ਮਾਨਸਾ : ਤਲਵੰਡੀ ਸਾਬੋ ਪਾਵਰ ਪਲਾਂਟ ਵੱਲੋਂ ਇਸ ਸਮੇਂ ਪੰਜਾਬ ਲਈ ਸਭ ਤੋਂ ਵੱਧ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਸੂਬੇ ਦੇ ਕਿਸਾਨਾਂ ਨੂੰ ਅੱਠ ਘੰਟੇ ਖੇਤੀ ਲਈ ਬਿਜਲੀ ਸਪਲਾਈ ਦੇਣੀ ਵੀ ਜਾਰੀ ਹੈ ਤਾਂ ਇਸ ਪਲਾਂਟ ਵੱਲੋਂ ਸਭ ਤੋਂ ਵੱਧ ਲਗਪਗ 1043 ਮੈਗਾਵਾਟ ਬਿਜਲੀ ਦੇਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਤਾਪ ਘਰ ਦੇ ਇਸ ਵੇਲੇ ਤਿੰਨੇ ਯੂਨਿਟ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਦੀ ਕੁੱਲ ਸਮਰੱਥਾ 1980 ਮੈਗਾਵਾਟ ਦੱਸੀ ਜਾ ਰਹੀ ਹੈ। ਵੇਰਵਿਆਂ ਅਨੁਸਾਰ ਮਾਨਸਾ ਜ਼ਿਲੇ ਵਿਚਲੇ ਤਲਵੰਡੀ ਸਾਬੋ ਪਾਵਰ ਪਲਾਟ ਵੱਲੋਂ ਇਸ ਵੇਲੇ 1043 ਮੈਗਾਵਾਟ ਬਿਜਲੀ ਦਿੱਤੀ ਜਾ ਰਹੀ ਹੈ, ਸੂਚਨਾ ਮੁਤਾਬਕ ਯੂਨਿਟ ਨੰਬਰ 1 ਵੱਲੋਂ 350 ਮੈਗਾਵਾਟ, ਯੂਨਿਟ ਨੰਬਰ 2 ਵੱਲੋਂ 337 ਮੈਗਾਵਾਟ ਅਤੇ ਯੂਨਿਟ ਨੰਬਰ 3 ਵੱਲੋਂ 356 ਮੈਗਾਵਾਟ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਤਲਵੰਡੀ ਸਾਬੋ ਪਾਵਰ ਪਲਾਂਟ ਦੇ ਸੀ. ਈ. ਓ. ਸੀ.ਐਨ. ਸਿੰਘ ਦਾ ਕਹਿਣਾ ਹੈ ਕਿ ਇਸ ਵੇਲੇ ਪਲਾਂਟ ਦੇ ਤਿੰਨੇ ਯੂਨਿਟ ਚੰਗੀ ਪੁਜ਼ੀਸ਼ਨ ਵਿਚ ਕੰਮ ਕਰ ਰਹੇ ਹਨ ਅਤੇ ਕੋਲੇ ਦੀ ਘਾਟ ਸਮੇਤ ਕਈ ਹੋਰ ਦਿੱਕਤਾਂ ਨਾਲ ਜੂਝਣ ਦੇ ਬਾਵਜੂਦ ਕਿਸਾਨਾਂ ਲਈ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਕੋਈ ਸਮੱਸਿਆ ਨਹੀਂ ਆਵੇਗੀ।
ਸੀ. ਈ. ਓ. ਨੇ ਕਿਹਾ ਕਿ ਪਲਾਂਟ ਦੇ ਪ੍ਰਬੰਧਕਾਂ ਵੱਲੋਂ ਵਿਆਪਕ ਬਿਜਲੀ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਪਲਾਂਟ ਬਿਲਕੁਲ ਪ੍ਰਦੂਸ਼ਣ ਰਹਿਤ ਹੈ, ਜਿਸ ਸਬੰਧੀ ਪੰਜਾਬ ਸਰਕਾਰ ਵੱਲੋਂ ਬਕਾਇਦਾ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਪਲਾਂਟ ਦੇ ਲੱਗਣ ਨਾਲ ਮਾਨਸਾ ਵਰਗੇ ਪੱਛੜੇ ਇਲਾਕੇ ਵਿਚ ਤਰੱਕੀ ਹੋਈ ਹੈ ਅਤੇ ਕਈ ਕਿਸਮ ਦੇ ਨਵੇਂ ਕਾਰੋਬਾਰ ਨੂੰ ਵੀ ਹੁਲਾਰਾ ਮਿਲਿਆ ਹੈ। ਇਸ ਦੌਰਾਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਕਾਰਪੋਰੇਸ਼ਨ ਕੋਲ ਬਿਜਲੀ ਸਮੱਸਿਆ ਨਾਲ ਨਜਿੱਠਣ ਲਈ ਇਸ ਵੇਲੇ ਪੂਰੇ ਪ੍ਰਬੰਧ ਕੀਤੇ ਹਨ।
ਉਨ੍ਹਾਂ ਕਿਹਾ ਕਿ ਕਿਸੇ ਵੀ ਸਮੱਸਿਆ ਦੇ ਅਚਾਨਕ ਖੜ੍ਹਾ ਹੋਣ ਨਾਲ ਅਕਸਰ ਲੋਕਾਂ ਨੂੰ ਤਕਲੀਫ ਤਾਂ ਹੁੰਦੀ ਹੈ ਪਰ ਪਾਵਰਕੌਮ ਕੋਲ ਅਜਿਹੀਆਂ ਤਕਲੀਫਾਂ ਦਾ ਬਦਲਵਾਂ ਬੰਦੋਬਸਤ ਹੈ ਜਿਸ ਕਰਕੇ ਝੋਨੇ ਦੇ ਸੀਜਨ ਦੌਰਾਨ ਖਪਤਕਾਰਾਂ ਨੂੰ ਕੋਈ ਵੀ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ।
ਮਸ਼ਰੂਮ ਦੀ ਖੇਤੀ ਨੇ ਬਦਲੀ ਹੁਸ਼ਿਆਰਪੁਰ ਦੇ ਇਨ੍ਹਾਂ ਭਰਾਵਾਂ ਦੀ ਕਿਸਮਤ (ਵੀਡੀਓ)
NEXT STORY