ਬਠਿੰਡਾ (ਵਿਜੇ ਵਰਮਾ) : ਜ਼ਿਲ੍ਹੇ ਦੇ ਪਿੰਡ ਗੁਰੂਸਰ ਜੱਗਾ 'ਚ ਪੰਜਾਬ ਪੁਲਸ ਨਾਲ ਜੁੜੇ ਦੱਸੇ ਜਾ ਰਹੇ ਦੋ ਵਿਅਕਤੀਆਂ ‘ਤੇ ਦਿਨ-ਦਿਹਾੜੇ 15 ਏਕੜ ਕਣਕ ਦੀ ਫ਼ਸਲ ਜ਼ਬਰਦਸਤੀ ਕਟਵਾ ਕੇ ਲੈ ਜਾਣ ਦੇ ਸਨਸਨੀਖੇਜ਼ ਦੋਸ਼ ਲੱਗੇ ਹਨ। ਸ਼ਿਕਾਇਤ ਮਿਲਦੇ ਹੀ ਥਾਣਾ ਤਲਵੰਡੀ ਸਾਬੋ ਪੁਲਸ ਨੇ ਨਾਮਜ਼ਦ ਦੋਸ਼ੀਆਂ ਸਮੇਤ ਕੁੱਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਅਕਵਿੰਦਰ ਕੌਰ ਨੇ ਦੱਸਿਆ ਕਿ ਉਸਦਾ ਪਤੀ ਅਮਨਿੰਦਰ ਸਿੰਘ ਇੱਕ ਕਤਲ ਕੇਸ 'ਚ ਜੇਲ੍ਹ 'ਚ ਬੰਦ ਹੈ ਅਤੇ ਉਸਦੇ ਨਾਂ ‘ਤੇ ਕਰੀਬ 17 ਏਕੜ ਜ਼ਮੀਨ ਹੈ। ਇਸ ਸਾਲ ਕਣਕ ਦੀ ਫ਼ਸਲ ਦੀ ਕਟਾਈ ਉਸਦੇ ਭਰਾ ਸੈਲਦੀਪ ਸਿੰਘ ਵੱਲੋਂ ਕਰਵਾਈ ਗਈ ਸੀ, ਜਿਸ ਨੂੰ ਅਸਥਾਈ ਤੌਰ ‘ਤੇ ਤਲਵੰਡੀ ਸਾਬੋ ਨਿਵਾਸੀ ਖੇਤਾ ਸਿੰਘ ਕੋਲ ਰਖਵਾਇਆ ਗਿਆ ਸੀ।
ਦੋਸ਼ ਹੈ ਕਿ 9 ਅਪ੍ਰੈਲ 2026 ਨੂੰ ਦੁਪਹਿਰ ਕਰੀਬ 12 ਵਜੇ ਵੀਰਪਾਲ ਕੌਰ ਅਤੇ ਉਸਦਾ ਪਤੀ ਸੁਖਵਿੰਦਰ ਸਿੰਘ, ਜੋ ਮਾਨਸਾ 'ਚ ਪੁਲਸ ਵਿਭਾਗ 'ਚ ਤਾਇਨਾਤ ਦੱਸੇ ਜਾ ਰਹੇ ਹਨ, ਆਪਣੇ ਸਾਥੀਆਂ ਨਾਲ ਖੇਤ 'ਚ ਪਹੁੰਚੇ। ਟਰੈਕਟਰ-ਟਰਾਲੀਆਂ ਅਤੇ ਕੰਬਾਈਨ ਮਸ਼ੀਨ ਨਾਲ ਕਰੀਬ 15 ਏਕੜ ਕਣਕ ਦੀ ਫ਼ਸਲ ਕਟਵਾ ਕੇ ਜ਼ਬਰਦਸਤੀ ਲੈ ਗਏ। ਉਨ੍ਹਾਂ ਨਾਲ ਗੁਰਵਿੰਦਰ ਸਿੰਘ ਨਿਵਾਸੀ ਗੁਰੂਸਰ ਜੱਗਾ ਸਮੇਤ ਹੋਰ ਵਿਅਕਤੀ ਵੀ ਮੌਜੂਦ ਸਨ। ਪੀੜਤਾ ਦੇ ਮੁਤਾਬਕ ਜਦੋਂ ਉਸਨੇ ਅਤੇ ਉਸਦੇ ਭਰਾ ਨੇ ਵਿਰੋਧ ਕੀਤਾ ਤਾਂ ਦੋਸ਼ੀਆਂ ਨੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਸ ਨੇ ਵੀਰਪਾਲ ਕੌਰ, ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ ਸਮੇਤ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਘਟਨਾ ਨੇ ਪੁਲਸ ਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਫਾਜ਼ਿਲਕਾ 'ਚ ਦਰਦਨਾਕ ਹਾਦਸਾ : ਕੰਬਾਈਨ ਤੋਂ ਡਿੱਗਣ ਕਾਰਨ ਮਜ਼ਦੂਰ ਦੀ ਮੌਤ
NEXT STORY