ਹੁਸ਼ਿਆਰਪੁਰ (ਅਮਰਿੰਦਰ) : ਬੀਤੀ ਦੇਰ ਰਾਤ ਊਨਾ ਰੋਡ 'ਤੇ ਰਾਤ ਕਰੀਬ 10 ਵਜੇ ਮੋਟਰਸਾਈਕਲ ਸਵਾਰ 2 ਲੁਟੇਰਿਆਂ ਨੇ ਬਾਜਵਾ ਪੈਟਰੋਲ ਪੰਪ 'ਤੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਇਸ ਦੌਰਾਨ ਲੁਟੇਰਿਆਂ ਵੱਲੋਂ ਕੀਤੀ ਗਈ ਫਾਇਰਿੰਗ ਵਿਚ ਪੈਟਰੋਲ ਪੰਪ ਦਾ ਮਾਲਕ ਦਿਨੇਸ਼ ਵਾਲੀਆ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਵਾਲੀਆ ਦੇ ਕੋਲ ਕਾਂਗਰਸ ਦੇ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਵੀ ਹੈ। ਲੁਟੇਰਿਆਂ ਵੱਲੋਂ ਚਲਾਈ ਗੋਲੀ ਵਾਲੀਆ ਦੇ ਪੱਟ 'ਚ ਲੱਗੀ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਸ ਦੌਰਾਨ ਲੁਟੇਰੇ ਕੈਸ਼ ਦੇ ਨਾਲ-ਨਾਲ ਦਿਨੇਸ਼ ਵਾਲੀਆ ਦਾ ਰਿਵਾਲਵਰ ਵੀ ਲੈ ਕੇ ਫਰਾਰ ਹੋ ਗਏ।
ਸੂਚਨਾ ਮਿਲਦਿਆਂ ਹੀ ਪੁਲਸ ਦੇ ਆਲਾ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਮੌਕੇ 'ਤੇ ਪਹੁੰਚੇ ਜ਼ਿਲਾ ਪੁਲਸ ਮੁਖੀ ਜੇ. ਏਲਿਨਚੇਲੀਅਨ, ਸਦਰ ਪੁਲਸ ਦੇ ਇੰਚਾਰਜ ਅੰਡਰ ਟ੍ਰੇਨਿੰਗ ਡਾ. ਅੰਕੁਰ ਗੁਪਤਾ ਆਈ. ਪੀ. ਐੱਸ. ਸਮੇਤ ਹੋਰ ਅਧਿਕਾਰੀਆਂ ਨੇ ਘਟਨਾ ਦਾ ਜਾਇਜ਼ਾ ਲਿਆ। ਇਸ ਦੌਰਾਨ ਜ਼ਖ਼ਮੀ ਦਿਨੇਸ਼ ਵਾਲੀਆ ਨੂੰ ਸ਼ਿਵਮ ਹਸਪਤਾਲ ਲਿਜਾਇਆ ਗਿਆ, ਜਿਥੇ ਆਪ੍ਰੇਸ਼ਨ ਕਰਕੇ ਲੱਤ 'ਚ ਲੱਗੀ ਗੋਲੀ ਕੱਢੀ ਗਈ। ਵਾਲੀਆ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਲੁਟੇਰਿਆਂ ਨੇ ਕਿਸ ਤਰ੍ਹਾਂ ਦਿੱਤਾ ਲੁੱਟ ਨੂੰ ਅੰਜਾਮ
ਜ਼ਖ਼ਮੀ ਦਿਨੇਸ਼ ਵਾਲੀਆ ਦੇ ਪਿਤਾ ਐਡਵੋਕੇਟ ਬ੍ਰਿਜ ਮੋਹਨ ਵਾਲੀਆ ਤੇ ਪੰਪ ਦੇ ਕਰਿੰਦਿਆਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10 ਵਜੇ ਜਦੋਂ ਦਿਨੇਸ਼ ਵਾਲੀਆ ਕੈਸ਼ ਲੈ ਕੇ ਆਪਣੀ ਕਾਰ ਵਿਚ ਸਵਾਰ ਹੋ ਰਹੇ ਸਨ ਤਾਂ ਉਸੇ ਸਮੇਂ ਇਕ ਮੋਟਰਸਾਈਕਲ 'ਤੇ ਸਵਾਰ 2 ਨੌਜਵਾਨ ਆਏ ਤੇ ਦਿਨੇਸ਼ ਵਾਲੀਆ ਕੋਲੋਂ ਕੈਸ਼ ਵਾਲਾ ਬੈਗ ਖੋਹਣ ਦਾ ਯਤਨ ਕੀਤਾ। ਜਦੋਂ ਵਾਲੀਆ ਨੇ ਉਨ੍ਹਾਂ ਦਾ ਵਿਰੋਧ ਕਰਦਿਆਂ ਆਪਣੀ ਲਾਈਸੈਂਸੀ ਰਿਵਾਲਵਰ ਵਿਚੋਂ ਫਾਇਰ ਕੀਤਾ ਤਾਂ ਇਸ ਦੌਰਾਨ ਹਮਲਾਵਰਾਂ ਵੱਲੋਂ ਵੀ ਫਾਇਰਿੰਗ ਕੀਤੀ ਗਈ ਤੇ ਇਕ ਗੋਲੀ ਦਿਨੇਸ਼ ਦੀ ਲੱਤ 'ਚ ਲੱਗ ਗਈ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਸ ਦੌਰਾਨ ਲੁਟੇਰੇ ਕੈਸ਼ ਵਾਲਾ ਬੈਗ ਜਿਸ ਵਿਚ ਕਰੀਬ 43000 ਰੁਪਏ ਸਨ ਅਤੇ ਦਿਨੇਸ਼ ਵਾਲੀਆ ਦਾ ਲਾਈਸੈਂਸੀ ਰਿਵਾਲਵਰ ਲੈ ਕੇ ਫਰਾਰ ਹੋ ਗਏ।
ਕੀ ਕਹਿੰਦੀ ਹੈ ਸਦਰ ਪੁਲਸ
ਇਸ ਸਬੰਧ 'ਚ ਥਾਣਾ ਸਦਰ ਦੇ ਇੰਚਾਰਜ ਅੰਡਰ ਟ੍ਰੇਨਿੰਗ ਡਾ. ਅੰਕੁਰ ਗੁਪਤਾ ਆਈ. ਪੀ. ਐੱਸ. ਨੇ ਦੱਸਿਆ ਕਿ ਪੁਲਸ ਪੈਟਰੋਲ ਪੰਪ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਦੋਵੇਂ ਲੁਟੇਰਿਆਂ ਖਿਲਾਫ਼ ਧਾਰਾ 307, 379 ਬੀ. ਅਤੇ ਅਸਲਾ ਐਕਟ ਦੀ ਧਾਰਾ 25-27-54-59 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੁਟੇਰਿਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਸਿੱਖਿਆ ਮੰਤਰੀ ਬਣਦੇ ਹੀ ਵਿਵਾਦਾਂ 'ਚ ਘਿਰੇ ਓ. ਪੀ. ਸੋਨੀ (ਵੀਡੀਓ)
NEXT STORY