹਿੰਦ ਰੋਡ ਸਾਬਤ ਹੋ ਰਹੀ ਹੈ। ਜੇਕਰ ਪਿਛਲੇ 3 ਸਾਲਾਂ ਦਾ ਰਿਕਾਰਡ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਹਾਦਸੇ ਪਟਿਆਲਾ-ਸਰਹਿੰਦ ਰੋਡ 'ਤੇ ਹੋਏ ਅਤੇ ਸਭ ਤੋਂ ਵੱਧ ਮੌਤਾਂ ਵੀ ਇਸੇ ਰੋਡ 'ਤੇ ਹੋਈਆਂ। ਇਥੇ ਲੰਘੇ 3 ਸਾਲਾਂ ਵਿਚ ਸਭ ਤੋਂ ਵੱਧ 53 ਮੌਤਾਂ ਹੋਈਆਂ। ਇਹ ਅੰਕੜਾ ਕਿਸੇ ਹੋਰ ਦਾ ਨਹੀਂ, ਸਗੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਨਿਯੁਕਤ ਟ੍ਰੈਫਿਕ ਐਡਵਾਈਜ਼ਰ ਪੰਜਾਬ ਨਵਦੀਪ ਅਸੀਜਾ ਦੁਆਰਾ ਕੀਤੇ ਸਰਵੇ ਦਾ ਹੈ। ਇਸੇ ਤਰ੍ਹਾਂ ਸਭ ਤੋਂ ਘੱਟ ਹਾਦਸੇ ਭਾਦਸੋਂ ਰੋਡ 'ਤੇ ਹੋਏ, ਜਿੱਥੇ ਲੰਘੇ ਤਿੰਨ ਸਾਲਾਂ ਵਿਚ ਸਭ ਤੋਂ ਘੱਟ ਮੌਤਾਂ ਹੋਈਆਂ। ਇਸੇ ਤਰ੍ਹਾਂ ਜੇਕਰ ਬਾਕੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਥਾਣਾ ਸਿਵਲ ਲਾਈਨ ਅਧੀਨ ਪੈਂਦੇ ਇਲਾਕਿਆਂ ਵਿਚ ਪਿਛਲੇ 3 ਸਾਲਾਂ ਦੌਰਾਨ 30 ਮੌਤਾਂ ਹੋਈਆਂ।
ਕੋਤਵਾਲੀ ਅਧੀਨ ਪੈਂਦੇ ਇਲਾਕਿਆਂ ਵਿਚ 20, ਅਰਬਨ ਅਸਟੇਟ ਅਧੀਨ ਪੈਂਦੇ ਇਲਾਕਿਆਂ ਵਿਚ 26 ਅਤੇ ਲਾਹੌਰੀ ਗੇਟ ਥਾਣੇ ਅਧੀਨ ਪੈਂਦੇ ਇਲਾਕਿਆਂ ਵਿਚ ਕੁੱਲ 18 ਮੌਤਾਂ ਹੋਈਆਂ।
ਸ਼ਹਿਰ 'ਚ ਹਾਦਸਿਆਂ ਦੇ ਮੁੱਖ ਪੁਆਇੰਟ
ਪਟਿਆਲਾ ਵਿਚ ਸਭ ਤੋਂ ਜ਼ਿਆਦਾ ਹਾਦਸੇ ਫੁਹਾਰਾ ਚੌਕ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਚੌਕ, ਆਊਟ ਸਾਈਡ ਪੰਜਾਬੀ ਯੂਨੀਵਰਸਿਟੀ, ਆਊਟ ਸਾਈਡ ਮੇਨ ਬੱਸ ਸਟੈਂਡ, ਡੀ. ਐੈੱਮ. ਡਬਲਿਊ. ਵਰਕਸ਼ਾਪ, ਭਾਖੜਾ ਨਹਿਰ ਨਾਭਾ ਰੋਡ, ਘੁੰਮਣ ਨਗਰ ਦੇ ਬਾਹਰ ਅਤੇ ਬੰਨਾ ਰੋਡ 'ਤੇ ਹੋ ਰਹੇ ਹਨ। ਇਹ ਸ਼ਹਿਰ ਦੇ ਉਹ ਮੁੱਖ ਪੁਆਇੰਟ ਹਨ, ਜਿੱਥੇ ਸਭ ਤੋਂ ਜ਼ਿਆਦਾ ਹਾਦਸੇ ਹੁੰਦੇ ਹਨ। ਇਹ ਸਾਰੇ ਇਲਾਕੇ ਬਹੁਤ ਜ਼ਿਆਦਾ ਭੀੜ-ਭਾੜ ਵਾਲੇ ਹਨ।
ਜੇਕਰ ਉਕਤ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਖਤਰਨਾਕ ਹਾਦਸੇ ਬੱਸ ਸਟੈਂਡ ਦੇ ਬਾਹਰ ਹੁੰਦੇ ਹਨ। ਓਵਰਬ੍ਰਿਜ ਤੋਂ ਹੇਠਾਂ ਉਤਰਦੇ ਸਮੇਂ ਪਿਛਲੇ 3 ਸਾਲਾਂ ਦੌਰਾਨ 5 ਅਜਿਹੇ ਵੱਡੇ ਹਾਦਸੇ ਹੋ ਚੁੱਕੇ ਹਨ। ਇਨ੍ਹਾਂ ਵਿਚ ਹੈਵੀ ਵ੍ਹੀਕਲ ਜ਼ਿਆਦਾਤਰ ਟਰੱਕ ਅਤੇ ਬੱਸਾਂ ਸ਼ਾਮਲ ਹਨ। ਇਹ ਜਦੋਂ ਓਵਰਬ੍ਰਿਜ ਤੋਂ ਹੇਠਾਂ ਉਤਰਦੇ ਹਨ ਤਾਂ ਢਲਾਣ ਇਕਦਮ ਹੋਣ ਕਾਰਨ ਕੰਟਰੋਲ ਨਹੀਂ ਕਰ ਸਕਦੇ। ਇਸ ਨੂੰ ਲੈ ਕੇ ਕਈ ਵਾਰ ਮਾਹਰਾਂ ਵੱਲੋਂ ਸਵਾਲ ਵੀ ਉਠਾਏੇ ਗਏ ਹਨ ਪਰ ਉਸ ਵਿਚ ਸੁਧਾਰ ਕਰਨ ਦੀ ਕਿਸੇ ਵੱਲੋਂ ਕੋਸ਼ਿਸ਼ ਨਹੀਂ ਕੀਤੀ ਗਈ। ਜਦੋਂ ਵੀ ਇੱਥੇ ਕੋਈ ਵੱਡਾ ਹਾਦਸਾ ਹੁੰਦਾ ਹੈ ਤਾਂ ਹਮੇਸ਼ਾ ਟ੍ਰੈਫਿਕ ਬਾਰੇ ਗੱਲ ਚਲਦੀ ਹੈ ਪਰ ਬਾਅਦ ਵਿਚ ਆਈ-ਗਈ ਹੋ ਜਾਂਦੀ ਹੈ।
ਪਿਛਲੇ 3 ਸਾਲਾਂ 'ਚ ਸੜਕ ਹਾਦਸਿਆਂ ਕਾਰਨ ਹੋਈਆਂ 165 ਮੌਤਾਂ
ਪਿਛਲੇ 3 ਸਾਲਾਂ ਵਿਚ ਪਟਿਆਲਾ ਵਿਚ ਸੜਕ ਹਾਦਸਿਆਂ ਨਾਲ 165 ਮੌਤਾਂ ਹੋਈਆਂ ਜਦਕਿ 312 ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋਏ। ਇਕੱਲੇ ਪਟਿਆਲਾ ਸ਼ਹਿਰ ਵਿਚ 411 ਵੱਡੇ ਹਾਦਸੇ ਹੋਏ। ਇੰਝ ਲਗਦਾ ਹੈ ਕਿ ਪਟਿਆਲਾ ਲਈ ਇਕ ਵੱਡੀ ਟ੍ਰੈਫਿਕ ਯੋਜਨਾ ਬਣਾਉਣੀ ਬਹੁਤ ਜ਼ਰੂਰੀ ਹੈ।
