ਮਾਲੇਰਕੋਟਲਾ (ਸ਼ਹਾਬੂਦੀਨ) : ਅੱਜ ਸਵੇਰੇ 10 ਵਜੇ ਦੇ ਕਰੀਬ ਸਥਾਨਕ ਨਾਭਾ-ਪਟਿਆਲਾ ਮੁੱਖ ਮਾਰਗ ‘ਤੇ ਬਣ ਰਹੇ ਦਿੱਲੀ ਤੋਂ ਜੰਮੂ ਕਟੜਾ ਰੋਡ ਦੇ ਪੁਲ ਹੇਠਾਂ ਵਾਪਰੇ ਭਿਆਨਕ ਸੜਕ ਹਾਦਸੇ ‘ਚ ਇੱਕ ਗਰਭਵਤੀ ਔਰਤ ਸਮੇਤ ਉਸਦੇ ਪੇਟ ‘ਚ ਪਲ ਰਹੇ ਕਰੀਬ 8 ਮਹੀਨਿਆਂ ਦੇ ਬੱਚੇ ਦੀ ਮੌਤ ਹੋ ਗਈ, ਜਦਕਿ ਮੋਟਰਸਾਇਕਲ ਚਲਾ ਰਹੇ ਉਕਤ ਮ੍ਰਿਤਕ ਔਰਤ ਦਾ ਪਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਤੁਰੰਤ ਮੌਕੇ ‘ਤੇ ਪੁੱਜੇ ਪਿੰਡ ਵਾਸੀਆਂ ਅਤੇ ਸਬੰਧੀਆਂ ਸਮੇਤ ਹੋਰ ਲੋਕਾਂ ਨੇ ਉਨ੍ਹਾਂ ਨੂੰ ਗੰਭੀਰ ਹਾਲਤ ‘ਚ ਸਥਾਨਕ ਹਜ਼ਰਤ ਹਲੀਮਾਂ ਹਸਪਤਾਲ ਵਿਖੇ ਪਹੁੰਚਾਇਆ, ਜਿਥੇ ਡਾਕਟਰਾਂ ਨੇ ਗਰਭਵਤੀ ਔਰਤ ਆਸਮਾਂ ਨੂੰ ਭਾਵੇਂ ਮ੍ਰਿਤਕ ਕਰਾਰ ਦੇ ਦਿੱਤਾ ਪਰ ਡਾਕਟਰਾਂ ਦੀ ਟੀਮ ਨੇ ਉਸਦੇ ਪੇਟ ‘ਚ ਪਲ ਰਹੇ ਬੱਚੇ (ਲੜਕੀ) ਨੂੰ ਬਚਾਉਣ ਲਈ ਤੁਰੰਤ ਮ੍ਰਿਤਕ ਆਸਮਾਂ ਦਾ ਆਪ੍ਰੇਸ਼ਨ ਕੀਤਾ ਗਿਆ। ਡਾਕਟਰਾਂ ਨੇ ਬੱਚੇ ਨੂੰ ਪੇਟ 'ਚੋਂ ਚੁੱਕ ਕੇ ਮੁੱਢਲੀ ਮੈਡੀਕਲ ਸਹਾਇਤਾ ਦੇਣ ਉਪਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਜਦਕਿ ਮ੍ਰਿਤਕਾ ਦੇ ਪਤੀ ਸਲਾਮਦੀਨ ਦੀਆਂ ਲੱਤਾਂ-ਬਾਹਾਂ ਬੁਰੀ ਤਰ੍ਹਾਂ ਕੁਚਲੀਆਂ ਜਾਣ ਕਾਰਨ ਉਸਦਾ ਹਜ਼ਰਤ ਹਲੀਮਾਂ ਹਸਪਤਾਲ ਵਿਖੇ ਹੀ ਇਲਾਜ ਚੱਲ ਰਿਹਾ ਹੈ। ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਡਾਕਟਰਾਂ ਦੀ ਟੀਮ ਨੇ ਬੱਚੀ ਨੂੰ ਬਚਾਉਣ ਲਈ ਕਾਫ਼ੀ ਜੱਦੋ-ਜਹਿਦ ਕੀਤੀ ਪਰ ਨਵ-ਜੰਮੀ ਬੱਚੀ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸਨੂੰ ਬਚਾਇਆ ਨਹੀਂ ਜਾ ਸਕਿਆ ਤੇ ਉਸਦੀ ਡੇਢ ਵਜੇ ਦੇ ਕਰੀਬ ਮੌਤ ਹੋ ਗਈ।
