ਲੁਧਿਆਣਾ (ਕੁਲਵੰਤ)-ਉੱਚ ਅਦਾਲਤ 'ਚ ਪੁਲਸ ਖਿਲਾਫ ਹੀ ਗਲਤ ਬਿਆਨਬਾਜ਼ੀ ਕਰਨ ਦੇ ਦੋਸ਼ 'ਚ ਪੁਲਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਥਾਣਾ ਡਵੀਜ਼ਨ ਨੰ. 8 ਦੇ ਮੁਖੀ ਇੰਸਪੈਕਟਰ ਜਗਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਸਾਰੇ ਕੇਸ ਦੀ ਪੁਸ਼ਟੀ ਕਰਦੇ ਹੋਏ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਡਰੱਗ ਦੇ ਇਕ ਕੇਸ 'ਚ ਉੱਚ ਅਦਾਲਤ ਨੇ ਸੀ. ਆਈ. ਏ. ਪੁਲਸ ਨੂੰ ਤਲਬ ਕੀਤਾ ਸੀ, ਜਿਸ 'ਚ ਦੋਸ਼ੀ ਸਬੰਧੀ ਉਥੇ ਬਿਆਨ ਦੇਣਾ ਸੀ ਪਰ ਜਗਜੀਤ ਨੇ ਪੁਲਸ ਪਾਰਟੀ ਦੇ ਖਿਲਾਫ ਹੀ ਗਲਤ ਬਿਆਨਬਾਜ਼ੀ ਕਰ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਮੁਅੱਤਲ ਕੀਤਾ ਹੈ।
ਸੂਤਰਾਂ ਅਨੁਸਾਰ 2010 'ਚ ਮਸਲ ਵਰਧਕ ਡਰੱਗਜ਼ ਮਿਲਣ ਦੇ ਕੇਸ 'ਚ ਪੁਲਸ ਨੇ ਨਵੀਸ਼ ਅਰੋੜਾ ਨਾਮੀ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਉਹ ਆਪਣੇ ਅਕਾਵਾਂ ਦੀ ਸ਼ਰਨ 'ਚ ਚਲਾ ਗਿਆ ਤੇ ਘੁੰਮਦਾ ਰਿਹਾ।
ਹਾਲ ਹੀ 'ਚ ਨਵੇਂ ਨਿਯੁਕਤ ਹੋਏ ਜਗਦੀਪ ਨੇ ਉਸ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਪਤਾ ਲੱਗਾ ਕਿ ਉਸ ਕੋਲੋਂ ਪੁਲਸ ਨੇ ਬਰੀਕੀ ਨਾਲ ਪੁੱਛਗਿੱਛ ਨਹੀਂ ਕੀਤੀ ਸੀ। ਇਸ ਗੱਲ ਦਾ ਨੋਟਿਸ ਲੈਂਦੇ ਹੋਏ ਉੱਚ-ਅਦਾਲਤ ਨੇ ਪੁਲਸ ਨੂੰ ਤਲਬ ਕੀਤਾ ਕਿ ਆਖਿਰ ਪੂਰੀ ਰਿਕਵਰੀ ਕਿਉਂ ਨਹੀਂ ਕੀਤੀ ਗਈ ਸੀ। ਇਸ ਤੋਂ ਇਲਾਵਾ ਇਸ ਦੇ ਸਾਥੀ ਕੌਣ ਸਨ ਤੇ ਇਸ ਦੇ ਕੋਲ ਕੌਣ-ਕੌਣ ਕੰਮ ਕਰਦਾ ਸੀ। ਇਸੇ ਮਾਮਲੇ 'ਚ ਥਾਣਾ ਮੁਖੀ ਨੇ ਜਵਾਬ ਅਦਾਲਤ ਨੂੰ ਦੇਣਾ ਸੀ।
ਸੂਤਰ ਦੱਸਦੇ ਹਨ ਕਿ ਥਾਣਾ ਮੁਖੀ ਨੇ ਅਦਾਲਤ 'ਚ ਸਾਫ ਕਹਿ ਦਿੱਤਾ ਕਿ ਉਸ ਨੂੰ ਦੋਸ਼ੀ ਦੀ ਜਾਂਚ ਹੀ ਨਹੀਂ ਕਰਨ ਦਿੱਤੀ ਗਈ, ਜਿਸ 'ਤੇ ਅਦਾਲਤ ਨੇ ਉਸ ਦੇ ਬਿਆਨ ਕਲਮਬੱਧ ਕਰ ਲਏ। ਇਸ ਗੱਲ ਦਾ ਪਤਾ ਜਦੋਂ ਕਮਿਸ਼ਨਰੇਟ ਪੁਲਸ ਨੂੰ ਲੱਗਾ ਕਿ ਇਕ ਇੰਸਪੈਕਟਰ ਨੇ ਹੀ ਪੁਲਸ ਦੇ ਵਿਰੁੱਧ ਗਲਤ ਬਿਆਨਬਾਜ਼ੀ ਕੀਤੀ ਹੈ ਤਾਂ ਕੇਸ ਪੁਲਸ ਕਮਿਸ਼ਨਰ ਦੇ ਨੋਟਿਸ 'ਚ ਲਿਆਂਦਾ, ਜਿਸ ਤੋਂ ਬਾਅਦ ਥਾਣਾ ਮੁਖੀ ਨੂੰ ਮੁਅੱਤਲ ਕਰ ਦਿੱਤਾ। ਇਸ ਸਬੰਧੀ ਜਦੋਂ ਜਗਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਸ ਦਾ ਸਿਰਫ ਇੰਨਾ ਹੀ ਕਹਿਣਾ ਸੀ ਕਿ ਉਸ ਨੇ ਤਾਂ ਸੱਚ ਬੋਲਿਆ ਹੈ।
ਕੂੜਾ ਸੁੱਟਣ ਗਈ ਔਰਤ ਨਾਲ ਕੀਤਾ ਬਲਾਤਕਾਰ, ਮਾਮਲਾ ਦਰਜ
NEXT STORY