ਜਲੰਧਰ, (ਚੋਪੜਾ)— ਜ਼ਿਲਾ ਕਾਂਗਰਸ ਸ਼ਹਿਰੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ ਮੌਕੇ ਕਾਂਗਰਸ ਭਵਨ ਵਿਚ ਪ੍ਰਧਾਨ ਦਲਜੀਤ ਆਹਲੂਵਾਲੀਆ ਦੀ ਪ੍ਰਧਾਨਗੀ ਹੇਠ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਸੂਬਾ ਕਾਂਗਰਸ ਦੇ ਮੀਤ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ। ਮੌਜੂਦ ਵਰਕਰਾਂ ਨੇ ਸਵ. ਗਾਂਧੀ ਦੀ ਤਸਵੀਰ 'ਤੇ ਫੁੱਲ ਭੇਟ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਅਵਤਾਰ ਹੈਨਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਆਜ਼ਾਦੀ ਤੋਂ ਲੈ ਕੇ ਅੱਜ ਤਕ ਗਾਂਧੀ ਪਰਿਵਾਰ ਦੇਸ਼ ਦੀ ਤਰੱਕੀ ਲਈ ਯਤਨਸ਼ੀਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਵ. ਗਾਂਧੀ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਆਪਣੀ ਜਾਨ ਤਕ ਵਾਰ ਦਿੱਤੀ। ਅੱਜ ਕੇਂਦਰ ਵਿਚ ਸੱਤਾਧਾਰੀ ਭਾਜਪਾ ਗਾਂਧੀ ਪਰਿਵਾਰ ਦੀਆਂ ਸ਼ਹਾਦਤਾਂ 'ਤੇ ਸਿਆਸਤ ਕਰ ਰਹੀ ਹੈ ਜੋ ਨਿੰਦਣਯੋਗ ਹੈ। ਹੈਨਰੀ ਨੇ ਕਿਹਾ ਕਿ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਨਾ ਹੀ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ। ਆਹਲੂਵਾਲੀਆ ਨੇ ਕਿਹਾ ਕਿ ਸਵ. ਗਾਂਧੀ ਵੱਲੋਂ ਦਿੱਤੀ ਗਈ ਕੁਰਬਾਨੀ ਸਦਕਾ ਹੀ ਅਸੀਂ ਸ਼ਾਂਤੀ ਨਾਲ ਰਹਿ ਰਹੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਪਹਿਲਾ ਪ੍ਰਮਾਣੂ ਪ੍ਰੀਖਣ ਕਰਵਾਉਣ ਦਾ ਸਿਹਰਾ ਵੀ ਸਵ. ਇੰਦਰਾ ਗਾਂਧੀ ਨੂੰ ਜਾਂਦਾ ਹੈ ਤੇ ਬੈਂਕਾਂ ਦਾ ਰਾਸ਼ਟਰੀਕਰਨ ਵੀ ਸਭ ਤੋਂ ਪਹਿਲਾਂ ਉਨ੍ਹਾਂ ਨੇ ਕੀਤਾ ਸੀ। ਇਸ ਮੌਕੇ ਸਾਬਕਾ ਵਿਧਾਇਕ ਜੋਗਿੰਦਰ ਨਾਥ, ਮਨਜਿੰਦਰ ਜੌਹਲ, ਅੰਮ੍ਰਿਤ ਖੋਸਲਾ, ਗੀਤ ਰਤਨ ਖਹਿਰਾ, ਸ਼੍ਰੀਕੰਠ ਜੱਜ, ਅਮਨਦੀਪ ਮਿੱਤਲ, ਰਾਜੇਸ਼ ਭੱਟੀ, ਅਸ਼ੋਕ ਗੁਪਤਾ, ਮਹਿਲਾ ਕਾਂਗਰਸ ਦੀ ਪ੍ਰਧਾਨ ਜਸਲੀਨ ਸੇਠੀ, ਬਲਰਾਜ ਠਾਕੁਰ, ਸਤਬੀਰ ਪਰਮਾਰ, ਹਰਕਿਸ਼ਨ ਬਾਵਾ, ਸਮੀਰ ਲੂੰਬਾ, ਕ੍ਰਿਸ਼ਨ ਕੁਮਾਰ ਗੁਲਾਟੀ, ਰਾਜ ਕੁਮਾਰ ਰਾਜੂ, ਹਰਜਿੰਦਰ ਸਿੰਘ ਲਾਡਾ, ਅਸ਼ੋਕ ਖੰਨਾ, ਨਵਨ ਸੇਠੀ, ਸ਼ਿਵ ਵਰਮਾ, ਹੈਰੀ ਜੱਜ, ਗੁਰਮੀਤ ਕੌਰ, ਜਸਵਿੰਦਰ ਕੌਰ ਬਾਜਵਾ, ਕਪਿਲ ਬੱਗਾ ਤੇ ਹੋਰ ਵੀ ਮੌਜੂਦ ਸਨ।
ਸ਼ਰਾਬ ਦੇ ਠੇਕਿਆਂ 'ਤੇ ਸੇਲਜ਼ਮੈਨਾਂ ਕੋਲੋਂ ਰਾਤ 2 ਵਜੇ ਤਕ ਲਿਆ ਜਾ ਰਿਹਾ ਕੰਮ : ਮਿੰਟੂ ਠਾਕੁਰ
NEXT STORY