ਲੁਧਿਆਣਾ(ਸਹਿਗਲ)-ਪ੍ਰਧਾਨ ਮੰਤਰੀ ਵੱਲੋਂ ਲੰਦਨ 'ਚ ਇਕ ਭਾਸ਼ਣ ਦੌਰਾਨ ਭਾਰਤ ਦੇ ਡਾਕਟਰਾਂ 'ਤੇ ਕੀਤੀ ਗਈ ਟਿੱਪਣੀ ਨਾਲ ਦੇਸ਼ ਭਰ 'ਚ ਰੋਸ ਪੈਦਾ ਹੋ ਗਿਆ ਹੈ, ਜਿਸ ਸਬੰਧੀ ਦੇਸ਼ ਦੇ ਕਈ ਹਿੱਸਿਆਂ 'ਚ ਡਾਕਟਰਾਂ ਨੇ ਰੋਸ ਪ੍ਰਦਰਸ਼ਨ ਕਰ ਕੇ ਆਪਣਾ ਗੁੱਸਾ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਵੱਲੋਂ ਡਾਕਟਰਾਂ ਅਤੇ ਦਵਾਈ ਕੰਪਨੀਆਂ ਨਾਲ ਗੱਠਜੋੜ ਨਾਲ ਕਮਿਸ਼ਨ ਅਤੇ ਵਿਦੇਸ਼ਾਂ ਦੇ ਟੂਰ ਲਾਉਣ 'ਤੇ ਵਿਅੰਗ ਕੱਸਿਆ ਗਿਆ, ਜਿਸ ਨੂੰ ਡਾਕਟਰਾਂ ਨੇ ਵਿਸ਼ਵ 'ਚ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਡਾਕਟਰਾਂ ਦਾ ਅਕਸ ਖਰਾਬ ਕਰਨ ਦਾ ਦੋਸ਼ ਲਾਇਆ ਹੈ। ਅੱਜ ਇਸ ਵਿਸ਼ੇ ਸਬੰਧੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਸਥਾਨਕ ਸ਼ਾਖਾ ਦੇ ਡਾਕਟਰਾਂ ਨੇ ਰੋਸ ਰੈਲੀ ਦਾ ਆਯੋਜਨ ਕੀਤਾ। ਆਈ. ਐੱਮ. ਏ. ਦੇ ਪ੍ਰਧਾਨ ਅਰੁਣ ਗੁਪਤਾ, ਸਾਬਕਾ ਪ੍ਰਧਾਨ ਡਾ. ਮਨੋਜ ਸੋਬਤੀ, ਸਕੱਤਰ ਡਾ. ਸਰੋਜ ਅਗਰਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਖੁਦ ਆਪਣੇ ਢੰਗ ਦੇ ਹੈਲਥ ਕੇਅਰ ਸਿਸਟਮ ਦਾ ਅਕਸ ਖਰਾਬ ਕੀਤੀ ਹੈ। 99 ਫੀਸਦੀ ਡਾਕਟਰ ਈਮਾਨਦਾਰੀ ਨਾਲ ਕੰਮ ਕਰ ਰਹੇ ਹਨ ਅਤੇ ਉਹ ਜੈਨਰਿਕ ਦਵਾਈਆਂ ਨੂੰ ਪ੍ਰਮੋਟ ਕਰਨ ਲਈ ਤਿਆਰ ਹਨ ਪਰ ਸਰਕਾਰ ਡਾਕਟਰਾਂ ਨੂੰ ਇਨ੍ਹਾਂ ਦਵਾਈਆਂ ਦੀ ਕੁਆਲਿਟੀ ਪ੍ਰਤੀ ਯਕੀਨ ਦਿਵਾਵੇ।
ਨਾ ਪ੍ਰਾਈਸ ਕੰਟਰੋਲ ਅਤੇ ਨਾ ਹੀ ਕੁਆਲਿਟੀ ਟੈਸਟਿੰਗ
