ਫਗਵਾੜਾ (ਜਲੋਟਾ): ਫਗਵਾੜਾ ਦੇ ਬਹੁ ਚਰਚਿਤ ਐੱਸ ਸੁਧੀਰ ਸਵੀਟਸ ਗੋਲੀਕਾਂਡ ਚ ਫਗਵਾੜਾ ਪੁਲਸ ਵੱਲੋਂ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਅਹਿਮ ਸੂਚਨਾ ਮਿਲੀ ਹੈ। ਪੁਲਸ ਨੇ ਦੋਸ਼ੀਆਂ ਦੇ ਹਵਾਲੇ ਤੋਂ 2 ਗੱਡੀਆਂ ਵੀ ਬਰਾਮਦ ਕੀਤੀਆਂ ਹਨ ਜਿਸ ਸਬੰਧੀ ਪੁਲਸ ਨੇ ਦਾਅਵਾ ਕੀਤਾ ਹੈ ਕਿ ਇਹਨਾਂ ਦੀ ਵਰਤੋਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਲੱਖਣ ਕਲਾਂ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮੁਕੰਦਪੁਰ ਅਤੇ ਬਹਿਰਾਮ ਵਿਖੇ ਅੰਜਾਮ ਦਿੱਤੀਆਂ ਗਈਆਂ ਵਾਰਦਾਤਾਂ ਦੌਰਾਨ ਕੀਤਾ ਗਿਆ ਹੈ। ਹਾਲਾਂਕਿ ਪੁਲਸ ਵੱਲੋਂ ਐੱਸ ਸੁਧੀਰ ਸਵੀਟਸ ਦੀ ਦੁਕਾਨ 'ਤੇ ਦੋਸ਼ੀਆਂ ਨੇ ਗੋਲੀਆਂ ਕਿਉਂ ਚਲਾਈਆਂ ਸਨ ਅਤੇ ਇਸਦੇ ਪਿੱਛੇ ਕੀ ਵੱਡੀ ਸਾਜਿਸ਼ ਰਹੀ ਹੈ, ਇਸ ਸਬੰਧੀ ਅਧਿਕਾਰਕ ਤੌਰ 'ਤੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਜਿਸ ਦੇ ਚਲਦਿਆਂ ਗੋਲੀਕਾਂਡ ਦੀ ਅਸਲ ਪਹੇਲੀ ਹਾਲੇ ਵੀ ਜਿਉਂ ਦੀ ਤਿਉਂ ਬਰਕਰਾਰ ਹੈ।
ਇਸ ਦੌਰਾਨ ਅੱਜ ਫਗਵਾੜਾ 'ਚ ਐੱਸਪੀ ਦਫਤਰ ਵਿਖੇ ਜ਼ਿਲ੍ਹਾ ਕਪੂਰਥਲਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਐੱਸਪੀ ਫਗਵਾੜਾ ਮਾਧਵੀ ਸ਼ਰਮਾ, ਐੱਸਪੀ ਪੀ ਐੱਸ ਵਿਰਕ, ਡੀਐੱਸਪੀ ਫਗਵਾੜਾ ਭਾਰਤ ਭੂਸ਼ਣ ਸਮੇਤ ਹੋਰ ਪੁਲਸ ਅਧਿਕਾਰੀਆਂ ਦੀ ਮੌਜੂਦਗੀ 'ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਗੋਲੀਕਾਂਡ 'ਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਰੁਪਿੰਦਰ ਸਿੰਘ ਉਰਫ ਪਿੰਦਾ ਪੁੱਤਰ ਸੁਖਬੀਰ ਸਿੰਘ ਵਾਸੀ ਪਿੰਡ ਮਹੇੜੂ ਥਾਣਾ ਸਤਨਾਮਪੁਰਾ ਜ਼ਿਲ੍ਹਾ ਕਪੂਰਥਲਾ, ਸੁਖਰਾਜ ਸਿੰਘ ਉਰਫ ਸੁੱਖਾ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਬੀੜ ਪੁਆਦ ਥਾਣਾ ਸਦਰ ਫਗਵਾੜਾ ਜ਼ਿਲ੍ਹਾ ਕਪੂਰਥਲਾ, ਕਮਲਪ੍ਰੀਤ ਸਿੰਘ ਉਰਫ ਪੀਤਾ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਸੰਧਵਾਂ ਥਾਣਾ ਬਹਿਰਾਮ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਹਰਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਖੇੜਾ ਥਾਣਾ ਸਤਨਾਮਪੁਰਾ ਜਿਲਾ ਕਪੂਰਥਲਾ ਵੱਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਦੋਸ਼ੀਆਂ ਪਾਸੋਂ ਦੋ ਵਾਹਨ ਜਿਨ੍ਹਾਂ 'ਚ ਹੁੰਡਾਈ ਵਰਨਾ ਅਤੇ ਹੁੰਡਾਈ ਵੈਨਿਊ ਸ਼ਾਮਿਲ ਹੈ ਬਰਾਮਦ ਕੀਤੀਆਂ ਹਨ। ਇਨ੍ਹਾਂ ਗੱਡੀਆਂ ਦੀ ਵਰਤੋਂ ਐੱਸ ਸੁਧੀਰ ਸਵੀਟਸ ਗੋਲੀਕਾਂਡ ਸਮੇਤ ਕੁਝ ਦਿਨ ਪਹਿਲਾਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਲੱਖਣ ਕਲਾਂ ਦੇ ਇੱਕ ਘਰ ਦੇ ਬਾਹਰ ਹੋਈ ਅੰਨ੍ਹੇਵਾਹ ਫਾਇਰਿੰਗ ਸਮੇਤ 15 ਤੋਂ 20 ਦਿਨ ਪਹਿਲਾਂ ਬਹਿਰਾਮ ਅਤੇ ਮੁਕੰਦਪੁਰ ਵਿਖੇ ਅੰਜਾਮ ਦਿੱਤੇ ਗਏ ਗੋਲੀਕਾਂਡਾਂ ਵਿੱਚ ਵੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਗੱਡੀਆਂ ਦੋਸ਼ੀਆਂ ਦੀਆਂ ਹੀ ਹਨ।
ਐੱਸਐੱਸਪੀ ਤੂਰਾ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਲੱਖਣ ਕਲਾਂ ਚ 8 ਜਨਵਰੀ ਨੂੰ ਇੱਕ ਘਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਸਨ। ਇਸ ਮਾਮਲੇ ਦੀ ਜਾਂਚ ਦੇ ਦੌਰਾਨ ਪੁਲਸ ਨੂੰ ਅਹਿਮ ਲੀਡ ਮਿਲੀ ਕਿ ਇਹ ਗੋਲੀਕਾਂਡ ਫਗਵਾੜਾ 'ਚ ਹੋਏ ਐੱਸ ਸੁਧੀਰ ਸਵੀਟਸ ਗੋਲੀਕਾਂਡ ਦੇ ਨਾਲ ਜੁੜਿਆ ਹੋਇਆ ਹੈ ਜਿਸ ਤੋਂ ਬਾਅਦ ਚੱਲੀ ਪੁਲਸ ਤਫਤੀਸ਼ ਚ ਦੋਸ਼ੀਆਂ ਨੂੰ ਪੁਲਸ ਵੱਲੋਂ ਛਾਪੇਮਾਰੀ ਆਪਰੇਸ਼ਨ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਹਰਜੀਤ ਸਿੰਘ ਨੇ ਐੱਸ ਸੁਧੀਰ ਸਵੀਟਸ ਦੀ ਦੁਕਾਨ 'ਤੇ ਗੋਲੀਆਂ ਚਲਾਈਆਂ ਸਨ। ਐੱਸਐੱਸਪੀ ਤੂਰਾ ਨੇ ਦੱਸਿਆ ਕਿ ਹਾਲੇ ਤੱਕ ਹੋਈ ਪੁਲਸ ਜਾਂਚ 'ਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦਾ ਕੋਈ ਪੁਰਾਣਾ ਅਪਰਾਧਿਕ ਟਰੈਕ ਰਿਕਾਰਡ ਸਾਹਮਣੇ ਨਹੀਂ ਆਇਆ ਹੈ। ਦੋਸ਼ੀ ਜਿਆਦਾ ਪੜ੍ਹੇ ਲਿਖੇ ਵੀ ਨਹੀਂ ਹਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੇ ਇਹ ਕਬੂਲ ਕੀਤਾ ਹੈ ਕਿ ਇਹਨਾਂ ਵੱਲੋਂ ਮੁਕੰਦਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਬਹਿਰਾਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਦੋ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ।
ਪ੍ਰੈਸ ਕਾਨਫਰੰਸ ਦੌਰਾਨ ਵੱਡਾ ਖੁਲਾਸਾ ਕਰਦੇ ਹੋਏ ਐੱਸਐੱਸਪੀ ਕਪੂਰਥਲਾ ਨੇ ਦੱਸਿਆ ਕਿ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋਸ਼ੀ ਹਕੀਕਤ ਵਿਚ ਸਿਰਫ ਐੱਕਸੀਕਿਉਟਰ ਹੀ ਹਨ ਤੇ ਇਨ੍ਹਾਂ ਦੇ ਪਿੱਛੇ ਜਿਹੜਾ ਮੇਨ ਰਿੰਗ ਲੀਡਰ ਹੈ ਉਸਦੀ ਪਹਿਚਾਣ ਪੁਲਸ ਵੱਲੋਂ ਕਰ ਲਈ ਗਈ ਹੈ ਅਤੇ ਉਹ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਮੇਨ ਰਿੰਗ ਲੀਡਰ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਕਈ ਵੱਡੇ ਅਤੇ ਸਨਸਨੀਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪਰ ਉਹਨਾਂ ਵੱਲੋਂ ਰਿੰਗ ਲੀਡਰ ਵੀ ਅਸਲ ਪਛਾਣ ਸਬੰਧੀ ਮੀਡੀਆ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਅਤੇ ਕਿਹਾ ਕੀ ਪੁਲਸ ਹਾਲੇ ਜਾਂਚ ਕਰ ਰਹੀ ਹੈ ਅਤੇ ਕਿਉਂਕਿ ਮਾਮਲਾ ਗੰਭੀਰ ਹੈ ਇਸ ਲਈ ਰਿੰਗ ਲੀਡਰ ਦੀ ਅਸਲ ਪਛਾਣ ਮੀਡੀਆ ਨਾਲ ਸਾਂਝੀ ਨਹੀਂ ਕੀਤੀ ਜਾ ਰਹੀ ਹੈ।
