ਨਵੀਂ ਦਿੱਲੀ (ਏਜੰਸੀ)- ਭਾਰਤ ਦਾ ਸਮਾਰਟਫੋਨ ਬਾਜ਼ਾਰ ਅਪ੍ਰੈਲ-ਜੂਨ 2025 ਤਿਮਾਹੀ ਵਿੱਚ ਵਾਲੀਅਮ ਦੇ ਮਾਮਲੇ ਵਿੱਚ ਸਾਲਾਨਾ ਆਧਾਰ 'ਤੇ 8 ਫੀਸਦੀ ਵਧਿਆ ਅਤੇ ਮਾਰਚ ਤਿਮਾਹੀ ਦੀ ਮੰਦੀ ਤੋਂ ਉਭਰਨ ਵਿੱਚ ਸਫਲ ਰਿਹਾ। ਇਹ ਜਾਣਕਾਰੀ ਖੋਜ ਸੰਗਠਨ ਕਾਊਂਟਰਪੁਆਇੰਟ ਦੀ ਮਾਸਿਕ ਰਿਪੋਰਟ ਵਿੱਚ ਦਿੱਤੀ ਗਈ ਹੈ। ਕਾਊਂਟਰਪੁਆਇੰਟ ਨੇ ਬੁੱਧਵਾਰ ਨੂੰ ਇੱਕ ਰਿਪੋਰਟ ਵਿੱਚ ਕਿਹਾ ਕਿ ਸਮੀਖਿਆ ਅਧੀਨ ਤਿਮਾਹੀ ਵਿਚ ਐਪਲ ਦੇ ਆਈਫੋਨ 16 ਮਾਡਲ ਦੀ ਸਭ ਤੋਂ ਵੱਧ ਵਿਕਰੀ ਦਰਜ ਕੀਤੀ ਗਈ। ਰਿਪੋਰਟ ਦੇ ਅਨੁਸਾਰ, ਭਾਰਤੀ ਸਮਾਰਟਫੋਨ ਬਾਜ਼ਾਰ ਸਮੀਖਿਆ ਅਧੀਨ ਤਿਮਾਹੀ ਵਿੱਚ ਵਿਕਰੀ ਵਾਲੀਅਮ ਦੇ ਮਾਮਲੇ ਵਿੱਚ 8 ਫ਼ੀਸਦੀ ਦੀ ਦਰ ਨਾਲ ਵਧਿਆ, ਜਦੋਂਕਿ ਵਿਕਰੀ ਮੁੱਲ ਦੇ ਮਾਮਲੇ ਵਿੱਚ ਇਹ ਵਾਧਾ 18 ਫੀਸਦੀ ਰਿਹਾ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਵੇਂ ਫੋਨ ਮਾਡਲਾਂ ਦੀ ਪੇਸ਼ਕਸ਼ ਵਿਚ 33 ਫ਼ੀਸਦੀ ਦੇ ਵਾਧੇ, ਹਮਲਾਵਰ ਮਾਰਕੀਟਿੰਗ ਰਣਨੀਤੀਆਂ ਅਤੇ ਗਰਮੀਆਂ ਦੀ 'ਸੇਲ' ਦੌਰਾਨ ਆਕਰਸ਼ਕ ਛੋਟਾਂ, ਆਸਾਨ ਮਾਸਿਕ ਕਿਸ਼ਤਾਂ ਅਤੇ ਲੁਭਾਉਣ ਵਾਲੀਆਂ ਪੇਸ਼ਕਸ਼ਾਂ ਨਾਲ ਇਸ ਵਿਕਰੀ ਨੂੰ ਹੁਲਾਰਾ ਮਿਲਿਆ। ਇਸਦਾ ਪ੍ਰਭਾਵ ਖਾਸ ਤੌਰ 'ਤੇ ਮੱਧ ਅਤੇ ਪ੍ਰੀਮੀਅਮ ਹਿੱਸੇ ਵਿੱਚ ਦੇਖਿਆ ਗਿਆ। ਵਾਲੀਅਮ ਦੇ ਮਾਮਲੇ ਵਿੱਚ, ਸਮਾਰਟਫੋਨ ਬ੍ਰਾਂਡ ਵੀਵੋ 20 ਫ਼ੀਸਦੀ ਹਿੱਸੇਦਾਰੀ ਨਾਲ ਸਭ ਤੋਂ ਉੱਪਰ ਰਿਹਾ, ਉਸ ਤੋਂ ਬਾਅਦ ਸੈਮਸੰਗ (16 ਫ਼ੀਸਦੀ), ਓਪੋ (13 ਫ਼ੀਸਦੀ), ਰੀਅਲਮੀ (10 ਫ਼ੀਸਦੀ) ਅਤੇ ਸ਼ੀਓਮੀ (8 ਫ਼ੀਸਦੀ) ਉਸ ਦੇ ਪਿੱਛੇ ਰਹੇ। ਵਿਕਰੀ ਮੁੱਲ ਦੇ ਮਾਮਲੇ ਵਿੱਚ, ਸੈਮਸੰਗ ਅਤੇ ਐਪਲ ਨੇ 23-23 ਫ਼ੀਸਦੀ ਦੀ ਬਰਾਬਰ ਹਿੱਸੇਦਾਰੀ ਨਾਲ ਮੋਹਰੀ ਸਥਾਨ ਬਣਾਇਆ। ਇਨ੍ਹਾਂ ਤੋਂ ਬਾਅਦ ਵੀਵੋ (15 ਫ਼ੀਸਦੀ), ਓਪੋ (10 ਫ਼ੀਸਦੀ), ਰੀਅਲਮੀ (6 ਫ਼ੀਸਦੀ) ਅਤੇ ਵਨਪਲੱਸ (4 ਫ਼ੀਸਦੀ) ਰਹੇ।
ਕਾਊਂਟਰਪੁਆਇੰਟ ਦੇ ਸੀਨੀਅਰ ਰਿਸਰਚ ਐਨਾਲਿਸਟ ਪ੍ਰਾਚੀਰ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਪ੍ਰਚੂਨ ਮਹਿੰਗਾਈ 6 ਸਾਲਾਂ ਦੇ ਹੇਠਲੇ ਪੱਧਰ 'ਤੇ ਆ ਗਈ ਹੈ, ਨੀਤੀਗਤ ਰੈਪੋ ਦਰ ਵਿੱਚ ਕਮੀ ਅਤੇ ਆਮਦਨ ਟੈਕਸ ਰਾਹਤ ਉਪਾਵਾਂ ਨੇ ਖਪਤਕਾਰਾਂ ਦੀ ਭਾਵਨਾ ਅਤੇ ਖਰਚ ਕਰਨ ਦੀ ਪ੍ਰਵਿਰਤੀ ਨੂੰ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਕਾਰਾਤਮਕ ਮਾਹੌਲ ਵਿੱਚ, ਅਲਟਰਾ-ਪ੍ਰੀਮੀਅਮ (45,000 ਰੁਪਏ ਤੋਂ ਵੱਧ ਕੀਮਤ) ਸ਼੍ਰੇਣੀ ਦੇ ਸਮਾਰਟਫੋਨ ਬਾਜ਼ਾਰ ਵਿਚ 37 ਫ਼ੀਸਦੀ ਦਾ ਸਾਲਾਨਾ ਵਾਧਾ ਦਰਜ ਕੀਤਾ ਗਿਆ, ਜੋ ਕਿ ਸਾਰੀਆਂ ਕੀਮਤ ਸ਼੍ਰੇਣੀਆਂ ਵਿੱਚੋਂ ਸਭ ਤੋਂ ਤੇਜ਼ ਹੈ। ਕਾਊਂਟਰਪੁਆਇੰਟ ਨੇ ਕਿਹਾ ਕਿ, ਇਸ ਵਾਧੇ ਦੇ ਨਾਲ, ਭਾਰਤ ਨੇ ਮੁੱਲ ਦੇ ਮਾਮਲੇ ਵਿੱਚ ਦੂਜੀ ਤਿਮਾਹੀ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਦਰਜ ਕੀਤਾ, ਜਦੋਂ ਕਿ ਔਸਤ ਵਿਕਰੀ ਕੀਮਤ (ASP) ਵੀ ਇੱਕ ਰਿਕਾਰਡ ਉੱਚਾਈ 'ਤੇ ਪਹੁੰਚ ਗਈ।
ਟਰੰਪ ਦੀ ਟੈਰਿਫ ਵਾਰ ਨਾਲ ਸ਼ੇਅਰ ਬਾਜ਼ਾਰ 'ਚ ਹਾਹਾਕਾਰ, ਬਾਜ਼ਾਰ ਖੁੱਲ੍ਹਦੇ ਹੀ ਨਿਵੇਸ਼ਕਾਂ ਨੂੰ 5.5 ਲੱਖ ਕਰੋੜ ਦਾ ਨੁਕਸਾਨ
NEXT STORY