ਟ੍ਰੈਫਿਕ ਪੁਲਸ ਦੀ ਨਫਰੀ ਘੱਟ
ਪਟਿਆਲਾ ਟ੍ਰੈਫਿਕ ਪੁਲਸ ਦੇ ਕੋਲ ਜਿੱਥੇ ਮੁਲਾਜ਼ਮਾਂ ਦੀ ਨਫਰੀ ਘੱਟ ਹੈ, ਉਥੇ ਅਤਿ ਆਧੁਨਿਕ ਉਪਕਰਨ ਵੀ ਨਹੀਂ ਹਨ। ਬਹੁਤੀ ਵਾਰ ਪੁਲਸ ਨੂੰ ਟ੍ਰੈਫਿਕ ਕੰਟਰੋਲ ਕਰਨ ਵਿਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਲਸ ਮੁਲਾਜ਼ਮ ਘੱਟ ਹੋਣ ਕਾਰਨ ਕਈ ਪੁਆਇੰਟਾਂ 'ਤੇ ਟ੍ਰੈਫਿਕ ਮੁਲਾਜ਼ਮ ਤਾਇਨਾਤ ਕਰਨ ਤੋਂ ਰਹਿ ਜਾਂਦੇ ਹਨ।
ਹਾਦਸੇ ਘਟਾਉਣ ਲਈ ਵੱਡੀ ਯੋਜਨਾ ਜ਼ਰੂਰੀ : ਰਵੀ ਆਹਲੂਵਾਲੀਆ
ਪਟਿਆਲਾ ਟ੍ਰੈਫਿਕ ਵਿਚ ਸੁਧਾਰ ਕਰਨ ਲਈ ਰੋਡ ਸੇਫਟੀ ਨੂੰ ਲੈ ਕੇ ਪਟਿਆਲਾ ਫਾਊਂਡੇਸ਼ਨ ਵੱਲੋਂ ਇਕ 'ਸੜਕ' ਨਾਂ ਦਾ ਪ੍ਰਾਜੈਕਟ ਚਲਾਇਆ ਗਿਆ ਹੈ। ਇਸ ਦੇ ਚੀਫ ਫੰਕਸ਼ਨਰੀ ਰਵੀ ਐੈੱਸ. ਆਹਲੂਵਾਲੀਆ ਦਾ ਕਹਿਣਾ ਹੈ ਕਿ ਪਟਿਆਲਾ ਵਿਚ ਹਾਦਸੇ ਘਟਾਉਣ ਲਈ ਇਕ ਵੱਡੀ ਯੋਜਨਾ ਦੀ ਸਖਤ ਜ਼ਰੂਰਤ ਹੈ। ਇਸ ਲਈ ਜਿੱਥੇ ਪੂਰੇ ਯੋਜਨਾਬੱਧ ਤਰੀਕੇ ਨਾਲ ਜਿਹੜੀ ਥਾਂ 'ਤੇ ਹਾਦਸੇ ਹੁੰਦੇ ਹਨ, ਉਹ ਟੈਕਨੀਕਲ ਨੁਕਸ ਠੀਕ ਕੀਤੇ ਜਾਣ। ਲੋਕਾਂ ਨੂੰ ਟ੍ਰੈਫਿਕ ਪ੍ਰਤੀ ਜਾਗਰੂਕ ਕੀਤਾ ਜਾਵੇ, ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਇਕ ਸਟਾਈਲ ਬਣਾਇਆ ਜਾਵੇ ਤੇ ਇਹ ਮੁਹਿੰਮ ਘਰ ਤੋਂ ਸ਼ੁਰੂ ਕੀਤੀ ਜਾਵੇ। ਜਿੱਥੇ ਵੱਧ ਹਾਦਸੇ ਹੋ ਰਹੇ ਹਨ, ਉਸ ਥਾਂ 'ਤੇ ਗੰਭੀਰ ਨੋਟਿਸ ਲੈਂਦਿਆਂ ਉਥੇ ਹੋਣ ਵਾਲੇ ਨੁਕਸ ਨੂੰ ਤੁਰੰਤ ਦੂਰ ਕੀਤਾ ਜਾਵੇ। ਜਿੱਥੋਂ ਤੱਕ ਪਟਿਆਲਾ-ਸਰਹਿੰਦ ਰੋਡ ਦਾ ਸਵਾਲ ਹੈ, ਇਹ ਰੋਡ ਰੋਜ਼ਾਨਾ ਦੀ ਟ੍ਰੈਫਿਕ ਅਨੁਸਾਰ ਚੌੜੀ ਨਹੀਂ ਹੈ। ਸਿੰਗਲ ਹੋਣ ਕਾਰਨ ਇਥੇ ਹਾਦਸੇ ਅਕਸਰ ਜ਼ਿਆਦਾ ਵਾਪਰਦੇ ਹਨ।
ਸਿਰੇ ਨਹੀਂ ਚੜ੍ਹ ਸਕਿਆ ਪਟਿਆਲਾ ਟ੍ਰੈਫਿਕ ਪਲਾਨ
ਕਈ ਵਾਰ ਐਲਾਨ ਕਰਨ ਦੇ ਬਾਵਜੂਦ ਵੀ ਪਟਿਆਲਾ ਟ੍ਰੈਫਿਕ ਪਲਾਨ ਅਜੇ ਤੱਕ ਸਿਰੇ ਨਹੀਂ ਚੜ੍ਹ ਸਕਿਆ। ਹਾਲਾਤ ਇਹ ਹਨ ਕਿ ਸਰਵੇ ਤੇ ਮੀਟਿੰਗਾਂ ਵੀ ਹੋਈਆਂ। ਟ੍ਰੈਫਿਕ ਪੁਲਸ ਅਤੇ ਨਗਰ ਨਿਗਮ ਦੇ ਅਧਿਕਾਰੀ ਇਕੱਠੇ ਵੀ ਬੈਠੇ ਪਰ ਟ੍ਰੈਫਿਕ ਪਲਾਨ ਅਜੇ ਤੱਕ ਸਿਰੇ ਨਹੀਂ ਚੜ੍ਹ ਸਕਿਆ। ਇੰਨਾ ਹੀ ਨਹੀਂ, 5 ਸਾਲ ਪਹਿਲਾਂ ਹਾਦਸਿਆਂ ਨੂੰ ਰੋਕਣ ਅਤੇ ਟ੍ਰੈਫਿਕ ਨੂੰ ਠੀਕ ਕਰਨ ਲਈ ਜਿਹੜੇ ਇਲਾਕਿਆਂ ਵਿਚ ਵਨ-ਵੇ ਟ੍ਰੈਫਿਕ ਲਾਗੂ ਕੀਤਾ ਗਿਆ ਸੀ, ਉਹ ਯੋਜਨਾ ਵੀ ਠੁੱਸ ਹੋ ਗਈ। ਪਟਿਆਲਾ ਦੀ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਕਦੇ ਵੀ ਕਿਸੇ ਵੱਲੋਂ ਕਦਮ ਨਹੀਂ ਉਠਾਏ ਗਏ। ਪਿਛਲੇ ਸਮੇਂ ਦੌਰਾਨ ਸਦਰਨ ਬਾਈਪਾਸ ਚੱਲਣ ਕਾਰਨ ਪੂਰੇ ਮਾਲਵਾ ਇਲਾਕੇ ਤੋਂ ਆਉਣ ਵਾਲੇ ਭਾਰੀ ਵਾਹਨ ਬਾਹਰ ਦੀ ਬਾਹਰ ਜਾਣ ਲੱਗ ਪਏ। ਅਜੇ ਵੀ ਪਟਿਆਲਾ ਵਿਚ ਟ੍ਰੈਫਿਕ ਪੱਖੋਂ ਕਈ ਅਹਿਮ ਸੁਧਾਰ ਹੋਣ ਵਾਲੇ ਹਨ।
ਲੁਟੇਰੇ ਨਕਦੀ, ਮੋਬਾਇਲ ਤੇ ਹੋਰ ਸਾਮਾਨ ਲੈ ਕੇ ਫਰਾਰ
NEXT STORY