ਐੱਸ ਸੁਧੀਰ ਸਵੀਟਸ ਗੋਲੀਕਾਂਡ ਦੇ ਤਾਰ ਵਿਦੇਸ਼ਾਂ ਨਾਲ ਜੁੜੇ ਹੋ ਸਕਦੇ ਹਨ : ਐੱਸਐੱਸਪੀ
ਐੱਸਐੱਸਪੀ ਗੌਰਵ ਤੂਰਾ ਨੇ ਪੱਤਰਕਾਰਾਂ ਵੱਲੋਂ ਪੁੱਛੇ ਜਾ ਰਹੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਫਗਵਾੜਾ ਵਿਖੇ ਐੱਸ ਸੁਧੀਰ ਸਵੀਟਸ ਦੀ ਦੁਕਾਨ 'ਤੇ ਹੋਈ ਅੰਨ੍ਹੇਵਾਹ ਫਾਇਰਿੰਗ ਦੇ ਤਾਰ ਵਿਦੇਸ਼ਾਂ ਨਾਲ ਅਤੇ ਕਿਸੀ ਵੱਡੇ ਗੈਂਗ ਨਾਲ ਜੁੜੇ ਹੋ ਸਕਦੇ ਹਨ। ਉਹਨਾਂ ਕਿਹਾ ਕਿ ਫਗਵਾੜਾ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋਸ਼ੀ ਅਸਲ ਵਿੱਚ ਐਗਜੀਕਿਊਟਰ ਹਨ ਜਿਨ੍ਹਾਂ ਵੱਲੋਂ ਇਹ ਫਾਇਰਿੰਗ ਮੇਨ ਰਿੰਗ ਲੀਡਰ ਦੇ ਇਸ਼ਾਰੇ ਤੇ ਕੀਤੀ ਗਈ ਹੈ। ਉਹਨਾਂ ਕਿਹਾ ਕਿ ਮੇਨ ਰਿੰਗ ਲੀਡਰ ਨੇ ਕਿਸ ਦੇ ਇਸ਼ਾਰੇ 'ਤੇ ਇਹ ਫਾਇਰਿੰਗ ਕੀਤੀ ਹੈ ਅਤੇ ਇਸਦੇ ਪਿੱਛੇ ਕੀ ਕਾਰਨ ਰਹੇ ਹਨ ਇਸਦੀ ਗੁੱਥੀ ਮੇਨ ਰਿੰਗ ਲੀਡਰ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਹੀ ਪੁਲਸ ਵੱਲੋਂ ਉਸ ਪਾਸੋਂ ਕੀਤੀ ਜਾਂਦੀ ਸਖਤੀ ਨਾਲ ਪੁੱਛਗਿਛ ਤੋਂ ਬਾਅਦ ਹੋ ਪਾਵੇਗੀ। ਉਹਨਾਂ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਇਹ ਸਾਰੇ ਮਾਮਲੇ ਦੇ ਪਿੱਛੇ ਕੋਈ ਵੱਡਾ ਗੈਂਗ ਸ਼ਾਮਿਲ ਰਿਹਾ ਹੋਵੇ ਜਿਸ ਦੇ ਤਾਰ ਵਿਦੇਸ਼ਾਂ ਨਾਲ ਜੁੜੇ ਹੋਏ ਹੋਣ ਜਿਨ੍ਹਾਂ ਨੇ ਇਹ ਸਾਰਾ ਮਾਮਲਾ ਲੋਕਲ ਸਪੋਰਟ ਰਾਹੀਂ ਪੂਰਾ ਕਰਵਾਈਆ ਹੋਵੋ। ਉਹਨਾਂ ਕਿਹਾ ਕਿ ਪੁਲਸ ਹਰ ਪੱਖੋਂ ਇਸ ਗੋਲੀਕਾਂਡ ਦੀ ਡੁੰਘਾਈ ਨਾਲ ਜਾਂਚ ਕਰ ਰਹੀ ਹੈ।
ਕਿਸਦੀ ਸੀ ਐਕਟਿਵਾ?
