ਲੁਧਿਆਣਾ(ਖੁਰਾਣਾ)-ਦੇਸ਼ ਦੀਆਂ ਤਿੰਨੋਂ ਪ੍ਰਮੁੱਖ ਤੇਲ ਕੰਪਨੀਆਂ ਵੱਲੋਂ ਪੈਟਰੋਲ ਪੰਪਾਂ ਦੇ ਡੀਲਰਾਂ ਦੇ ਨਾਂ 'ਤੇ ਜਾਰੀ ਕੀਤੀ ਗਈ ਐੱਮ. ਡੀ. ਜੀ. (ਮਾਰਕੀਟਿੰਗ ਡਿਸਿਪਲਿਨ ਗਾਈਡ ਲਾਈਨ) ਨੂੰ ਜ਼ਿਆਦਾਤਰ ਪੈਟਰੋਲ ਪੰਪਾਂ ਦੇ ਮੁਲਾਜ਼ਮ ਸ਼ਰੇਆਮ ਅੰਗੂਠਾ ਦਿਖਾਉਂਦੇ ਹੋਏ ਗਾਹਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਪੂਰੀ ਤਰ੍ਹਾਂ ਅਣਦੇਖੀ ਕਰ ਰਹੇ ਹਨ। ਹਾਲਾਂਕਿ ਨਿਯਮਾਂ ਮੁਤਾਬਕ ਕੰਪਨੀ ਵੱਲੋਂ ਤੈਅ ਕੀਤੀਆਂ ਉਕਤ ਸੇਵਾਵਾਂ ਨੂੰ ਨਜ਼ਰਅੰਦਾਜ਼ ਕਰਨ 'ਤੇ ਡੀਲਰਾਂ ਨੂੰ ਭਾਰੀ ਜੁਰਮਾਨਾ ਲਾਏ ਜਾਣ ਦੀ ਵਿਵਸਥਾ ਹੈ। ਬਾਵਜੂਦ ਇਸ ਦੇ ਡੀਲਰ ਨਿਯਮਾਂ ਦੀ ਪ੍ਰਵਾਹ ਨਹੀਂ ਕਰ ਰਹੇ। ਅਜਿਹੇ 'ਚ ਸਬੰਧਤ ਕੰਪਨੀਆਂ ਦੇ ਲੋਕਲ ਸੇਲਜ਼ ਅਫਸਰਾਂ ਦੀ ਕਾਰਜਸ਼ੈਲੀ ਵੀ ਸ਼ੱਕ ਦੇ ਘੇਰੇ 'ਚ ਆ ਸਕਦੀ ਹੈ।
ਕੀ ਹਨ ਨਿਯਮ
ਕੰਪਨੀ ਵੱਲੋਂ ਜਾਰੀ ਕੀਤੀ ਗਈ ਐੱਮ. ਡੀ. ਜੀ. ਵਿਚ ਸਾਫ ਤੌਰ 'ਤੇ ਜ਼ਿਕਰ ਕੀਤਾ ਗਿਆ ਹੈ ਕਿ ਹਰ ਪੈਟਰੋਲ ਪੰਪ 'ਤੇ ਗਾਹਕਾਂ ਨੂੰ ਸੇਵਾ ਦੇਣ ਵਾਲੇ ਇਕ ਸਾਫ ਪੀਣ ਦੇ ਪਾਣੀ ਤੋਂ ਇਲਾਵਾ ਨਾਰਮਲ ਪਾਣੀ ਗੱਡੀਆਂ 'ਚ ਪਾਉਣ ਲਈ, ਵਾਹਨਾਂ ਦੇ ਪਹੀਆਂ 'ਚ ਹਵਾ ਭਰਨ, ਔਰਤਾਂ ਅਤੇ ਪੁਰਸ਼ਾਂ ਦੀ ਵਰਤੋਂ ਲਈ ਸਾਫ-ਸੁਥਰੇ ਪਖਾਨੇ, ਫਸਟ ਏਡ ਸੇਵਾ, ਟੈਲੀਫੋਨ ਆਦਿ ਹੋਣੇ ਜ਼ਰੂਰੀ ਹਨ। ਜੋ ਡੀਲਰ ਸ਼ਰਤਾਂ ਨੂੰ ਪੂਰਾ ਨਹੀਂ ਕਰੇਗਾ, ਉਸ ਖਿਲਾਫ ਕੰਪਨੀ ਵੱਲੋਂ ਜੁਰਮਾਨਾ ਅਤੇ ਹੋਰ ਕਾਰਵਾਈ ਕੀਤੀ ਜਾ ਸਕਦੀ ਹੈ।
ਕੀ ਕਹਿੰਦੇ ਹਨ ਪੈਟਰੋਲ ਪੰਪ ਮੈਨੇਜਰ
