ਬਠਿੰਡਾ - ਪਿੰਡ ਸੰਦੋਹਾ ਦੇ ਰਜਬਾਹੇ 'ਚੋਂ 3 ਜ਼ਿੰਦਾ ਗ੍ਰਨੇਡ ਬੰਬ ਬਰਾਮਦ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਹੀ ਇਕ ਵਿਅਕਤੀ ਨੇ ਸੁੱਕੇ ਪਏ ਰਜਬਾਹੇ 'ਚ ਗ੍ਰਨੇਡ ਬੰਬ ਪਏ ਦੇਖੇ, ਜਿਸ 'ਤੇ ਉਸ ਨੇ ਪਿੰਡ ਦੇ ਸਰਪੰਚ ਨੂੰ ਬੁਲਾਇਆ, ਜਿਸ ਨੇ ਥਾਣਾ ਮੌੜ ਮੰਡੀ ਵਿਖੇ ਇਤਲਾਹ ਕੀਤੀ। ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਉਕਤ ਬੰਬਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਲੋਕਾਂ ਨੂੰ ਉਥੋਂ ਦੂਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਤਲਵੰਡੀ ਸਾਬੋ ਤੋਂ ਇਕ ਬੰਬ ਮਿਲਿਆ ਸੀ। ਇਸ ਤੋਂ ਪਹਿਲਾਂ ਮੌੜ ਮੰਡੀ 'ਚ ਕੂਕਰ ਬੰਬ ਕਾਂਡ ਵਾਪਰਿਆ, ਜਿਸ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਆਜ਼ਾਦੀ ਦਿਹਾੜਾ ਵੀ ਨੇੜੇ ਹੀ ਹੈ। ਇਨ੍ਹਾਂ ਗੱਲਾਂ ਸਦਕਾ ਇਲਾਕੇ 'ਚ ਦਹਿਸ਼ਤ ਫੈਲ ਗਈ ਹੈ।
ਕੀ ਕਹਿਣੈ ਥਾਣਾ ਮੁਖੀ ਦਾ?
ਥਾਣਾ ਮੁਖੀ ਸੰਦੀਪ ਭਾਟੀਆ ਨੇ ਦੱਸਿਆ ਕਿ ਬੰਬ ਜ਼ਿੰਦਾ ਹਨ, ਜਿਨ੍ਹਾਂ ਨੂੰ ਇਕ ਪਾਸੇ ਰੱਖ ਕੇ ਇਨ੍ਹਾਂ 'ਤੇ ਮਿੱਟੀ ਦੇ ਗੱਟੇ ਆਦਿ ਰੱਖ ਦਿੱਤੇ ਹਨ। ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੇ ਹੁਕਮਾਂ ਉਪਰੰਤ ਹੀ ਅਗਲੀ ਕਾਰਵਾਈ ਹੋ ਸਕੇਗੀ।
ਤਖ਼ਤ ਸਾਹਿਬ ਦੇ ਸਰੋਵਰ 'ਚੋਂ ਮਿਲਿਆ ਬੰਬ ਵੀ ਅਜੇ ਤੱਕ ਰੁਲ ਰਿਹੈ
ਕੁਝ ਦਿਨ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਰੋਵਰ ਦੀ ਸਫਾਈ ਚੱਲ ਰਹੀ ਸੀ, ਜਿਸ 'ਚੋਂ ਇਕ ਗ੍ਰਨੇਡ ਬੰਬ ਮਿਲਿਆ ਸੀ। ਪੁਲਸ ਨੇ ਬੰਬ ਆਪਣੇ ਕਬਜ਼ੇ 'ਚ ਲੈ ਕੇ ਇਸ ਨੂੰ ਥਾਣੇ ਦੇ ਸਾਹਮਣੇ ਮਿੱਟੀ ਦੇ ਗੱਟਿਆਂ ਹੇਠ ਰੱਖ ਦਿੱਤਾ ਸੀ, ਜਿਸ 'ਤੇ ਇਕ ਹੋਮ ਗਾਰਡ ਜਵਾਨ ਦੀ ਤਾਇਨਾਤੀ ਵੀ ਕਰ ਦਿੱਤੀ ਸੀ ਪਰ ਅੱਜ ਤੱਕ ਉਹ ਬੰਬ ਉਥੇ ਹੀ ਰੁਲ ਰਿਹਾ ਹੈ।
ਪੰਜਾਬ ਨਾਲ ਜੁੜੀਆਂ ਖਬਰਾਂ ਦੇਖਣ ਲਈ ਵੀਡੀਓ 'ਤੇ ਕਲਿਕ ਕਰੋ
NEXT STORY