ਚੰਡੀਗੜ੍ਹ (ਵਿਜੇ) - ਯੂ. ਟੀ. ਦੇ ਬਿਜਲੀ ਵਿਭਾਗ ਨੇ ਵਿੱਤੀ ਸਾਲ 2018-19 ਲਈ ਟੈਰਿਫ ਵਧਾਉਣ ਦਾ ਪ੍ਰਪੋਜ਼ਲ ਤਿਆਰ ਕਰ ਲਿਆ ਹੈ ਪਰ ਮਹਿੰਗੀ ਬਿਜਲੀ ਦੇਣ ਦੇ ਬਾਵਜੂਦ ਇਸ ਸਾਲ ਵੀ ਖਪਤਕਾਰਾਂ ਨੂੰ ਗਰਮੀਆਂ ਵਿਚ ਬਿਜਲੀ ਦੀ ਕਿੱਲਤ ਝੱਲਣੀ ਪਵੇਗੀ। ਇਸਦਾ ਕਾਰਨ ਹੈ ਕਿ ਜ਼ਰੂਰਤ ਦੇ ਹਿਸਾਬ ਨਾਲ ਚੰਡੀਗੜ੍ਹ ਕੋਲ ਇਸ ਸਮੇਂ ਬਿਜਲੀ ਮੌਜੂਦ ਨਹੀਂ ਹੈ।
ਜਾਣਕਾਰੀ ਅਨੁਸਾਰ 2018-19 ਲਈ ਅੰਦਾਜ਼ਨ ਪੀਕ ਮੰਗ 495 ਮੈਗਾਵਾਟ ਤਕ ਪਹੁੰਚ ਜਾਵੇਗੀ ਪਰ ਵਿਭਾਗ ਕੋਲ ਸਿਰਫ 366 ਮੈਗਾਵਾਟ ਬਿਜਲੀ ਹੀ ਮੌਜੂਦ ਹੈ। ਇਹੀ ਨਹੀਂ, ਪਿਛਲੇ ਸਾਲ ਬਿਜਲੀ ਦੀ ਮੰਗ ਨੇ ਸਾਰੇ ਰਿਕਾਰਡ ਤੋੜਦੇ ਹੋਏ 410 ਮੈਗਾਵਾਟ ਦਾ ਅੰਕੜਾ ਛੂਹ ਲਿਆ ਸੀ। ਗਰਮੀਆਂ ਵਿਚ ਪੀਕ ਆਵਰ ਵਿਚ ਬਿਜਲੀ ਦੀ ਮੰਗ ਦਾ ਅੰਤਰ ਕਾਫੀ ਜ਼ਿਆਦਾ ਹੋ ਜਾਂਦਾ ਹੈ, ਜਿਸ ਕਾਰਨ ਸ਼ਹਿਰ ਦੇ 2.17 ਲੱਖ ਖਪਤਕਾਰਾਂ ਨੂੰ ਬਿਜਲੀ ਦੇ ਅਣਐਲਾਨੇ ਕੱਟ ਲਈ ਪਹਿਲਾਂ ਤੋਂ ਹੀ ਤਿਆਰ ਰਹਿਣਾ ਹੋਵੇਗਾ।
ਹਾਲਤ ਇਸ ਲਈ ਹੋਰ ਵੀ ਖਰਾਬ ਹੈ ਕਿਉਂਕਿ ਬਿਜਲੀ ਵਿਭਾਗ ਹੁਣ ਤਕ ਵਾਧੂ ਬਿਜਲੀ ਦਾ ਕੋਈ ਇੰਤਜ਼ਾਮ ਨਹੀਂ ਕਰ ਸਕਿਆ ਹੈ। ਪਿਛਲੇ ਕੁਝ ਸਾਲਾਂ ਵਿਚ ਬਿਜਲੀ ਦੀ ਮੰਗ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਪਰ ਕਿਤੋਂ ਵੀ ਪੀਕ ਆਵਰ ਲਈ ਅਜਿਹਾ ਸਾਧਨ ਨਹੀਂ ਮਿਲ ਪਾ ਰਿਹਾ ਹੈ, ਜਿਥੋਂ ਹਰ ਗਰਮੀਆਂ ਵਿਚ ਬਿਜਲੀ ਮਿਲਦੀ ਰਹੇ।