ਫਗਵਾੜਾ ਪੁਲਸ ਵੱਲੋਂ ਐੱਸ ਸੁਧੀਰ ਸਵੀਟਸ ਗੋਲੀਕਾਂਡ ਸੰਬੰਧੀ 4 ਦੋਸ਼ੀਆਂ ਦੀ ਗ੍ਰਿਫਤਾਰੀ ਕੀਤੇ ਜਾਣ ਦੇ ਮਾਮਲੇ ਚ ਇਹ ਹਾਲੇ ਵੀ ਵੱਡੀ ਬੁਝਾਰਤ ਬਣਿਆ ਹੋਇਆ ਕਿ ਦੋਸ਼ੀਆਂ ਵੱਲੋਂ ਜਿਸ ਐਕਟਿਵਾ ਦੀ ਵਰਤੋਂ ਕਰਦੇ ਹੋਏ ਇਸ ਗੋਲੀਕਾਂਡ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਫਾਇਰਿੰਗ ਕਰਨ ਤੋਂ ਬਾਅਦ ਜਿਸ ਤੇ ਸਵਾਰ ਹੋਕੇ ਉਹ ਮੌਕੇ ਤੋਂ ਫਰਾਰ ਹੋਏ ਸਨ ਉਹ ਕਿਥੇ ਹੈ? ਫਗਵਾੜਾ ਪੁਲਸ ਵੱਲੋਂ ਇਹ ਤਾਂ ਸਾਫ ਕਰ ਦਿੱਤਾ ਗਿਆ ਹੈ ਕਿ ਦੋਸ਼ੀਆਂ ਵੱਲੋਂ ਅੰਜਾਮ ਦਿੱਤੀਆਂ ਗਈਆਂ ਵਾਰਦਾਤਾਂ ਨੂੰ ਆਪਣੇ ਨਿਜੀ ਹੁੰਡਾਈ ਵਰਨਾ ਅਤੇ ਹੁੰਡਾਈ ਵੈਨਿਊ ਗੱਡੀਆਂ ਦੀ ਵਰਤੋਂ ਕਰਦੇ ਹੋਏ ਅੰਜਾਮ ਦਿੱਤਾ ਗਿਆ ਜਾਂਦਾ ਰਿਹਾ ਹੈ ਪਰ ਇਹ ਬੁਝਾਰਤ ਹਾਲੇ ਵੀ ਬਰਕਰਾਰ ਹੈ ਕੀ ਦੋਸ਼ੀਆਂ ਵੱਲੋਂ ਵਰਤੀ ਗਈ ਉਹ ਐਕਟੀਵਾ ਕਿਸਦੀ ਸੀ ਅਤੇ ਵਾਰਦਾਤ ਤੋਂ ਬਾਅਦ ਦੋਸ਼ੀਆਂ ਨੇ ਉਸ ਦਾ ਕੀ ਕੀਤਾ ਹੈ? ਇਸ ਸਬੰਧੀ ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਨੇ ਕਿਹਾ ਹੈ ਕਿ ਪੁਲਸ ਹਰ ਪੱਖੋ ਜਾਂਚ ਕਰ ਰਹੀ ਹੈ ਅਤੇ ਇਹ ਵੀ ਪਤਾ ਲਗਾਈਆ ਜਾਵੇਗਾ ਕਿ ਉਹ ਐਕਟੀਵਾ ਕਿਥੇ ਹੈ ਅਤੇ ਕਿਸਦੀ ਸੀ ਜੋ ਵਾਰਦਾਤ ਦੇ ਸਮੇਂ ਵਰਤੀ ਗਈ ਹੈ।
ਅਸਲਾ ਵੀ ਨਹੀਂ ਹੋਇਾ ਬਰਾਮਦ
ਫਗਵਾੜਾ 'ਚ ਐੱਸ ਸੁਧੀਰ ਸਵੀਟਸ ਗੋਲੀਕਾਂਡ ਨੂੰ ਅੰਜਾਮ ਦੇਣ ਦੌਰਾਨ ਦੋਸ਼ੀਆਂ ਵੱਲੋਂ ਵਰਤੇ ਗਏ ਅਸਲੇ ਨੂੰ ਵੀ ਹਾਲੇ ਪੁਲਸ ਵੱਲੋਂ ਬਰਾਮਦ ਕੀਤਾ ਜਾਣਾ ਬਾਕੀ ਹੈ। ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਨੇ ਦੱਸਿਆ ਕਿ ਪੁਲਸ ਵੱਲੋਂ ਦੋਸ਼ੀਆਂ ਨੂੰ ਅੱਜ ਅਦਾਲਤ ਚ ਪੇਸ਼ ਕਰ ਪੁਲਸ ਰਿਮਾਂਡ ਤੇ ਲਿਆ ਜਾਵੇਗਾ ਅਤੇ ਇਸ ਦੌਰਾਨ ਇਹਨਾਂ ਤੋ ਕੀਤੇ ਜਾਣ ਵਾਲੀ ਪੁੱਛਗਿਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ! ਕੈਨੇਡਾ 'ਚ ਪੰਜਾਬੀ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ
NEXT STORY