ਅੰਮ੍ਰਿਤਸਰ, (ਦਲਜੀਤ)- ਲੋਕਾਂ ਨੂੰ ਨਸੀਹਤ, ਖੁਦ ਮੀਆਂ ਫਜ਼ੀਹਤ ਵਾਲੀ ਕਹਾਵਤ ਸਿੱਖਿਆ ਵਿਭਾਗ 'ਤੇ ਸਟੀਕ ਬੈਠਦੀ ਹੈ। ਸਿੱਖਿਆ ਵਿਭਾਗ ਨੂੰ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਸੁਰੱਖਿਆ ਸਬੰਧੀ ਚਿੰਤਾ ਹੈ ਪਰ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਸੁਰੱਖਿਆ ਦੀ ਕੋਈ ਚਿੰਤਾ ਨਹੀਂ ਹੈ। ਵਿਭਾਗ ਸੁਰੱਖਿਆ ਦੇ ਨਾਂ 'ਤੇ ਜਿਥੇ ਹਮੇਸ਼ਾ ਪ੍ਰਾਈਵੇਟ ਸਕੂਲਾਂ ਨੂੰ ਟਾਰਗੇਟ ਕਰਦਾ ਰਹਿੰਦਾ ਹੈ ਉਥੇ ਹੀ ਪ੍ਰਦੁਮਨ ਕਤਲ ਕਾਂਡ ਦੇ ਬਾਅਦ ਵੀ ਸਰਕਾਰੀ ਸਕੂਲਾਂ ਦੇ ਬੱਚਿਆਂ ਸਬੰਧੀ ਕੁੰਭਕਰਨੀ ਨੀਂਦ ਤੋਂ ਨਹੀਂ ਜਾਗ ਰਿਹਾ ਹੈ।
ਜਾਣਕਾਰੀ ਅਨੁਸਾਰ ਪ੍ਰਦੁਮਨ ਕਤਲ ਕਾਂਡ ਅਤੇ ਦਿੱਲੀ ਕਾਂਡ ਦੇ ਬਾਅਦ ਸਕੂਲੀ ਵਿਦਿਆਰਥੀਆਂ ਦੇ ਮਾਤਾ-ਪਿਤਾ ਵਿਚ ਦਹਿਸ਼ਤ ਦਾ ਮਾਹੌਲ ਹੈ। ਸਿੱਖਿਆ ਵਿਭਾਗ ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਪੱਤਰ ਜਾਰੀ ਕਰ ਕੇ ਸਪੱਸ਼ਟ ਆਦੇਸ਼ ਦਿੱਤੇ ਗਏ ਹਨ ਕਿ ਵਿਦਿਆਰਥੀਆਂ ਦੀ ਸੁਰੱਖਿਆ ਵਿਚ ਜੇਕਰ ਕੋਈ ਢਿੱਲ ਹੋਈ ਤਾਂ ਉਸ ਲਈ ਸਬੰਧਤ ਸਕੂਲ ਜ਼ਿੰਮੇਵਾਰ ਹੋਵੇਗਾ। ਸਕੂਲ ਵਿਚ ਬਾਹਰੀ ਵਿਅਕਤੀ ਵਿਦਿਆਰਥੀਆਂ ਨੂੰ ਨਾ ਮਿਲਣ ਜਾਵੇ ਅਤੇ ਨਾ ਹੀ ਸ਼ੱਕੀ ਵਿਅਕਤੀ ਨਾਲ ਉਨ੍ਹਾਂ ਨੂੰ ਭੇਜਿਆ ਜਾਵੇ। ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੀ ਸੁਰੱਖਿਆ ਸਬੰਧੀ ਕਾਫੀ ਗੰਭੀਰ ਹੈ ਪਰ ਆਪਣੇ ਸਕੂਲਾਂ ਦੇ ਬੱਚਿਆਂ ਦੀ ਇੰਨੀ ਚਿੰਤਾ ਨਹੀਂ ਹੈ। ਜ਼ਿਲਾ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇਥੇ 800 ਸਰਕਾਰੀ ਐਲੀਮੈਂਟਰੀ ਸਕੂਲ, 114 ਸੀ. ਸੈ. ਸਕੂਲ, 200 ਹਾਈ ਸਕੂਲ ਅਤੇ 150 ਮਿਡਲ ਸਕੂਲ ਹਨ। ਉਕਤ ਸਕੂਲਾਂ ਵਿਚ ਪਿਛਲੇ ਲੰਬੇ ਸਮੇਂ ਤੋਂ 600 ਤੋਂ ਜ਼ਿਆਦਾ ਦਰਜਾ ਚਾਰ ਕਰਮਚਾਰੀਆਂ ਦੇ ਅਹੁਦੇ ਖਾਲੀ ਪਏ ਹੋਏ ਹਨ। ਦਰਜਾਚਾਰ ਕਰਮਚਾਰੀ ਹੀ ਵਿਦਿਆਰਥੀਆਂ ਦੀ ਸੁਰੱਖਿਆ ਦਾ ਕੰਮ ਕਰਦੇ ਹਨ।
1990 ਤੋਂ ਨਹੀਂ ਹੋਈ ਭਰਤੀ
ਸਰਕਾਰੀ ਸਕੂਲਾਂ ਵਿਚ ਕੋਈ ਵੀ ਸੁਰੱਖਿਆ ਕਰਮਚਾਰੀ ਨਹੀਂ ਹੈ। ਦਰਜਾ ਚਾਰ ਕਰਮਚਾਰੀ ਹੀ ਸੁਰੱਖਿਆ ਦਾ ਕੰਮ ਕਰ ਰਹੇ ਹਨ। 1990 ਦੇ ਬਾਅਦ ਸਰਕਾਰੀ ਸਕੂਲਾਂ ਵਿਚ ਦਰਜਾ ਚਾਰ ਕਰਮਚਾਰੀਆਂ ਦੀ ਭਰਤੀ ਨਹੀਂ ਹੋਈ। ਸਰਕਾਰਾਂ ਵੱਲੋਂ ਇਕ ਕਰਮਚਾਰੀ ਦੇ ਮਰਨ ਉਪਰੰਤ ਉਸ ਦੇ ਪਰਿਵਾਰਾਂ ਨੂੰ ਨੌਕਰੀ ਦੇ ਦਿੱਤੀ ਜਾਂਦੀ ਹੈ ਜਾਂ ਤਰਸ ਦੇ ਆਧਾਰ 'ਤੇ ਕਰਮਚਾਰੀਆਂ ਨੂੰ ਰੱਖਿਆ ਜਾ ਰਿਹਾ ਹੈ। ਰੈਗੂਲਰ ਭਰਤੀ ਨਾ ਕਰਨ ਦੇ ਕਾਰਨ ਪੰਜਾਬ ਭਰ ਦੇ ਸਕੂਲਾਂ ਵਿਚ 10 ਹਜ਼ਾਰ ਤੋਂ ਜ਼ਿਆਦਾ ਦਰਜਾ ਚਾਰ ਕਰਮਚਾਰੀਆਂ ਦੇ ਅਹੁਦੇ ਖਾਲੀ ਪਏ ਹਨ।
ਅਧਿਆਪਕਾਂ ਦੇ ਸਹਾਰੇ ਸੁਰੱਖਿਆ
ਜ਼ਿਲੇ ਅੰਮ੍ਰਿਤਸਰ ਦੇ 800 ਦੇ ਕਰੀਬ ਸਰਕਾਰੀ ਐਲੀਮੈਂਟਰੀ ਸਕੂਲਾਂ ਵਿਚ ਨਾ ਤਾਂ ਦਰਜਾ ਚਾਰ ਕਰਮਚਾਰੀ ਹੈ ਅਤੇ ਨਾ ਹੀ ਸੁਰੱਖਿਆ ਕਰਮਚਾਰੀ। ਅਧਿਆਪਕ ਹੀ ਵਿਦਿਆਰਥੀਆਂ ਦੀ ਸੁਰੱਖਿਆ ਕਰ ਰਹੇ ਹਨ, ਇਸ ਦੇ ਇਲਾਵਾ ਮਿਡਲ, ਹਾਈ, ਸੀ. ਸੈ. ਸਕੂਲਾਂ ਵਿਚ ਵੀ ਕਈ ਥਾਵਾਂ 'ਤੇ ਦਰਜਾ ਚਾਰ ਕਰਮਚਾਰੀ ਨਾ ਹੋਣ ਕਾਰਨ ਅਧਿਆਪਕਾਂ ਵੱਲੋਂ ਇਕ ਅਧਿਆਪਕ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਲਈ ਲਗਾਇਆ ਜਾਂਦਾ ਹੈ। ਸਿੱਖਿਆ ਵਿਭਾਗ ਦਾਅਵੇ ਤਾਂ ਬਹੁਤ ਕਰਦਾ ਹੈ ਪਰ ਵਿਦਿਆਰਥੀਆਂ ਦੀ ਸੁਰੱਖਿਆ ਲਈ ਗੰਭੀਰ ਨਹੀਂ ਹੈ।
ਸਕੂਲਾਂ ਵਿਚ ਹੋ ਚੁੱਕੀਆਂ ਨੇ ਕਈ ਵਾਰ ਘਟਨਾਵਾਂ
ਸਰਕਾਰੀ ਸਕੂਲਾਂ ਵਿਚ ਸੁਰੱਖਿਆ ਨਾ ਹੋਣ ਕਾਰਨ ਕਈ ਵਾਰ ਵਿਦਿਆਰਥੀਆਂ ਨਾਲ ਘਟਨਾਵਾਂ ਵੀ ਹੋ ਚੁੱਕੀਆਂ ਹਨ। ਕਈ ਸਕੂਲਾਂ ਵਿਚ ਲੜਕੀਆਂ ਦੀ ਸੁਰੱਖਿਆ ਵਿਚ ਸੰਨ੍ਹ ਵੀ ਲੱਗ ਚੁੱਕੀ ਹੈ ਅਤੇ ਕਈ ਥਾਵਾਂ 'ਤੇ ਛੋਟੇ ਬੱਚਿਆਂ ਨੂੰ ਸ਼ਰਾਰਤੀ ਤੱਤ ਟਾਰਗੇਟ ਕਰ ਰਹੇ ਹਨ। ਸਕੂਲਾਂ ਵਿਚ ਘਟਨਾਵਾਂ ਹੋਣ ਦੇ ਬਾਵਜੂਦ ਸਿੱਖਿਆ ਵਿਭਾਗ ਕੁੰਭਕਰਨੀ ਨੀਂਦ ਤੋਂ ਨਹੀਂ ਜਾਗਿਆ।
ਸਰਦੀਆਂ ਵਿਚ ਹੁੰਦੀ ਹੈ ਮੁਸ਼ਕਲ
ਸਕੂਲਾਂ ਵਿਚ ਸੁਰੱਖਿਆ ਗਾਰਡ ਨਾ ਹੋਣ ਕਾਰਨ ਸਰਦੀਆਂ ਵਿਚ ਅਧਿਆਪਕਾਂ ਨੂੰ ਵੀ ਵਿਦਿਆਰਥੀਆਂ ਸਬੰਧੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਸੁਰੱਖਿਆ ਗਾਰਡ ਨਾ ਹੋਣ ਕਾਰਨ ਸਕੂਲਾਂ ਵਿਚ ਚੋਰੀਆਂ ਵੀ ਹੋ ਜਾਂਦੀਆਂ ਹਨ। ਸਕੂਲਾਂ ਵੱਲੋਂ ਇਸ ਸਬੰਧੀ ਕਈ ਵਾਰ ਸਿੱਖਿਆ ਵਿਭਾਗ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ ਪਰ ਅੱਜ ਤੱਕ ਸੁਰੱਖਿਆ ਦਾ ਹੱਲ ਨਹੀਂ ਕੱਢਿਆ ਗਿਆ।
ਸ਼ਹਿਰ ਵਾਸੀਆਂ ਨੂੰ ਅਦਾ ਕਰਨਾ ਪਵੇਗਾ ਬਣਦਾ ਪ੍ਰਾਪਰਟੀ ਟੈਕਸ
NEXT STORY