ਰੋਸ ਰੈਲੀ ਕੱਢ ਰਹੇ ਡਾਕਟਰਾਂ ਦਾ ਕਹਿਣਾ ਸੀ ਕਿ ਦਵਾਈਆਂ ਦੇ ਮੁੱਲ 'ਤੇ ਨਿਯੰਤਰਨ ਕਰਨਾ ਸਰਕਾਰ ਦੇ ਹੱਥ ਵਿਚ ਹੈ, ਜੋ ਉਹ ਨਹੀਂ ਕਰ ਰਹੀ ਅਤੇ ਮਾਤਰ 1 ਫੀਸਦੀ ਦਵਾਈਆਂ ਦੀ ਕੁਆਲਿਟੀ ਸਰਕਾਰ ਵਲੋਂ ਜਾਂਚੀ ਜਾਂਦੀ ਹੈ। ਇਸ ਦੌਰਾਨ ਡਾਕਟਰ ਅੱਖਾਂ ਬੰਦ ਕਰ ਕੇ ਜੈਨਰਿਕ ਦਵਾਈਆਂ ਕਿਵੇਂ ਲਿਖ ਦੇਣ। ਐਸੋਸੀਏਸ਼ਨ ਦੇ ਪਾਸਟ ਪ੍ਰੈਜ਼ੀਡੈਂਟ ਡਾ. ਅਵਿਨਾਸ਼ ਜਿੰਦਲ ਨੇ ਕਿਹਾ ਕਿ ਜੈਨਰਿਕ ਦਵਾਈਆਂ ਦੀ ਕੁਆਲਿਟੀ ਪ੍ਰਤੀ ਡਾਕਟਰ ਜਾਗਰੂਕ ਹੋਣਗੇ। ਤਦ ਉਹ ਮਰੀਜ਼ਾਂ ਲਈ ਦਵਾਈ ਲਿਖਣਗੇ, ਨਹੀਂ ਤਾਂ ਇਹ ਮਰੀਜ਼ਾਂ ਦੇ ਨਾਲ ਧੋਖਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਹੀ ਦਵਾਈ ਕੰਪਨੀਆਂ ਨੂੰ ਅਸੀਮਤ ਲਾਭ ਦੀ ਛੋਟ ਦੇ ਰਹੀ ਹੈ। ਕੀ ਇਹ ਲੋਕਾਂ ਦੇ ਨਾਲ ਧੋਖਾ ਨਹੀਂ ਹੈ। ਦਵਾਈ ਦੀਆਂ ਕੀਮਤਾਂ ਸਰਕਾਰ ਨੇ ਕੰਟਰੋਲ ਕਰਨੀਆਂ ਹਨ, ਡਾਕਟਰਾਂ ਨੇ ਨਹੀਂ। ਰੈਲੀ ਦੇ ਬਾਅਦ ਡਾਕਟਰਾਂ ਦੇ ਵਫਦ ਨੇ ਜ਼ਿਲਾ ਕਮਿਸ਼ਨਰ ਪ੍ਰਦੀਪ ਅਗਰਵਾਲ ਨਾਲ ਗੱਲਬਾਤ ਕੀਤੀ ਅਤੇ ਆਪਣੇ ਰੋਸ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ।
ਰੈਲੀ 'ਚ ਉਪਰੋਕਤ ਤੋਂ ਇਲਾਵਾ ਡਾ. ਪੀ. ਐੱਸ. ਜੱਸਲ, ਡਾ. ਜੀ. ਪੀ. ਸਿੰਘ ਅਰੋੜਾ, ਡਾ. ਆਸ਼ੀਸ਼ ਸਕਸੈਨਾ, ਡਾ. ਗਗਨਦੀਪ, ਡਾ. ਅਜੀਤ ਸਿੰਘ ਚਾਵਲਾ ਅਤੇ ਡਾ. ਅਨਖਵੀਰ ਸਿੰਘ ਸ਼ਾਮਲ ਸਨ।
ਪੁਲਸ ਨੇ 2 ਔਰਤਾਂ ਸਮੇਤ 4 ਨੂੰ ਭੁੱਕੀ ਸਣੇ ਕੀਤਾ ਕਾਬੂ
NEXT STORY