ਇਹ ਵੀ ਪੜ੍ਹੋ- ਪੈਦਲ ਜਾ ਰਹੇ 25 ਸਾਲਾ ਨੌਜਵਾਨ ਨੂੰ ਕਾਲ ਨੇ ਪਾਇਆ ਘੇਰਾ, ਇੰਝ ਆਵੇਗੀ ਮੌਤ ਕਦੇ ਸੋਚਿਆ ਨਾ ਸੀ
ਮਿਲੀ ਜਾਣਕਾਰੀ ਮੁਤਾਬਕ ਨੇੜਲੇ ਪਿੰਡ ਬਿੰਜੋਕੀ ਕਲਾਂ ਦਾ ਵਸਨੀਕ ਮੁਹੰਮਦ ਸਲਾਮਦੀਨ ਅੱਜ ਸਵੇਰੇ ਆਪਣੀ ਗਰਭਵਤੀ ਪਤਨੀ ਆਸਮਾਂ (ਕਰੀਬ 30) ਦਾ ਡਾਕਟਰੀ ਚੈਕਅੱਪ ਕਰਵਾਉਣ ਲਈ ਮੋਟਰਸਾਇਕਲ 'ਤੇ ਸਵਾਰ ਹੋ ਕੇ ਮਾਲੇਰਕੋਟਲਾ ਸ਼ਹਿਰ ਨੂੰ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਨਵੀਂ ਬਣ ਰਹੀ ਜੰਮੂ-ਕਟੜਾ ਸੜਕ ਦੇ ਉਸਾਰੀ ਅਧੀਨ ਪੁਲ ਕੋਲ ਪੁੱਜੇ ਤਾਂ ਉਕਤ ਸੜਕ ਦੇ ਸਾਮਾਨ ਦੀ ਢੋਆ-ਢੁਆਈ ‘ਚ ਲੱਗੇ ਇੱਕ ਟਿੱਪਰ ਦੇ ਚਾਲਕ ਨੇ ਤੇਜ਼ੀ ਨਾਲ ਜਦੋਂ ਟਿੱਪਰ ਗੱਡੀ ਨੂੰ ਘੁੰਮਾਇਆ ਤਾਂ ਅਚਾਨਕ ਲਪੇਟ 'ਚ ਆਏ ਮੋਟਰਸਾਈਕਲ ਨੂੰ ਬੁਰੀ ਤਰ੍ਹਾਂ ਘੜੀਸਦਾ ਹੋਇਆ ਟਿੱਪਰ ਉਕਤ ਮੋਟਰਸਾਈਕਲ ਨੂੰ ਕਾਫ਼ੀ ਦੂਰ ਤੱਕ ਲੈ ਗਿਆ। ਟਿੱਪਰ ਚਾਲਕ ਦੀ ਲਾਪ੍ਰਵਾਹੀ ਕਾਰਨ ਵਾਪਰੇ ਦਰਦਨਾਕ ਹਾਦਸੇ ਤੋਂ ਭੜਕੇ ਲੋਕਾਂ ਨੇ ਘਟਨਾ ਵਾਲੀ ਥਾਂ 'ਤੇ ਕਾਫ਼ੀ ਹੰਗਾਮਾ ਕੀਤਾ ਅਤੇ ਉਕਤ ਟਿੱਪਰ ਦੀ ਭੰਨ-ਤੋੜ ਕੀਤੀ। ਭੜਕੇ ਲੋਕਾਂ ਨੂੰ ਦੇਖ ਮੌਕੇ 'ਤੇ ਮੌਜੂਦ ਸੜਕ ਬਣਾਉਣ ਵਾਲੀ ਕੰਪਨੀ ਦੇ ਸਾਰੇ ਕਰਮਚਾਰੀ ਕੰਮ ਛੱਡ ਕੇ ਭੱਜ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਭਾਰੀ ਪੁਲਸ ਫੋਰਸ ਸਮੇਤ ਘਟਨਾ ਵਾਲੀ ਥਾਂ 'ਤੇ ਪੁੱਜੇ ਡੀ. ਐੱਸ. ਪੀ. ਅਮਰਗੜ੍ਹ ਗੁਰਇਕਬਾਲ ਸਿੰਘ, ਥਾਣਾ ਅਮਰਗੜ੍ਹ ਦੇ ਐੱਸ. ਐੱਚ. ਓ. ਹਰਸਿਮਰਨਜੀਤ ਸਿੰਘ ਸਮੇਤ ਹਿੰਮਤਾਨਾ ਪੁਲਸ ਚੌਂਕੀ ਦੇ ਇੰਚਾਰਜ ਗੁਰਮੁੱਖ ਸਿੰਘ ਲੱਡੀ ਨੇ ਭੜਕੇ ਹੋਏ ਲੋਕਾਂ ਨੂੰ ਸਮਝਾ ਕੇ ਸ਼ਾਂਤ ਕੀਤਾ।
ਇਹ ਵੀ ਪੜ੍ਹੋ- ਮੰਤਰੀ ਹਰਜੋਤ ਬੈਂਸ ਨੇ ਸਾਂਝੀ ਕੀਤੀ ਹਲਕਾ ਲੰਬੀ ਦੇ ਸਰਕਾਰੀ ਸਕੂਲ ਦੀ ਤਸਵੀਰ, ਨਾਲ ਹੀ ਕੀਤਾ ਵੱਡਾ ਐਲਾਨ
ਡੀ. ਐੱਸ. ਪੀ. ਅਮਰਗੜ੍ਹ ਗੁਰਇਕਬਾਲ ਸਿੰਘ ਨੇ ਗੱਲਬਾਤ ਦੌਰਾਨ ਆਸਮਾ ਅਤੇ ਉਸਦੀ ਨਵ ਜਨਮੀ ਬੱਚੀ ਦੀ ਮੌਤ ਹੋ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹਾਦਸਾਗ੍ਰਸਤ ਟਿੱਪਰ ਦਾ ਚਾਲਕ ਸਾਡੀ ਗ੍ਰਿਫ਼ਤ ‘ਚ ਹੈ। ਕਾਨੂੰਨੀ ਕਾਰਵਾਈ ਸਬੰਧੀ ਉਨ੍ਹਾਂ ਆਖਿਆ ਕਿ ਪੀੜਤ ਪਰਿਵਾਰ ਬਹੁਤ ਜ਼ਿਆਦਾ ਗਰੀਬ ਹੋਣ ਕਾਰਨ ਕਾਨੂੰਨੀ ਅਦਾਲਤੀ ਕਾਰਵਾਈ ਕਰਵਾਉਣ ਅਤੇ ਇਥੋਂ ਤੱਕ ਕਿ ਆਪਣਾ ਇਲਾਜ ਕਰਵਾਉਣ ਤੋਂ ਵੀ ਅਸਮਰੱਥ ਹੈ। ਓਧਰ ਮੌਕੇ ‘ਤੇ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕਿ ਪੀੜਤ ਪਰਿਵਾਰ ਮਿਹਨਤ-ਮਜ਼ਦੂਰੀ ਕਰਨ ਵਾਲਾ ਬਹੁਤ ਹੀ ਗਰੀਬ ਪਰਿਵਾਰ ਹੈ। ਹਸਪਤਾਲ ‘ਚ ਜ਼ੇਰੇ ਇਲਾਜ ਸਲਾਮਦੀਨ ਆਪਣੀ ਪਤਨੀ ਨਾਲ ਪੈਰਾਲਾਈਜ਼ ਅਟੈਕ ਕਾਰਨ ਕਾਫ਼ੀ ਲੰਬੇਂ ਸਮੇਂ ਤੋਂ ਮੰਜ਼ੇ ‘ਤੇ ਪਏ ਆਪਣੇ ਵੱਡੇ ਭਰਾ ਨਾਲ ਰਹਿੰਦਾ ਆ ਰਿਹਾ ਸੀ। ਸਲਾਮਦੀਨ ਇਕੱਲਾ ਹੀ ਖੇਤੀ ਮਜ਼ਦੂਰੀ ਕਰਕੇ ਆਪਣੇ ਤਿੰਨ ਮੈਂਬਰੀ ਪਰਿਵਾਰ ਦਾ ਗੁਜ਼ਾਰਾ ਕਰਦਾ ਆ ਰਿਹਾ ਸੀ।
