ਅੰਮ੍ਰਿਤਸਰ (ਅਨਜਾਣ): ਅੰਮ੍ਰਿਤ ਵੇਲੇ ਤੋਂ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਆਈਆਂ ਸੰਗਤਾਂ ਨੂੰ ਕਈ ਘੰਟੇ ਪੁਲਸ ਨਾਕਿਆਂ 'ਤੇ ਇੰਤਜ਼ਾਰ ਕਰਨ ਉਪਰੰਤ ਵੀ ਵਾਪਸ ਪਰਤਣਾ ਪਿਆ। ਪਰ ਦੁਪਹਿਰ ਬਾਅਦ ਕੁਝ ਟਾਵੀਆਂ-ਟਾਵੀਆਂ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਦਰਸ਼ਨ ਦੀਦਾਰੇ ਕਰਨ ਲਈ ਜਾਣ ਦਿੱਤਾ ਗਿਆ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਉਪਰੰਤ ਸੰਗਤਾਂ ਨੇ ਪਰਿਕਰਮਾ ਦੇ ਇਸ਼ਨਾਨ ਦੀ ਸੇਵਾ ਕੀਤੀ। ਸ੍ਰੀ ਹਰਿਮੰਦਰ ਸਾਹਿਬ ਦੀ ਮਰਿਯਾਦਾ ਤਿੰਨ ਪਹਿਰੇ ਦੀਆਂ ਸੰਗਤਾਂ ਤੇ ਡਿਊਟੀ ਸੇਵਾਦਾਰਾਂ ਨੇ ਸਾਰਾ ਦਿਨ ਸੰਭਾਲੀ। ਇਲਾਹੀ ਬਾਣੀ ਦੇ ਕੀਰਤਨ ਦੇ ਇਲਾਵਾ ਸਵੇਰੇ-ਸ਼ਾਮ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਵਿਖਿਆਣ ਹੋਏ।
ਪਿਆਰਾ ਪ੍ਰਭੂ ਆਪ ਹੀ ਜੀਵਾਂ ਨੂੰ ਕੁਰਾਹੇ ਪਾ ਦਿੰਦਾ ਹੈ ਤੇ ਆਪ ਹੀ ਜ਼ਿੰਦਗੀ ਦਾ ਸਹੀ ਰਸਤਾ ਵਿਖਾਉਂਦਾ ਹੈ: ਗਿਆਨੀ ਸੁਖਜਿੰਦਰ ਸਿੰਘ
ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸੋਰਠਿ ਮਹਲਾ 4 ਘਰੁ ਪਹਿਲਾ ਦੀ ਬਾਣੀ ਦੇ ਅੱਜ ਦੇ ਮੁੱਖ ਵਾਕ ਦੀ ਕਥਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਰਦਿਆਂ ਗੁਰਬਾਣੀ ਅਨੁਸਾਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਪਿਆਰਾ ਪ੍ਰਭੂ ਆਪ ਹੀ ਜੀਵਾਂ ਨੂੰ ਕੁਰਾਹੇ ਪਾ ਦਿੰਦਾ ਹੈ ਤੇ ਆਪ ਹੀ ਜ਼ਿੰਦਗੀ ਦਾ ਸਹੀ ਰਸਤਾ ਵਿਖਾਉਂਦਾ ਹੈ। ਉਨ੍ਹਾਂ ਆਪਣੀ ਕਥਾ 'ਚ ਕਿਹਾ ਕਿ ਪ੍ਰਭੂ ਆਪ ਹੀ ਹਰ ਥਾਂ ਵਿਆਪਕ ਹੈ। ਆਪ ਹੀ ਨਿਰਲੇਪ ਵੀ ਹੈ।
ਜਗਤ ਵਣਜਾਰਾ ਤੇ ਸਦਾ ਕਾਇਮ ਰਹਿਣ ਵਾਲਾ ਸ਼ਾਹੂਕਾਰ ਵੀ ਆਪ ਹੀ ਹੈ। ਪ੍ਰਭੂ ਆਪ ਹੀ ਵਣਜ ਹੈ ਤੇ ਆਪ ਹੀ ਵਪਾਰ ਕਰਨ ਵਾਲਾ ਹੈ। ਉਹ ਸਦਾ ਥਿਰ ਰਹਿਣ ਵਾਲਾ ਸਰਮਾਇਆ ਹੈ। ਹੇ ਮੇਰੇ ਮਨ ਸਦਾ ਪਰਮਾਤਮਾ ਦਾ ਨਾਮ ਸਿਮਰਿਆਂ ਕਰ, ਸਿਫ਼ਤ ਸਲਾਹ ਕਰਿਆ ਕਰ। ਉਨ੍ਹਾਂ ਕਿਹਾ ਕਿ ਪ੍ਰਭੂ ਹਰ ਥਾਂ ਆਪ ਹੀ ਆਪ ਹੈ। ਉਹ ਦਇਆ ਦਾ ਸੋਮਾ ਹੈ ਤੇ ਆਪ ਹੀ ਬਖਸ਼ਿਸ਼ ਕਰਕੇ ਆਪਣੇ ਪੈਦਾ ਕੀਤੇ ਹੋਏ ਜੀਵਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
PGI 'ਚ ਬਿਨਾਂ ਪੀ. ਪੀ. ਈ. ਕਿੱਟਾਂ ਦੇ ਕੀਤਾ ਆਪਰੇਸ਼ਨ, ਸਟਾਫ 'ਤੇ ਮੰਡਰਾਇਆ ਖਤਰਾ
NEXT STORY