ਬਾਹਰੀ ਨੌਜਵਾਨਾਂ ਦੇ ਕਾਲਜ ਅੰਦਰ ਦਾਖਲੇ ਨੂੰ ਰੋਕਣ ਲਈ ਸਖਤੀ ਨਾਲ ਕਦਮ ਉਠਾਏ ਜਾਣਗੇ : ਥਾਣਾ ਮੁਖੀ
ਮਾਲੇਰਕੋਟਲਾ(ਸ਼ਹਾਬੂਦੀਨ)-ਸਰਕਾਰੀ ਕਾਲਜ ਮਾਲੇਰਕੋਟਲਾ ਅੰਦਰ ਆਊਟ ਸਾਈਡਰ ਨੌਜਵਾਨਾਂ ਵੱਲੋਂ ਭਲਵਾਨੀ ਗੇੜੇ ਮਾਰਨ ਦੀਆਂ ਮਿਲਦੀਆਂ ਸ਼ਿਕਾਇਤਾਂ ਪ੍ਰਤੀ ਪਿਛਲੇ ਕਈ ਦਿਨਾਂ ਤੋਂ ਸਬਰ ਦਾ ਘੁੱਟ ਭਰੀ ਬੈਠੀ ਮਾਲੇਰਕੋਟਲਾ ਪੁਲਸ ਦੇ ਸਬਰ ਦਾ ਬੰਨ੍ਹ ਆਖਰਕਾਰ ਅੱਜ ਉਸ ਸਮੇਂ ਟੁੱਟ ਹੀ ਗਿਆ ਜਦੋਂ ਮਾਲੇਰਕੋਟਲਾ ਥਾਣਾ ਸਿਟੀ-1 ਦੇ ਐੱਸ. ਐੱਚ. ਓ. ਜਤਿੰਦਰਪਾਲ ਸਿੰਘ ਨੇ ਟ੍ਰੈਫਿਕ ਕਮ ਪੀ. ਸੀ. ਆਰ. ਟੀਮ ਦੇ ਇੰਚਾਰਜ ਕਰਨਜੀਤ ਸਿੰਘ ਜੇਜੀ ਤੇ ਹੋਰ ਪੁਲਸ ਅਮਲੇ ਸਮੇਤ ਅੱਜ ਸਰਕਾਰੀ ਕਾਲਜ ਮਾਲੇਰਕੋਟਲਾ ਪੁੱਜ ਕੇ ਚੈਕਿੰਗ ਮੁਹਿੰਮ ਚਲਾਉਂਦਿਆਂ ਕਾਲਜ ਕੈਂਪਸ ਅੰਦਰ ਘੁੰਮਦੇ ਵਿਦਿਆਰਥੀਆਂ ਦੇ ਸ਼ਨਾਖਤੀ ਕਾਰਡ ਚੈੱਕ ਕੀਤੇ। ਕਾਲਜ ਪੁੱਜੀ ਪੁਲਸ ਵੱਲੋਂ ਬਾਹਰੀ ਨੌਜਵਾਨਾਂ 'ਤੇ ਸ਼ਿਕੰਜਾ ਕੱਸਣ ਲਈ ਆਰੰਭੀ ਚੈਕਿੰਗ ਮੁਹਿੰਮ ਦੀ ਭਿਣਕ ਪੈਂਦਿਆਂ ਹੀ ਆਊਟ ਸਾਈਡਰ ਨੌਜਵਾਨਾਂ 'ਚ ਹਲ-ਚਲ ਮਚ ਗਈ, ਜੋ ਪੁਲਸ ਤੋਂ ਅੱਖ ਬਚਾ ਕੇ ਇਧਰ-ਓਧਰ ਨੂੰ ਭੱਜਣ ਲੱਗੇ। ਜ਼ਿਕਰਯੋਗ ਹੈ ਕਿ ਬਾਹਰੀ ਵਿਹਲੜ ਨੌਜਵਾਨ ਕਾਲਜ ਕੈਂਪਸ ਅੰਦਰ ਆ ਕੇ ਜਿਥੇ ਲੜਕੀਆਂ ਨਾਲ ਛੇੜਛਾੜ ਕਰਦੇ ਹਨ ਉਥੇ ਕਾਲਜ ਅੰਦਰ ਲੜਾਈ-ਝਗੜੇ ਵਾਲੀਆਂ ਕਾਰਵਾਈਆਂ ਕਰ ਕੇ ਕਾਲਜ ਦੇ ਅਨੁਸ਼ਾਸਨ ਨੂੰ ਵੀ ਭੰਗ ਕਰਦੇ ਹਨ, ਅਜਿਹੇ ਹੀ ਬਾਹਰੀ ਨੌਜਵਾਨਾਂ ਨੇ ਪਿਛਲੇ ਦਿਨੀਂ ਕਾਲਜ ਗੇਟ 'ਤੇ ਇਕ ਅਧਿਆਪਕ ਨਾਲ ਕੁੱਟਮਾਰ ਵੀ ਕੀਤੀ ਸੀ। ਥਾਣਾ ਮੁਖੀ ਜਤਿੰਦਰਪਾਲ ਸਿੰਘ ਨੇ ਚੈਕਿੰਗ ਦੌਰਾਨ ਕਾਲਜ ਵਿਦਿਆਰਥੀਆਂ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਉਂਦਿਆਂ ਜਿਥੇ ਅਨੁਸ਼ਾਸਨ 'ਚ ਰਹਿਣ ਦੀ ਹਦਾਇਤ ਕੀਤੀ ਉਥੇ ਕਾਲਜ ਕੈਂਪਸ ਅੰਦਰ ਅਮਨ-ਸ਼ਾਂਤੀ ਕਾਇਮ ਰੱਖਣ ਦੀ ਅਪੀਲ ਵੀ ਕੀਤੀ। ਆਊਟ ਸਾਈਡਰਾਂ ਦੇ ਕਾਲਜ ਅੰਦਰ ਦਾਖਲੇ 'ਤੇ ਸਖਤੀ ਨਾਲ ਰੋਕ ਲਾਉਣ ਸਬੰਧੀ ਥਾਣਾ ਮੁਖੀ ਨੇ ਕਾਲਜ ਪ੍ਰਿੰਸੀਪਲ ਡਾ. ਮੁਹੰਮਦ ਜ਼ਮੀਲ ਨਾਲ ਚਰਚਾ ਕਰਦਿਆਂ ਜਿਥੇ ਉਨ੍ਹਾਂ ਨੂੰ ਪੁਲਸ ਵੱਲੋਂ ਹਰ ਤਰ੍ਹਾਂ ਦਾ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਉਥੇ ਉਨ੍ਹਾਂ ਵਿਦਿਆਰਥੀਆਂ ਦੇ ਪਹਿਰਾਵੇ ਬਾਰੇ ਚਰਚਾ ਕਰਦਿਆਂ ਕਾਲਜ ਪ੍ਰਿੰਸੀਪਲ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਜਿਥੇ ਅਨੁਸ਼ਾਸਨ 'ਚ ਰਹਿਣਾ ਸਿਖਾਉਣ ਉਥੇ ਕਾਲਜ ਅੰਦਰ ਵਿਦਿਆਰਥੀਆਂ ਨੂੰ ਸਿਰਫ ਪੈਂਟ-ਕਮੀਜ਼ ਹੀ ਪਾ ਕੇ ਆਉਣ ਦੀ ਹਦਾਇਤ ਕਰਨ ਨਾ ਕੇ ਕੁੜਤਾ-ਪਜ਼ਾਮਾ ਜਾਂ ਸਲਵਾਰ-ਕਮੀਜ਼ ਪਾ ਕੇ ਆਉਣ। ਕਾਲਜ ਦੇ ਗੇਟ 'ਤੇ ਤਾਇਨਾਤ ਸਕਿਓਰਿਟੀ ਗਾਰਡ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਕਾਲਜ ਅੰਦਰ ਦਾਖਲ ਹੋਣ ਵਾਲੇ ਵਿਦਿਆਰਥੀਆਂ ਦਾ ਸ਼ਨਾਖਤੀ ਕਾਰਡ ਜ਼ਰੂਰ ਚੈੱਕ ਕਰਨ। ਥਾਣਾ ਮੁਖੀ ਨੇ ਅੱਗੋਂ ਵੀ ਇਸ ਮੁਹਿੰਮ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਆਊਟ ਸਾਈਡਰਾਂ 'ਤੇ ਸਖਤੀ ਨਾਲ ਸ਼ਿਕੰਜਾ ਕੱਸਿਆ ਜਾਵੇਗਾ ਤਾਂ ਜੋ ਲੜਕੀਆਂ ਬੇਝਿਜਕ ਕਾਲਜ ਆ ਜਾ ਸਕਣ। ਕਾਲਜ ਪ੍ਰਿੰਸੀਪਲ ਡਾ. ਮੁਹੰਮਦ ਜ਼ਮੀਲ ਨੇ ਕਿਹਾ ਕਿ ਉਹ ਆਪਣੇ ਸਟਾਫ ਦੇ ਸਹਿਯੋਗ ਨਾਲ ਕਾਲਜ ਅੰਦਰ ਅਨੁਸ਼ਾਸਨ ਨੂੰ ਹਰ-ਹੀਲੇ ਬਰਕਰਾਰ ਰੱਖਣਗੇ ਤੇ ਬਾਹਰੀ ਨੌਜਵਾਨਾਂ ਦੇ ਕਾਲਜ ਅੰਦਰ ਦਾਖਲੇ ਨੂੰ ਰੋਕਣ ਲਈ ਸਖਤੀ ਨਾਲ ਕਦਮ ਉਠਾਏ ਜਾਣਗੇ।
ਅਕਾਲੀਆਂ ਦੇ ਮਾੜੇ ਸ਼ਾਸਨ ਕਾਰਨ ਤਨਖਾਹ ਦੇ ਭੁਗਤਾਨ ਵਿਚ ਦੇਰੀ : ਅਮਰਿੰਦਰ
NEXT STORY