ਇਹ ਵੀ ਪੜ੍ਹੋ- ਕਲਰਕ ਨੇ ਕੰਪਨੀ ਨਾਲ ਮਾਰੀ ਕਰੀਬ 7 ਕਰੋੜ ਦੀ ਠੱਗੀ, ਸੱਚ ਸਾਹਮਣੇ ਆਉਣ 'ਤੇ ਹੋਏ ਵੱਡੇ ਖ਼ੁਲਾਸੇ
ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਸਾਲਾ ਦੌਰਾਨ ਇਸ ਦੇ ਘਰ ਪੈਦਾ ਹੋਈ ਇੱਕ ਕੁੜੀ ਦੀ ਕਰੀਬ ਡੇਢ ਦੋ ਸਾਲ ਪਹਿਲਾਂ ਬੀਮਾਰੀ ਨਾਲ ਮੌਤ ਹੋ ਗਈ ਸੀ ਅਤੇ ਹੁਣ ਮੁੜ ਤੋਂ ਉਸਦੀ ਪਤਨੀ ਆਸਮਾਂ ਦੇ ਬੱਚਾ ਹੋਣਾ ਸੀ ਪਰ ਅੱਜ ਉਨ੍ਹਾਂ ਨਾਲ ਇਹ ਦਰਦਨਾਕ ਭਾਣਾ ਵਾਪਰ ਗਿਆ। ਜ਼ਿਕਰਯੋਗ ਹੈ ਕਿ ਪਹਿਲਾਂ ਹੀ ਭਾਰੀ ਗਰੀਬੀ ਤੇ ਦੁੱਖਾਂ ਨਾਲ ਜੂਝਦੇ ਆ ਰਹੇ ਕਿਸਮਤ ਮਾਰੇ ਇਸ ਪਰਿਵਾਰ ਨਾਲ ਅੱਜ ਵਾਪਰੇ ਇਸ ਦਰਦਨਾਕ ਹਾਦਸੇ ਕਾਰਨ ਪਿੱਛੇ ਰਹਿ ਗਏ ਦੋਵੇਂ ਭਰਾ ਹੁਣ ਦੁੱਖਾਂ ਦੀ ਉਸ ਡੂੰਘੀ ਖਾਈ ‘ਚ ਜਾ ਡਿੱਗੇ ਹਨ, ਜਿਥੇ ਦੁੱਖਾਂ-ਦਰਦਾਂ ਤੋਂ ਇਲਾਵਾ ਕੁਝ ਵੀ ਨਹੀਂ। ਅੱਜ ਦੀ ਇਸ ਘਟਨਾ ਨੇ ਜਿੱਥੇ ਪੂਰੇ ਬਿੰਜੋਕੀ ਪਿੰਡ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉੱਥੇ ਹੀ ਆਲੇ-ਦੁਆਲੇ ਦੇ ਪਿੰਡਾਂ 'ਚ ਵੀ ਇਸ ਘਟਨਾ ਨੂੰ ਲੈ ਕੇ ਭਾਰੀ ਸੋਗ ਦੀ ਲਹਿਰ ਦਿਖਾਈ ਦੇ ਰਹੀ ਸੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਬੱਚਿਆਂ ਦੇ ਸੰਪੂਰਨ ਵਿਕਾਸ ਲਈ ਮਾਪੇ ਧਿਆਨ 'ਚ ਰੱਖਣ ਇਹ ਗੱਲਾਂ, ਪੜ੍ਹਾਈ 'ਚ ਹਾਸਲ ਕਰਨਗੇ ਵੱਡਾ ਮੁਕਾਮ
NEXT STORY