ਗੋਨਿਆਣਾ ਮੰਡੀ (ਗੋਰਾ ਲਾਲ) : ਬਸੰਤ ਪੰਚਮੀ ਦੇ ਮੌਕੇ ਜਿੱਥੇ ਇਲਾਕੇ ’ਚ ਪਤੰਗਬਾਜ਼ੀ ਦੀ ਰੌਣਕ ਦਿਖਾਈ ਦਿੱਤੀ, ਉੱਥੇ ਹੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਨੂੰ ਯਕੀਨੀ ਬਣਾਉਣ ਲਈ ਥਾਣਾ ਨੇਹੀਆਂਵਾਲਾ ਦੇ ਮੁੱਖ ਅਫ਼ਸਰ ਦਿਲਬਾਗ ਸਿੰਘ ਬਰਾੜ ਨੇ ਪਤੰਗ ਅਤੇ ਡੋਰ ਵੇਚਣ ਵਾਲੀਆਂ ਦੁਕਾਨਾਂ ਦੀ ਵਿਸ਼ੇਸ਼ ਚੈਕਿੰਗ ਕਰਵਾਈ। ਇਸ ਚੈਕਿੰਗ ਦੌਰਾਨ ਖਾਸ ਤੌਰ ’ਤੇ ਜਾਨਲੇਵਾ ਚਾਈਨਾ ਡੋਰ 'ਤੇ ਨਜ਼ਰ ਰੱਖੀ ਗਈ ਅਤੇ ਦੁਕਾਨਦਾਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਕਿ ਕਿਸੇ ਵੀ ਕੀਮਤ ’ਤੇ ਚਾਈਨਾ ਡੋਰ ਦੀ ਵਿਕਰੀ ਨਾ ਕੀਤੀ ਜਾਵੇ, ਨਹੀਂ ਤਾਂ ਕਾਨੂੰਨੀ ਕਾਰਵਾਈ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ। ਪੁਲਸ ਟੀਮਾਂ ਨੇ ਕੇਵਲ ਬਜ਼ਾਰਾਂ ਤੱਕ ਹੀ ਸੀਮਤ ਨਹੀਂ ਰਹਿੰਦਿਆਂ, ਉਨ੍ਹਾਂ ਥਾਵਾਂ ਅਤੇ ਛੱਤਾਂ ਉੱਪਰ ਵੀ ਚੈਕਿੰਗ ਕੀਤੀ, ਜਿੱਥੇ ਲੋਕ ਪਤੰਗ ਉਡਾ ਰਹੇ ਸਨ, ਤਾਂ ਜੋ ਕੋਈ ਅਣਚਾਹੀ ਘਟਨਾ ਨਾ ਵਾਪਰੇ। ਇਸ ਮੌਕੇ ਬੱਚਿਆਂ ਅਤੇ ਨੌਜਵਾਨਾਂ ਨੂੰ ਸਮਝਾਇਆ ਗਿਆ ਕਿ ਪਤੰਗ ਉਡਾਉਂਦੇ ਸਮੇਂ ਪੂਰਾ ਧਿਆਨ ਰੱਖਿਆ ਜਾਵੇ।
ਸੜਕਾਂ, ਬਿਜਲੀ ਦੀਆਂ ਤਾਰਾਂ ਅਤੇ ਆਵਾਜਾਈ ਵਾਲੀਆਂ ਥਾਵਾਂ ਤੋਂ ਦੂਰ ਰਿਹਾ ਜਾਵੇ। ਇਨ੍ਹਾਂ ਦੇ ਨਾਲ-ਨਾਲ ਗਲੀਆਂ ਅਤੇ ਬਾਜ਼ਾਰਾਂ ’ਚ ਉੱਚੀ ਆਵਾਜ਼ ’ਚ ਸਪੀਕਰ ਲਾ ਕੇ ਗਾਣੇ ਵਜਾ ਰਹੇ ਵਿਅਕਤੀਆਂ ਨੂੰ ਵੀ ਪੁਲਸ ਵੱਲੋਂ ਰੋਕਿਆ ਗਿਆ ਅਤੇ ਉਨ੍ਹਾਂ ਨੂੰ ਨਰਮ ਪਰ ਸਪਸ਼ਟ ਸ਼ਬਦਾਂ ’ਚ ਆਵਾਜ਼ ਘੱਟ ਰੱਖਣ ਦੀ ਅਪੀਲ ਕੀਤੀ ਗਈ, ਤਾਂ ਜੋ ਬਜ਼ੁਰਗਾਂ, ਬੀਮਾਰਾਂ ਅਤੇ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਵੇ। ਮੁੱਖ ਅਫ਼ਸਰ ਦਿਲਬਾਗ ਸਿੰਘ ਬਰਾੜ ਨੇ ਕਿਹਾ ਕਿ ਬਸੰਤ ਪੰਚਮੀ ਖੁਸ਼ੀਆਂ ਦਾ ਤਿਉਹਾਰ ਹੈ ਪਰ ਖੁਸ਼ੀਆਂ ਨਾਲ ਸੁਰੱਖਿਆ ਵੀ ਲਾਜ਼ਮੀ ਹੈ। ਇਸ ਲਈ ਪੁਲਸ ਦੀ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ, ਤਾਂ ਜੋ ਹਰ ਨਾਗਰਿਕ ਬਿਨਾਂ ਡਰ ਦੇ ਤਿਉਹਾਰ ਮਨਾਵੇ।
ਪੰਜਾਬ: ਕਾਂਗਰਸੀ ਆਗੂ ਦੇ 16 ਸਾਲਾ ਪੁੱਤ 'ਤੇ ਪਰਚਾ! ਭੜਕੇ ਆਗੂ ਬੋਲੇ- 'ਨੀਵੇਂ ਪੱਧਰ ਦੀ ਸਿਆਸਤ 'ਤੇ ਉਤਰੀ ਸੱਤਾਧਿਰ'
NEXT STORY