ਚੰਡੀਗੜ੍ਹ : ਗਮਾਡਾ ਤੋਂ ਬਾਅਦ ਹੁਣ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪਾਵਰਕਾਮ) ਬਾਂਡ ਰਾਹੀਂ 10 ਹਜ਼ਾਰ ਕਰੋੜ ਰੁਪਏ ਦੀ ਵੱਡੀ ਪੂੰਜੀ ਜੁਟਾਉਣ ਲਈ ਮਰਚੈਂਟ ਬੈਂਕਰ ਦੀ ਨਿਯੁਕਤੀ ਕਰਨ ਜਾ ਰਿਹਾ ਹੈ। ਪਾਵਰਕਾਮ ਵਲੋਂ ਮਰਚੈਂਟ ਬੈਂਕਰ ਨੂੰ ਵਿਚੋਲਗੀ ਫ਼ੀਸ ਵਜੋਂ 150 ਕਰੋੜ ਰੁਪਏ ਤੋਂ 177 ਕਰੋੜ ਰੁਪਏ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਗਮਾਡਾ ਨੂੰ ਇਹ ਮਨਜ਼ੂਰੀ ਦਿੱਤੀ ਸੀ, ਜਿਸ ਨੇ ਮਰਚੈਂਟ ਬੈਂਕਰ ਨੂੰ 191 ਕਰੋੜ ਰੁਪਏ ਦੀ ਫ਼ੀਸ ਦੇਣੀ ਹੈ। ਇਸ ਤੋਂ ਬਾਅਦ ਹੁਣ ਪਾਵਰਕਾਮ ਵੀ ਗਮਾਡਾ ਵਾਲੇ ਰਾਹ 'ਤੇ ਹੀ ਤੁਰਿਆ ਹੈ।
ਇਸ ਬਾਰੇ ਵੀ ਪਤਾ ਲੱਗਾ ਹੈ ਕਿ ਤਿੰਨ ਮਰਚੈਂਟ ਬੈਂਕਰਾਂ ਨੇ ਇਸ ਲਈ ਆਪਣੀ ਬੋਲੀ ਜਮ੍ਹਾਂ ਕਰਵਾਈ ਹੈ, ਜਿਨ੍ਹਾਂ 'ਚ ਟਰੱਸਟ ਇਨਵੈਸਟਮੈਂਟ ਐਡਵਾਈਜ਼ਰਜ਼, ਰੀਅਲ ਗਰੋਥ ਸਕਿਓਰਿਟੀਜ਼ ਪ੍ਰਾਈਵੇਟ ਲਿਮਟਿਡ ਅਤੇ ਏ. ਕੇ. ਕੈਪੀਟਲ ਸਰਿਵਿਸਿਜ਼ ਲਿਮਟਿਡ ਸ਼ਾਮਲ ਹਨ। ਇਹ ਸਾਰੇ ਅਦਾਰੇ ਸੇਬੀ ਕੋਲ ਰਜਿਸਟਰਡ ਹਨ। ਸਭ ਤੋਂ ਘੱਟ ਬੋਲੀ ਏ. ਕੇ. ਕੈਪੀਟਲ ਸਰਵਿਸਿਜ਼ ਨੇ ਲਾਈ ਹੈ, ਜਿਸ ਨੇ ਜੁਟਾਈ ਜਾਣ ਵਾਲੀ 10 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਦੀ ਡੇਢ ਫ਼ੀਸਦੀ ਵਿਚੋਲਗੀ ਫ਼ੀਸ ਮੰਗੀ ਹੈ, ਜੋ ਕਿ 150 ਕਰੋੜ ਬਣ ਜਾਂਦੀ ਹੈ। ਟਰੱਸਟ ਇਨਵੈਸਟਮੈਂਟ ਨੇ 173 ਕਰੋੜ ਰੁਪਏ ਅਤੇ ਰੀਅਲ ਗਰੋਥ ਸਕਿਓਰਿਟੀਜ਼ ਪ੍ਰਾਈਵੇਟ ਲਿਮਟਿਡ ਨੇ 177 ਕਰੋੜ ਰੁਪਏ ਫ਼ੀਸ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟੜ ਨੇ ਸੰਸਦ 'ਚ ਬਹਿਸ ਦੌਰਾਨ ਪਾਵਰਕਾਮ ਦੀ ਮਾੜੀ ਵਿੱਤੀ ਹਾਲਤ 'ਤੇ ਸਵਾਲ ਚੁੱਕੇ ਸਨ।
ਦੁਖਦਾਈ ਖਬਰ: ਸੁਨਹਿਰੇ ਭਵਿੱਖ ਲਈ ਕੈਨੇਡਾ ਗਏ 2 ਧੀਆਂ ਦੇ ਪਿਓ ਦੀ ਮੌਤ
NEXT STORY