ਲੋਡ ਡਿਕਲੇਅਰ ਬਣਿਆ ਵਿਭਾਗ ਦੀ ਅੜਚਨ
ਪ੍ਰਬੰਧਕੀ ਅਧਿਕਾਰੀਆਂ ਅਨੁਸਾਰ ਬਿਜਲੀ ਦੇ ਕੱਟ ਲੱਗਣ ਦਾ ਮੁੱਖ ਕਾਰਨ ਹੈ ਚੰਡੀਗੜ੍ਹ ਦੇ ਖਪਤਕਾਰਾਂ ਦਾ ਲੋਡ ਡਿਕਲੇਅਰ ਨਾ ਕਰਨਾ। ਬਿਜਲੀ ਵਿਭਾਗ ਦੇ ਸ਼ਹਿਰ ਵਿਚ 2 ਲੱਖ ਤੋਂ ਵੱਧ ਖਪਤਕਾਰ ਹਨ ਪਰ ਹਰ ਸਾਲ ਨਿਰਦੇਸ਼ ਜਾਰੀ ਕੀਤੇ ਜਾਣ ਦੇ ਬਾਵਜੂਦ ਲੋਕ ਬਿਜਲੀ ਦਾ ਲੋਡ ਡਿਕਲੇਅਰ ਨਹੀਂ ਕਰ ਰਹੇ ਹਨ, ਜਿਸ ਕਾਰਨ ਹਰ ਸਾਲ ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਇਹ ਅੰਦਾਜ਼ਾ ਲਾਉਣ ਵਿਚ ਮੁਸ਼ਕਲ ਹੁੰਦੀ ਹੈ ਕਿ ਸ਼ਹਿਰ ਵਿਚ ਬਿਜਲੀ ਦੀ ਕਿੰਨੀ ਮੰਗ ਹੋਵੇਗੀ। ਅਜੇ ਤਕ 10 ਹਜ਼ਾਰ ਤੋਂ ਵੀ ਘੱਟ ਖਪਤਕਾਰਾਂ ਨੇ ਵਿਭਾਗ ਕੋਲ ਲੋਡ ਡਿਕਲੇਅਰ ਕੀਤਾ ਹੈ।
ਜੂਨ 'ਚ ਸਭ ਤੋਂ ਜ਼ਿਆਦਾ ਮੰਗ
ਜਿਸ ਸਮੇਂ ਗਰਮੀ ਦਾ ਸੀਜ਼ਨ ਆਪਣੇ ਸਿਖਰ 'ਤੇ ਹੁੰਦਾ ਹੈ ਤਾਂ ਸ਼ਹਿਰ ਵਿਚ ਬਿਜਲੀ ਦੀ ਮੰਗ ਵੀ ਪੂਰੇ ਸਾਲ ਵਿਚ ਸਭ ਤੋਂ ਜ਼ਿਆਦਾ ਹੋ ਜਾਂਦੀ ਹੈ। ਜਾਣਕਾਰੀ ਅਨੁਸਾਰ ਜੂਨ ਦੇ ਮਹੀਨੇ ਵਿਚ ਪੀਕ ਆਵਰਸ ਦੌਰਾਨ ਇਹ ਮੰਗ 489 ਮੈਗਾਵਾਟ ਤਕ ਪ੍ਰਾਜੈਕਟ ਕੀਤੀ ਜਾ ਰਹੀ ਹੈ, ਜਦੋਂਕਿ ਸ਼ਹਿਰ ਨੂੰ ਉਸ ਸਮੇਂ 365 ਮੈਗਾਵਾਟ ਹੀ ਬਿਜਲੀ ਮਿਲਦੀ ਹੈ। ਉਥੇ ਹੀ ਮਈ ਵਿਚ ਵੀ ਮੰਗ 460 ਮੈਗਾਵਾਟ ਦੇ ਆਸ-ਪਾਸ ਰਹਿੰਦੀ ਹੈ ਪਰ ਚੰਡੀਗੜ੍ਹ ਕੋਲ ਪੀਕ ਆਵਰਸ ਲਈ 282 ਮੈਗਾਵਾਟ ਹੀ ਬਿਜਲੀ ਮੌਜੂਦ ਰਹੇਗੀ। ਸਤੰਬਰ ਵਿਚ ਵੀ ਪੀਕ ਆਵਰਸ ਵਿਚ ਬਿਜਲੀ ਦਾ ਗੈਪ 143 ਮੈਗਾਵਾਟ ਦੇ ਆਸ-ਪਾਸ ਪਹੁੰਚ ਜਾਵੇਗਾ। ਮਤਲਬ ਸਾਫ ਹੈ ਕਿ ਮਈ ਤੋਂ ਲੈ ਕੇ ਸਤੰਬਰ ਤਕ ਦਾ ਸਮਾਂ ਅਜਿਹਾ ਰਹੇਗਾ, ਜਦੋਂ ਸ਼ਹਿਰ ਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਬਿਜਲੀ ਦੀ ਕਿੱਲਤ ਝੱਲਣੀ ਪਵੇਗੀ।
ਦੱਖਣੀ ਸੈਕਟਰ ਹੋਣਗੇ ਪ੍ਰਭਾਵਿਤ
ਸ਼ਹਿਰ ਦੇ ਦੱਖਣੀ ਸੈਕਟਰ ਇਸ ਸਾਲ ਬਿਜਲੀ ਦੀ ਕਿੱਲਤ ਝੱਲਣ ਲਈ ਹੁਣ ਤੋਂ ਹੀ ਤਿਆਰ ਰਹਿਣ। ਪਿਛਲੇ ਸਾਲ ਜਦੋਂਕਿ ਹਾਲਾਤ ਥੋੜ੍ਹੇ ਕੰਟਰੋਲ ਵਿਚ ਸੀ ਤਾਂ ਵੀ ਸੈਕਟਰ-23, 24, 25, 37, 38, 40, 41, 43, 44, 48, 49 51 ਤੇ 53 ਸਮੇਤ ਸ਼ਹਿਰ ਦੀਆਂ ਕਾਲੋਨੀਆਂ ਵਿਚ ਕਈਆਂ ਘੰਟਿਆਂ ਦੇ ਕੱਟ ਲੱਗੇ ਸਨ। ਹੁਣ ਜਦੋਂਕਿ ਮੰਗ ਸਾਰੇ ਰਿਕਾਰਡ ਤੋੜਨ ਵਾਲੀ ਹੈ ਤਾਂ ਇਹ ਸੈਕਟਰ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ।
ਇਨ੍ਹਾਂ ਪ੍ਰਾਜੈਕਟਾਂ 'ਚ ਦੇਰੀ ਵਧਾਏਗੀ ਪ੍ਰੇਸ਼ਾਨੀ
ਸਮਾਰਟ ਗਰਿਡ
ਇਹ ਇਕ ਅਜਿਹਾ ਪ੍ਰੋਜੈਕਟ ਹੈ ਜਿਸ ਨਾਲ ਸ਼ਹਿਰ ਵਿਚ ਬਿਜਲੀ ਦੀ ਵਿਵਸਥਾ ਨੂੰ ਸਮਾਰਟ ਕੀਤਾ ਜਾ ਸਕਦਾ ਹੈ। ਜੁਆਇੰਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਜੇ. ਈ. ਆਰ. ਸੀ.) ਨੂੰ ਨਵੰਬਰ 2016 ਵਿਚ ਇਜਾਜ਼ਤ ਮਿਲ ਗਈ ਸੀ ਪਰ ਅਜੇ ਤਕ ਇਹ ਪ੍ਰਾਜੈਕਟ ਸ਼ੁਰੂ ਨਹੀਂ ਹੋ ਸਕਿਆ। ਇਸ ਪ੍ਰਾਜੈਕਟ ਤਹਿਤ ਸ਼ਹਿਰ ਵਿਚ ਸਮਾਰਟ ਮੀਟਰ ਲੱਗਣੇ ਹਨ ਤੇ ਸਕਾਡਾ ਜ਼ਰੀਏ ਬਿਜਲੀ ਦੀ ਚੋਰੀ ਹੋਣ ਤੋਂ ਵੀ ਬਚਾਇਆ ਜਾ ਸਕਦਾ ਹੈ।
ਅੰਡਰਗਰਾਊਂਡ ਕੇਬਲਿੰਗ
2016 ਵਿਚ ਹੀ ਬਿਜਲੀ ਵਿਭਾਗ ਨੇ ਸ਼ਹਿਰ ਦੀਆਂ ਸਾਰੀਆਂ ਤਾਰਾਂ ਨੂੰ ਅੰਡਰਗਰਾਊਂਡ ਕਰਨ ਦਾ ਪ੍ਰਾਜੈਕਟ ਲਿਆਂਦਾ ਸੀ ਪਰ ਅਜੇ ਤਕ ਇਸ ਪ੍ਰਾਜੈਕਟ ਲਈ ਬਿਜਲੀ ਵਿਭਾਗ ਕਿਸੇ ਕੰਪਨੀ ਨੂੰ ਵੀ ਫਾਇਨਲ ਨਹੀਂ ਕਰ ਸਕਿਆ ਹੈ। ਮਾਨਸੂਨ ਸੀਜ਼ਨ ਵਿਚ ਜਦੋਂਕਿ ਸਭ ਤੋਂ ਜ਼ਿਆਦਾ ਕੱਟ ਲਗਦੇ ਹਨ, ਉਸ ਸਮੇਂ ਅੰਡਰ ਗਰਾਊਂਡ ਕੇਬਲਿੰਗ ਦਾ ਪ੍ਰਾਜੈਕਟ ਖਪਤਕਾਰਾਂ ਨੂੰ ਕਾਫੀ ਰਾਹਤ ਦੇ ਸਕਦਾ ਹੈ।
ਹੱਲੋਮਾਜਰਾ ਦਾ ਸਬ-ਸਟੇਸ਼ਨ
2013 ਤੋਂ ਹੱਲੋਮਾਜਰਾ ਵਿਚ 220 ਕੇ. ਵੀ. ਦੇ ਸਬ-ਸਟੇਸ਼ਨ ਨੂੰ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਕਦੇ ਪਾਵਰ ਮਨਿਸਟਰੀ ਤਾਂ ਕਦੇ ਯੂ. ਟੀ. ਦੇ ਆਰਕੀਟੈਕਟ ਡਿਪਾਰਟਮੈਂਟ ਦੇ ਇਤਰਾਜ਼ ਲੱਗਣ ਤੋਂ ਬਾਅਦ ਆਲਮ ਇਹ ਹੋਇਆ ਕਿ ਅਜੇ ਵੀ ਇਹ ਸਬ-ਸਟੇਸ਼ਨ ਨਹੀਂ ਬਣ ਸਕਿਆ ਹੈ, ਉਥੇ ਹੀ ਅਧਿਕਾਰੀਆਂ ਅਨੁਸਾਰ ਅਗਲੇ ਸਾਲ ਤਕ ਹੀ ਇਹ ਸਬ-ਸਟੇਸ਼ਨ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਸਕੇਗਾ।
ਭਾਜਪਾ ਵੱਲੋਂ ਡੀ. ਸੀ. ਦਫਤਰ ਮੂਹਰੇ ਧਰਨਾ ਪ੍ਰਦਰਸ਼ਨ
NEXT STORY