ਨਿਯਮਾਂ ਦੀ ਹੋ ਰਹੀ ਅਣਦੇਖੀ ਦੇ ਮਾਮਲੇ 'ਚ ਦਾਣਾ ਮੰਡੀ ਦੇ ਕੋਲ ਪੈਂਦੇ ਪੈਟਰੋਲ ਪੰਪ ਦੇ ਮੈਨੇਜਰ ਨੇ ਕਿਹਾ ਕਿਉਨ੍ਹਾਂ ਦੇ ਪੈਟਰੋਲ ਪੰਪ 'ਤੇ ਹਵਾ ਭਰਨ ਲਈ ਕਿਸੇ ਲੜਕੇ ਦੀ ਡਿਊਟੀ ਲਾ ਦਿੱਤੀ ਜਾਵੇਗੀ। ਨਾਲ ਹੀ ਸ਼ਿਵਪੁਰੀ ਚੌਕ ਨਾਲ ਲਗਦੇ ਐੱਚ. ਪੀ. ਕੰਪਨੀ ਦੇ ਮੈਨੇਜਰ ਨੇ ਪੀਣ ਵਾਲੇ ਪਾਣੀ ਸਬੰਧੀ ਯੋਗ ਪ੍ਰਬੰਧ ਨਾ ਹੋਣ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਪ ਦੇ ਨਾਲ ਲਗਦੇ ਬਿਜਲੀ ਦੇ ਟ੍ਰਾਂਸਫਾਰਮਰ ਤੋਂ ਕਰੰਟ ਆਉਣ ਕਾਰਨ ਪਾਣੀ ਦੀ ਟੈਂਕੀ 1 ਦਿਨ ਪਹਿਲਾਂ ਹੀ ਬੰਦ ਕੀਤੀ ਗਈ ਹੈ ਪਰ ਜਦੋਂ ਉਨ੍ਹਾਂ ਨੂੰ ਟੈਂਕੀ ਕਈ ਦਿਨਾਂ ਤੋਂ ਖਰਾਬ ਪਈ ਹੋਣ ਅਤੇ ਹਵਾ ਭਰਨ ਦੀ ਮਸ਼ੀਨ ਦੇ ਅੱਗੇ ਬੈਰੀਕੇਡ ਲੱਗੇ ਹੋਣ ਦੀ ਗੱਲ ਪੁੱਛੀ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਉਕਤ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।
ਕੀ ਕਹਿੰਦੇ ਹਨ ਕੰਪਨੀ ਦੇ ਸੇਲਜ਼ ਅਫਸਰ
ਦੂਜੇ ਪਾਸੇ ਤੇਲ ਕੰਪਨੀਆਂ ਦੇ ਸੇਲਜ਼ ਅਫਸਰ ਸੋਨੂ ਸਿੰਘ (ਇੰਡੀਅਨ ਆਇਲ) ਅਤੇ ਰਿਸ਼ੂ ਚੌਧਰੀ (ਐੱਚ. ਪੀ. ਕੰਪਨੀ) ਨੇ ਇਸ ਸਬੰਧੀ ਗੱਲ ਕਰਨ 'ਤੇ ਬੜਾ ਹੀ ਹੈਰਾਨੀ ਭਰਿਆ ਜਵਾਬ ਦਿੰਦੇ ਹੋਏ ਕਿਹਾ ਕਿ ਹਵਾ ਭਰਨ ਦੇ ਕੇਸ ਨੂੰ ਲੈ ਕੇ ਅਤੇ ਪੀਣ ਵਾਲੇ ਪਾਣੀ ਦਾ ਯੋਗ ਪ੍ਰਬੰਧ ਨਾ ਹੋਣ ਸਬੰਧੀ ਉਹ ਪਹਿਲਾਂ ਪੰਪ ਮਾਲਕਾਂ ਨਾਲ ਗੱਲ ਕਰਨਗੇ। ਰਿਸ਼ੂ ਚੌਧਰੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਸਰਦੀਆਂ ਕਾਰਨ ਹੋ ਸਕਦਾ ਹੈ ਕਿ ਪੀਣ ਦੇ ਪਾਣੀ ਵਾਲੇ ਕੂਲਰ ਨੂੰ ਪੰਪ ਮਾਲਕਾਂ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਪਰ ਜਦੋਂ ਉਕਤ ਅਧਿਕਾਰੀਆਂ ਤੋਂ ਪੁੱਛਿਆ ਗਿਆ ਕਿ ਕੀ ਕੋਈ ਪੈਟਰੋਲ ਪੰਪ ਮਾਲਕ ਅਜਿਹਾ ਕਰ ਸਕਦਾ ਹੈ ਜਾਂ ਨਿਯਮ ਇਹ ਇਜਾਜ਼ਤ ਦਿੰਦਾ ਹੈ ਤਾਂ ਉਨ੍ਹਾਂ ਗੱਲ ਦਾ ਰੁੱਖ ਪਲਟਦੇ ਹੋਏ ਕਿਹਾ ਕਿ ਨਿਯਮਾਂ ਨਾਲ ਖੇਡਣ ਵਾਲੇ ਪੰਪ ਮਾਲਕਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਕੀ ਹੈ ਹਕੀਕਤ
ਨਿਯਮਾਂ ਦੇ ਉਲਟ ਸ਼ਹਿਰ ਦੇ ਜ਼ਿਆਦਾਤਰ ਪੈਟਰੋਲ ਪੰਪਾਂ 'ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਗਾਹਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਪੂਰੀ ਤਰ੍ਹਾਂ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ। ਜੇਕਰ ਜਲੰਧਰ ਬਾਈਪਾਸ ਚੌਕ ਨੇੜੇ ਪੈਂਦੀ ਦਾਣਾ ਮੰਡੀ ਦੇ ਨਾਲ ਲਗਦੇ ਇੰਡੀਅਨ ਆਇਲ ਕੰਪਨੀ ਦੇ ਪੈਟਰੋਲ ਪੰਪ ਦੀ ਗੱਲ ਕਰੀਏ ਤਾਂ ਉੱਥੇ ਕੰਪਨੀ ਵੱਲੋਂ ਲਾਈ ਗਈ ਹਵਾ ਚੈੱਕ ਕਰਨ ਵਾਲੀ ਮਸ਼ੀਨ ਕਬਾੜ ਦਾ ਰੂਪ ਧਾਰ ਚੁੱਕੀ ਹੈ ਅਤੇ ਪੰਪ ਮਾਲਕ ਵੱਲੋਂ ਪੰਕਚਰ ਲਾਉਣ ਵਾਲੇ ਕਿਸੇ ਨਿੱਜੀ ਵਿਅਕਤੀ ਨੂੰ ਪੰਪ ਦੀ ਬਾਊਂਡਰੀ 'ਚ ਹੀ ਕਿਰਾਏ ਦੇ ਰੂਪ ਵਿਚ ਬੂਥ ਬਣਾ ਕੇ ਦਿੱਤਾ ਗਿਆ ਹੈ, ਜਿੱਥੇ ਗਾਹਕਾਂ ਨੂੰ ਆਪ ਹੀ ਆਪਣੇ ਵਾਹਨਾਂ 'ਚ ਹਵਾ ਭਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜੋ ਕਿ ਕੰਪਨੀਆਂ ਦੇ ਨਿਯਮਾਂ ਦੇ ਉਲਟ ਹੈ। ਇਕ ਹੋਰ ਕੇਸ 'ਚ ਸ਼ਿਵਪੁਰੀ ਚੌਕ ਨਾਲ ਲਗਦੇ ਐੱਚ. ਪੀ. ਸੀ. ਦੇ ਪੈਟਰੋਲ ਪੰਪ 'ਤੇ ਜਿੱਥੇ ਪੀਣ ਵਾਲੇ ਪਾਣੀ ਦਾ ਕੋਈ ਯੋਗ ਪ੍ਰਬੰਧ ਹੀ ਨਹੀਂ, ਉੱਥੇ ਹਵਾ ਭਰਨ ਦੀ ਮਸ਼ੀਨ ਨੂੰ ਵੀ ਬੈਰੀਕੇਡ ਲਾ ਕੇ ਬੰਦ ਰੱਖਿਆ ਗਿਆ ਹੈ ਜੋ ਕਿ ਕੰਪਨੀ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਨੂੰ ਦਰਸਾਉਂਦਾ ਹੈ, ਜੋ ਆਪਣੇ ਅਧਿਕਾਰ ਖੇਤਰਾਂ ਦੇ ਪੈਟਰੋਲ ਪੰਪਾਂ ਦੀਆਂ ਅਣਦੇਖੀਆਂ 'ਤੇ ਪਰਦਾ ਪਾਉਣ 'ਚ ਲੱਗੇ ਰਹਿੰਦੇ ਹਨ।
ਨਗਰ ਨਿਗਮ ਤੇ ਟਰੈਫਿਕ ਨਿਯਮਾਂ ਦੀਆਂ ਉੱਡ ਰਹੀ ਧੱਜੀਆਂ
NEXT STORY