ਗੁਰਾਇਆ(ਮੁਨੀਸ਼)-ਪਿੰਡ ਕੋਟਲੀ ਖੱਖਿਆਂ ਵਿਖੇ ਕੈਨੇਡਾ ਤੋਂ ਆਏ ਐੱਨ. ਆਰ. ਆਈ. ਮੱਖਣ ਸਿੰਘ ਤੇ ਉਸ ਦੇ ਘਰ ਦੇ ਬਾਹਰ ਹੀ ਸਕੋਡਾ ਗੱਡੀ 'ਚ ਆਏ ਚਾਰ ਹਮਲਾਵਰਾਂ ਵੱਲੋਂ ਗੋਲੀ ਚਲਾ ਕੇ ਹਮਲਾ ਕੀਤਾ ਗਿਆ ਸੀ। ਹਮਲਾਵਰਾਂ ਦੀ ਕਾਰ ਖੇਤਾਂ ਵਿਚ ਹੀ ਫਸ ਗਈ ਸੀ, ਜੋ ਪੁਲਸ ਨੇ ਆਪਣੇ ਕਬਜ਼ੇ ਵਿਚ ਲਈ ਹੋਈ ਹੈ ਤੇ ਅਣਪਛਾਤੇ ਹਮਲਾਵਰਾਂ ਖਿਲਾਫ਼ ਥਾਣਾ ਗੁਰਾਇਆ ਵਿਖੇ ਮਾਮਲਾ ਦਰਜ ਕਰ ਲਿਆ ਸੀ। ਵਾਰਦਾਤ ਤੋਂ ਬਾਅਦ ਐੱਸ. ਪੀ. ਡੀ. ਬਲਕਾਰ ਸਿੰਘ ਖੁਦ ਮੌਕੇ 'ਤੇ ਪਹੁੰਚੇ ਸਨ ਤੇ ਉਦੋਂ ਤੋਂ ਹੀ ਇਸ ਕੇਸ ਦੀ ਪੈਰਵੀ ਉਹ ਖੁਦ ਕਰ ਰਹੇ ਹਨ। ਉਨ੍ਹਾਂ ਨਾਲ ਸੀ. ਆਈ. ਏ . ਜਲੰਧਰ ਦਿਹਾਤੀ ਦੀ ਟੀਮ ਵੱਲੋਂ ਇਸ ਕੇਸ ਵਿਚ ਹੁਸ਼ਿਆਰਪੁਰ ਤੋਂ ਇਲਾਵਾ ਹੋਰ ਕੁੱਝ ਇਲਾਕਿਆਂ ਤੋਂ ਸ਼ੱਕੀ ਲੋਕਾਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਸੂਚਨਾ ਮਿਲੀ ਸੀ ਪਰ ਪੁਲਸ ਵੱਲੋਂ ਅਜੇ ਤੱਕ ਇਸ ਮਾਮਲੇ ਵਿਚ ਕੋਈ ਵੀ ਪੁਸ਼ਟੀ ਨਹੀਂ ਕੀਤੀ ਜਾ ਰਹੀ। ਮੰਗਲਵਾਰ ਦੇਰ ਰਾਤ ਥਾਣਾ ਗੁਰਾਇਆ ਵਿਖੇ ਮਾਣਯੋਗ ਹਾਈਕੋਰਟ ਤੋਂ ਵਾਰੰਟ ਅਫ਼ਸਰ ਹੁਸਨ ਲਾਲ ਵੱਲੋਂ ਛਾਪੇਮਾਰੀ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਸ਼ਿਵ ਨਾਥ ਪੁੱਤਰ ਪ੍ਰੇਮ ਨਾਥ ਵਾਸੀ ਬਜਵਾੜਾ ਹੁਸ਼ਿਆਰਪੁਰ ਦੀ ਸ਼ਿਕਾਇਤ 'ਤੇ ਛਾਪੇਮਾਰੀ ਹੋਈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਵੱਲੋਂ ਇਸ ਗੋਲੀ ਕਾਂਡ ਦੇ ਕੇਸ ਵਿਚ ਸੂਰਜ ਨਾਥ ਅਤੇ ਚੰਦਨ ਨਾਥ ਨਾਂ ਦੇ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਜਿਨ੍ਹਾਂ ਵਿਚੋਂ ਸੂਰਜ ਨਾਥ ਨੂੰ ਪੁਲਸ ਨੇ ਪੁੱਛਗਿੱਛ ਮਗਰੋਂ ਛੱਡ ਦਿੱਤਾ ਪਰ ਚੰਦਨ ਨਾਥ ਨੂੰ ਪੁਲਸ ਹਿਰਾਸਤ ਵਿਚ ਰੱਖੇ ਜਾਣ ਕਾਰਨ ਵਾਰੰਟ ਅਫ਼ਸਰ ਵੱਲੋਂ ਗੁਰਾਇਆ ਥਾਣੇ ਵਿਖੇ ਛਾਪੇਮਾਰੀ ਕੀਤੀ ਗਈ ਹੈ ਪਰ ਉਨ੍ਹਾਂ ਨੂੰ ਮੌਕੇ 'ਤੇ ਚੰਦਨ ਨਾਥ ਨਹੀਂ ਮਿਲਿਆ। ਵੀਰਵਾਰ ਨੂੰ ਪੁਲਸ ਇਸ ਮਾਮਲੇ 'ਚ ਖੁਲਾਸਾ ਕਰ ਸਕਦੀ ਹੈ।
ਕਾਰ 'ਚੋਂ ਨਕਦੀ ਵਾਲਾ ਲਿਫਾਫਾ ਚੁੱਕ ਕੇ ਫਰਾਰ ਹੋਏ ਨੌਸਰਬਾਜ਼
NEXT STORY